ਮੋਹਾਲੀ - ਟੀਮ ਇੰਡੀਆ ਨੇ ਮੋਹਾਲੀ ਟੈਸਟ ਦੇ ਦੂਜੇ ਦਿਨ ਦਾ ਖੇਡ ਖਤਮ ਹੋਣ ਤਕ 6 ਵਿਕਟ ਗਵਾ ਕੇ 271 ਰਨ ਬਣਾ ਲਏ ਸਨ। ਟੀਮ ਇੰਡੀਆ ਇੱਕ ਸਮੇਂ ਖਰਾਬ ਸਥਿਤੀ 'ਚ ਸੀ ਪਰ ਫਿਰ ਅਸ਼ਵਿਨ ਅਤੇ ਜਡੇਜਾ ਨੇ ਮਿਲਕੇ ਟੀਮ ਇੰਡੀਆ ਦੀ ਪਾਰੀ ਨੂੰ ਸੰਭਾਲਿਆ। 

  

 

ਵਿਰਾਟ-ਪੁਜਾਰਾ ਦੀ ਪਾਰਟਨਰਸ਼ਿਪ 

 

ਟੀਮ ਇੰਡੀਆ ਨੂੰ ਸ਼ੁਰੂਆਤੀ ਖੇਡ ਦੌਰਾਨ ਪਹਿਲਾ ਝਟਕਾ ਜਲਦੀ ਹੀ ਲੱਗਾ ਜਦ ਮੁਰਲੀ ਵਿਜੈ 12 ਰਨ ਬਣਾ ਕੇ ਆਪਣਾ ਵਿਕਟ ਗਵਾ ਬੈਠੇ। ਇਸਤੋਂ ਬਾਅਦ ਦੂਜੇ ਸੈਸ਼ਨ ਦੌਰਾਨ ਪਾਰਥੀਵ ਪਟੇਲ ਵੀ 42 ਰਨ ਬਣਾ ਕੇ ਆਊਟ ਹੋ ਗਏ। ਟੀਮ ਇੰਡੀਆ 73 ਰਨ 'ਤੇ 2 ਵਿਕਟ ਗਵਾ ਚੁੱਕੀ ਸੀ। ਇਸਤੋਂ ਬਾਅਦ ਚੇਤੇਸ਼ਵਰ ਪੁਜਾਰਾ ਅਤੇ ਵਿਰਾਟ ਕੋਹਲੀ ਨੇ ਅਰਧ-ਸੈਂਕੜੇ ਜੜ ਟੀਮ ਇੰਡੀਆ ਨੂੰ ਸੰਭਾਲਿਆ। ਪੁਜਾਰਾ ਨੇ 51 ਰਨ ਦੀ ਪਾਰੀ ਖੇਡੀ ਜਦਕਿ ਕਪਤਾਨ ਵਿਰਾਟ ਕੋਹਲੀ ਨੇ 62 ਰਨ ਬਣਾਏ। ਅਜਿੰਕਿਆ ਰਹਾਣੇ ਬਿਨਾ ਖਾਤਾ ਖੋਲੇ ਹੀ ਆਊਟ ਹੋ ਗਏ। 

  

 

ਅਸ਼ਵਿਨ-ਜਡੇਜਾ ਹਿਟ 

 

ਟੀਮ ਇੰਡੀਆ ਨੂੰ ਜਦ 204 ਰਨ 'ਤੇ 6ਵਾਂ ਝਟਕਾ ਲੱਗਾ ਤਾਂ ਟੀਮ ਇੰਡੀਆ ਖਰਾਬ ਸਥਿਤੀ 'ਚ ਨਜਰ ਆ ਰਹੀ ਸੀ। ਪਰ ਫਿਰ ਟੀਮ ਇੰਡੀਆ ਨੂੰ ਅਸ਼ਵਿਨ ਅਤੇ ਜਡੇਜਾ ਨੇ ਮਿਲਕੇ ਸੰਭਾਲਿਆ। ਅਸ਼ਵਿਨ ਨੇ ਅਰਧ-ਸੈਂਕੜਾ ਠੋਕਿਆ ਜਦਕਿ ਜਡੇਜਾ ਨੇ ਦਿਨ ਦਾ ਖੇਡ ਖਤਮ ਹੋਣ ਤਕ ਨਾਬਾਦ 31 ਰਨ ਬਣਾ ਲਏ ਸਨ। ਦੋਨਾ ਨੇ ਮਿਲਕੇ 7ਵੇਂ ਵਿਕਟ ਲਈ 67 ਰਨ ਦੀ ਨਾਬਾਦ ਪਾਰਟਨਰਸ਼ਿਪ ਕਰ ਲਈ ਸੀ। ਅਸ਼ਵਿਨ ਅਤੇ ਜਡੇਜਾ ਦੇ ਆਸਰੇ ਟੀਮ ਇੰਡੀਆ ਦੂਜੇ ਦਿਨ ਦੇ ਖੇਡ ਦੌਰਾਨ ਹੀ ਇੰਗਲੈਂਡ ਦੇ ਸਕੋਰ ਦੀ ਬਰਾਬਰੀ ਦੇ ਨੇੜ ਪਹੁੰਚ ਗਈ। ਫਿਲਹਾਲ ਟੀਮ ਇੰਡੀਆ ਇੰਗਲੈਂਡ ਤੋਂ 12 ਰਨ ਪਿੱਛੇ ਹੈ। ਪੁਜਾਰਾ, ਵਿਰਾਟ ਅਤੇ ਅਸ਼ਵਿਨ ਦੇ ਅਰਧ-ਸੈਂਕੜੇਆਂ ਆਸਰੇ ਟੀਮ ਇੰਡੀਆ ਨੇ ਇੰਗਲੈਂਡ 'ਤੇ ਦਬਾਅ ਬਣਾ ਲਿਆ ਹੈ।