ਵਿਸ਼ਾਖਾਪਟਨਮ - ਟੀਮ ਇੰਡੀਆ ਨੇ ਇੰਗਲੈਂਡ ਖਿਲਾਫ ਵਿਸ਼ਾਖਾਪਟਨਮ ਟੈਸਟ ਦੇ ਦੂਜੇ ਦਿਨ ਖਰਾਬ ਸ਼ੁਰੂਆਤ ਕੀਤੀ। ਟੀਮ ਨੇ ਕਪਤਾਨ ਵਿਰਾਟ ਕੋਹਲੀ ਸਮੇਤ 3 ਵਿਕਟ ਗਵਾਏ। ਪਰ ਪਹਿਲਾ ਸੈਸ਼ਨ ਖਤਮ ਹੋਣ ਤਕ ਅਸ਼ਵਿਨ ਅਤੇ ਜਯੰਤ ਯਾਦਵ ਨੇ ਟੀਮ ਇੰਡੀਆ ਨੂੰ 400 ਰਨ ਦੇ ਪਾਰ ਪਹੁੰਚਾ ਦਿੱਤਾ। 

  

 

ਵਿਰਾਟ ਦੀ ਕਪਤਾਨੀ ਪਾਰੀ 

 

ਵਿਰਾਟ ਕੋਹਲੀ ਨੇ 267 ਗੇਂਦਾਂ 'ਤੇ 167 ਰਨ ਦੀ ਪਾਰੀ ਖੇਡੀ। ਵਿਰਾਟ ਦੀ ਪਾਰੀ 'ਚ 18 ਚੌਕੇ ਸ਼ਾਮਿਲ ਸਨ। ਵਿਰਾਟ ਕੋਹਲੀ ਨੇ ਚੇਤੇਸ਼ਵਰ ਪੁਜਾਰਾ ਨਾਲ ਮਿਲਕੇ ਤੀਜੇ ਵਿਕਟ ਲਈ 226 ਰਨ ਦੀ ਪਾਰਟਨਰਸ਼ਿਪ ਕੀਤੀ। ਵਿਰਾਟ ਕੋਹਲੀ ਨੇ ਆਪਣਾ ਸੈਂਕੜਾ 154 ਗੇਂਦਾਂ 'ਤੇ ਪੂਰਾ ਕੀਤਾ। ਪਹਿਲੇ ਦਿਨ ਦਾ ਖੇਡ ਖਤਮ ਹੋਣ ਤਕ ਵਿਰਾਟ ਕੋਹਲੀ 151 ਰਨ ਬਣਾ ਕੇ ਨਾਬਾਦ ਰਹੇ। ਪਰ ਦੂਜੇ ਦਿਨ ਵਿਰਾਟ ਆਪਣੀ ਪਾਰੀ ਨੂੰ ਜਾਦਾ ਅੱਗੇ ਨਹੀਂ ਵਧਾ ਸਕੇ। ਇਹ ਵਿਰਾਟ ਕੋਹਲੀ ਦਾ ਟੈਸਟ ਮੈਚਾਂ 'ਚ 14ਵਾਂ ਸੈਂਕੜਾ ਹੈ।

  

 

ਅਸ਼ਵਿਨ-ਯਾਦਵ ਡਟੇ 

 

ਟੀਮ ਇੰਡੀਆ ਨੂੰ ਵਿਰਾਟ ਕੋਹਲੀ ਅਤੇ ਅਸ਼ਵਿਨ ਨੇ ਮਿਲਕੇ 350 ਰਨ ਦੇ ਪਾਰ ਪਹੁੰਚਾਇਆ। ਪਰ ਫਿਰ ਟੀਮ ਇੰਡੀਆ ਨੇ 12 ਰਨ ਵਿਚਾਲੇ 3 ਵਿਕਟ ਗਵਾ ਦਿੱਤੇ। ਵਿਰਾਟ ਤੋਂ ਬਾਅਦ ਸਾਹਾ (3) ਅਤੇ ਜਡੇਜਾ (0) ਦੇ ਵਿਕਟ ਡਿੱਗੇ। ਰਵੀਚੰਦਰਨ ਅਸ਼ਵਿਨ ਅਤੇ ਡੈਬਿਊ ਕਰ ਰਹੇ ਜਯੰਤ ਯਾਦਵ ਨੇ ਮਿਲਕੇ ਭਾਰਤੀ ਪਾਰੀ ਨੂੰ ਸੰਭਾਲਿਆ। ਲੰਚ ਵੇਲੇ ਤਕ ਦੋਨਾ ਨੇ ਮਿਲਕੇ ਭਾਰਤ ਨੂੰ 415 ਰਨ ਤਕ ਪਹੁੰਚਾ ਦਿੱਤਾ ਸੀ। ਅਸ਼ਵਿਨ 47 ਰਨ ਬਣਾ ਕੇ ਖੇਡ ਰਹੇ ਸਨ ਜਦਕਿ ਯਾਦਵ ਨੇ 26 ਰਨ ਬਣਾ ਲਏ ਸਨ।