ਕਾਨਪੁਰ - ਟੀਮ ਇੰਡੀਆ ਦੇ ਸਪਿਨ ਗੇਂਦਬਾਜ਼ ਰਵੀਚੰਦਰਨ ਅਸ਼ਵਿਨ ਨੇ ਟੈਸਟ ਕ੍ਰਿਕਟ 'ਚ ਆਪਣੇ 200 ਵਿਕਟ ਪੂਰੇ ਕਰ ਲਏ ਹਨ। ਟੈਸਟ ਕ੍ਰਿਕਟ 'ਚ ਵਿਕਟਾਂ ਦਾ ਦੋਹਰਾ ਸੈਂਕੜਾ ਪੂਰਾ ਕਰਨ 'ਚ ਅਸ਼ਵਿਨ ਵਿਸ਼ਵ ਦੇ ਕਈ ਗੇਂਦਬਾਜ਼ਾਂ ਨੂੰ ਪਿਛੇ ਛਡ ਦਿੱਤਾ। ਅਸ਼ਵਿਨ ਇਸ ਅੰਕੜੇ ਤਕ ਪਹੁੰਚਣ ਲਈ ਸਭ ਤੋਂ ਘਟ ਟੈਸਟ ਖੇਡਣ ਦੀ ਲਿਸਟ 'ਚ ਦੂਜੇ ਨੰਬਰ 'ਤੇ ਹਨ।
ਅਸ਼ਵਿਨ ਨੇ ਐਤਵਾਰ ਨੂੰ ਵਿਲੀਅਮਸਨ ਨੂੰ ਆਊਟ ਕਰ ਆਪਣੇ ਕਰੀਅਰ ਦਾ 200ਵਾਂ ਵਕਤ ਹਾਸਿਲ ਕੀਤਾ। ਅਸ਼ਵਿਨ ਨੇ ਇਹ ਕਾਰਨਾਮਾ 37 ਟੈਸਟ ਮੈਚਾਂ 'ਚ ਪੂਰਾ ਕੀਤਾ। 200 ਵਿਕਟਾਂ ਹਾਸਿਲ ਕਰਨ ਵਾਲੇ ਗੇਂਦਬਾਜ਼ਾਂ ਦੀ ਲਿਸਟ 'ਚ ਇਸ ਅੰਕੜੇ ਤਕ ਸਭ ਤੋਂ ਜਲਦੀ ਪਹੁੰਚਣ ਵਾਲੇ ਗੇਂਦਬਾਜ਼ ਸਨ ਆਸਟ੍ਰੇਲੀਆ ਦੇ ਕਲੈਰੀ ਗਰੀਮੈਟ। ਆਸਟ੍ਰੇਲੀਆ ਦੇ ਗੇਂਦਬਾਜ਼ ਨੇ ਇਹ ਕਮਾਲ 36 ਮੈਚਾਂ 'ਚ ਕੀਤਾ ਸੀ।
ਅਸ਼ਵਿਨ ਤੋਂ ਪਹਿਲਾਂ ਟੀਮ ਇੰਡੀਆ ਲਈ ਸਭ ਤੋਂ ਜਲਦੀ 200 ਵਿਕਟਾਂ ਤਕ ਪਹੁੰਚਣ ਵਾਲੇ ਗੇਂਦਬਾਜ਼ ਹਰਭਜਨ ਸਿੰਘ ਸਨ। ਭੱਜੀ ਨੇ 46 ਟੈਸਟ ਮੈਚਾਂ 'ਚ 200 ਵਿਕਟ ਹਾਸਿਲ ਕੀਤੇ ਸਨ। ਅਸ਼ਵਿਨ ਨੇ ਆਪਣੇ ਕਰੀਅਰ ਦੌਰਾਨ ਹੁਣ ਤਕ ਕੁਲ 18 ਵਾਰ ਪਾਰੀ 'ਚ 5 ਵਿਕਟ ਝਟਕੇ ਹਨ ਅਤੇ 4 ਵਾਰ ਮੈਚ 'ਚ 10 ਵਿਕਟ ਲੈਣ ਦਾ ਕਮਾਲ ਕੀਤਾ ਹੈ। ਟੀਮ ਇੰਡੀਆ ਦੇ ਪਿਛਲੇ ਕੁਝ ਸਮੇਂ 'ਚ ਟੈਸਟ ਮੈਚਾਂ 'ਚ ਕੀਤੇ ਕਮਾਲ 'ਚ ਅਸ਼ਵਿਨ ਦਾ ਵੱਡਾ ਯੋਗਦਾਨ ਰਿਹਾ ਹੈ। ਅਸ਼ਵਿਨ ਨੇ ਲਗਾਤਾਰ ਬੱਲੇ ਨਾਲ ਵੀ ਕਮਾਲ ਕੀਤੇ ਹਨ ਅਤੇ ਹੁਣ ਟੀਮ ਇੰਡੀਆ ਅਸ਼ਵਿਨ ਬਿਨਾ ਅਧੂਰੀ ਲਗਦੀ ਹੈ।