ਏਸ਼ੀਆਡ 2018: ਹੁਣ ਤਕ ਭਾਰਤ ਦੀ ਝੋਲੀ ਕੁੱਲ 50 ਤਗ਼ਮੇ
ਏਬੀਪੀ ਸਾਂਝਾ | 29 Aug 2018 09:56 AM (IST)
ਜਕਾਰਤਾ: ਮੰਗਲਵਾਰਨੂੰ ਏਸ਼ੀਅਨ ਖੇਡਾਂ ਵਿੱਚ ਭਾਰਤੀ ਖਿਡਾਰੀਆਂ ਨੇ ਲਾਜਵਾਬ ਪ੍ਰਦਰਸ਼ਨ ਕੀਤਾ। 10ਵੇਂ ਦਿਨ ਭਾਰਤ ਦੀ ਝੋਲੀ ਕੁੱਲ 9 ਤਗਮੇ ਪਏ। ਭਾਰਤ ਹੁਣ ਤਕ 9 ਗੋਲਡ ਮੈਡਲ, 19 ਸਿਲਵਰ ਤੇ 22 ਕਾਂਸੀ ਦੇ ਤਗਮੇ ਹਾਸਲ ਕਰ, ਕੁੱਲ 50 ਮੈਡਲ ਜਿੱਤ ਚੁੱਕਾ ਹੈ। ਖੇਡਾਂ ਵਿੱਚ ਭਾਰਤ ਨੇ ਮੈਡਲਾਂ ਦੀ ਗਿਣਤੀ ਵਿੱਚ ਅਰਧ-ਸੈਂਕੜਾ ਪੂਰਾ ਕਰ ਲਿਆ ਹੈ। ਪੁਰਸ਼ਾਂ ਦੀ 800m ਦੌੜ ਵਿੱਚ ਭਾਰਤ ਲਈ ਮਨਜੀਤ ਸਿੰਘ ਤੇ ਜਿਨਸਨ ਜੌਨਸਨ ਨੇ ਕਮਾਲ ਦਾ ਪ੍ਰਦਰਸ਼ਨ ਕਰਦਿਆਂ ਇਸ ਈਵੈਂਟ ਵਿੱਚ ਭਾਰਤ ਦੇ ਖਾਤੇ ਸੋਨਾ ਤੇ ਚਾਂਦੀ ਦੇ ਤਗਮੇ ਪਾਏ। ਮਨਜੀਤ ਸਿੰਘ ਨੇ 1.46.15 ਦੇ ਸਮੇਂ ਨਾਲ ਗੋਲਡ ਮੈਡਲ ਹਾਸਲ ਕੀਤਾ, ਜਦਕਿ ਜਿਨਸਨ ਜੌਨਸਨ ਨੇ 1.46.35 ਦੇ ਸਮੇਂ ਨਾਲ ਚਾਂਦੀ ਦਾ ਤਗਮਾ ਜਿੱਤਿਆ। ਅਥਲੈਟਿਕਸ ਵਿੱਚ ਹੀ 4 ਗੁਣਾ 400m ਮਿਕਸਡ ਟੀਮ ਦੌੜ ਵਿੱਚ ਵੀ ਭਾਰਤ ਨੂੰ ਚਾਂਦੀ ਦਾ ਤਗਮਾ ਹਾਸਲ ਹੋਇਆ। ਇਸ ਈਵੈਂਟ ਵਿੱਚ ਮੋਹੰਮਦ ਅਨਾਸ, ਰਾਜੀਵ ਅਰੋਕੀਆ, ਹਿਮਾ ਦਾਸ ਅਤੇ ਐਮਆਰ ਪੂਵਮਾ ਨੇ ਭਾਰਤ ਦੀ ਦਾਵੇਦਾਰੀ ਪੇਸ਼ ਕੀਤੀ। ਭਾਰਤੀ ਮਿਕਸਡ ਟੀਮ ਨੇ ਚਾਂਦੀ ਦਾ ਤਗਮਾ ਆਪਣੇ ਨਾਂ ਕੀਤਾ। ਮੰਗਲਵਾਰ ਨੂੰ ਤੀਰਅੰਦਾਜ਼ੀ ਵਿੱਚ ਮਹਿਲਾਵਾਂ ਦੇ ਟੀਮ ਕੰਪਾਊਂਡ ਈਵੈਂਟ ਤੇ ਪੁਰਸ਼ਾਂ ਦੇ ਟੀਮ ਕੰਪਾਊਂਡ ਈਵੈਂਟ ਵਿੱਚ ਵੀ ਭਾਰਤ ਨੂੰ ਚਾਂਦੀ ਦੇ ਤਗਮੇ ਹਾਸਲ ਹੋਏ। ਮੁਸਕਾਨ ਕਿਰਾਰ, ਮਧੂਮਿਤਾ ਕੁਮਾਰੀ ਤੇ ਜਯੋਤੀ ਸੁਰੇਖਾ ਵੇਨਮ ਦੀ ਤਿਕੜੀ ਨੇ ਮਹਿਲਾਵਾਂ ਦੇ ਟੀਮ ਕੰਪਾਊਂਡ ਈਵੈਂਟ ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਪੁਰਸ਼ਾਂ ਵਿੱਚ ਅਭਿਸ਼ੇਕ ਵਰਮਾ, ਰਜਤ ਚੌਹਾਨ, ਅਮਨ ਸੈਣੀ ਦੀ ਤਿਕੜੀ ਨੇ ਚਾਂਦੀ ਦਾ ਤਗਮਾ ਆਪਣੇ ਨਾਂ ਕੀਤਾ। ਬੈਡਮਿੰਟਨ ਵਿੱਚ ਪੀਵੀ ਸਿੰਧੂ ਮੰਗਲਵਾਰ ਖੇਡੇ ਫਾਈਨਲ ਮੁਕਾਬਲਾ ਹਾਰ ਗਈ ਤੇ ਭਾਰਤ ਨੂੰ ਮਹਿਲਾ ਸਿੰਗਲਸ ਕੈਟੇਗਰੀ ਦੇ ਸਿਲਵਰ ਮੈਡਲ ਨਾਲ ਬੁੱਤਾ ਸਾਰਨਾ ਪਿਆ। ਸਿੰਧੂ ਦੀ ਖਿਤਾਬੀ ਟੱਕਰ ਸੈਮੀਫਾਈਨਲ ਵਿੱਚ ਸਾਇਨਾ ਨਹਿਵਾਲ ਨੂੰ ਮਾਤ ਦੇਣ ਵਾਲੀ ਚੀਨੀ ਤੇਈਪੇਈ ਦੀ ਖਿਡਾਰਨ ਨਾਲ ਸੀ। ਪਰ ਸਿੰਧੂ ਨੂੰ 13-21, 16-21 ਦੇ ਫਰਕ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਕੁਰਾਸ਼ ਦੀ ਖੇਡ ਵਿਚ ਭਾਰਤ ਨੂੰ ਇੱਕੋ ਦਿਨ ’ਚ 2 ਤਗਮੇ ਹਾਸਿਲ ਹੋਏ। ਦੋਵੇਂ ਮੈਡਲ ਮਹਿਲਾਵਾਂ ਦੀ 52kg ਕੈਟੇਗਰੀ ਵਿੱਚ ਹਾਸਲ ਕੀਤੇ ਗਏ। ਪਿੰਕੀ ਬਲਹਾਰਾ ਨੇ ਸਿਲਵਰ ਮੈਡਲ ਜਿੱਤਿਆ, ਜਦਕਿ ਮਾਲਾਪ੍ਰਭਾ ਜਾਧਵ ਨੇ ਕਾਂਸੀ ਦਾ ਤਗਮਾ ਹਾਸਲ ਕੀਤਾ। ਟੇਬਲ ਟੈਨਿਸ ਵਿੱਚ ਵੀ ਭਾਰਤ ਨੂੰ ਕਾਮਯਾਬੀ ਹਾਸਿਲ ਹੋਈ। ਪੁਰਸ਼ਾਂ ਦੇ ਟੀਮ ਈਵੈਂਟ ਵਿੱਚ ਭਾਰਤ ਨੂੰ ਕਾਂਸੀ ਦਾ ਤਗਮਾ ਹਾਸਲ ਹੋਇਆ।