ਨਵੀਂ ਦਿੱਲੀ: ਭਾਰਤ ਤੇ ਆਸਟ੍ਰੇਲੀਆ ‘ਚ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਕੱਲ੍ਹ ਤੋਂ ਸ਼ੁਰੂ ਹੋਣ ਵਾਲੀ ਹੈ। ਇਹ ਸੀਰੀਜ਼ ਭਾਰਤ ‘ਚ ਹੀ ਖੇਡੀ ਜਾਵੇਗੀ। ਇਸ ਦੌਰਾਨ ਦੋਵੇਂ ਟੀਮਾਂ ਵੱਲੋਂ ਬਿਹਤਰ ਪ੍ਰਦਰਸ਼ਨ ਦੀ ਉਮੀਦ ਕੀਤੀ ਜਾ ਰਹੀ ਹੈ। ਸੀਰੀਜ਼ ਨੂੰ ਲੈ ਕੇ ਆਸਟ੍ਰੇਲੀਆ ਦੇ ਸਾਬਕਾ ਕਪਤਾਨ ਤੇ ਦਿੱਗਜ ਬੱਲੇਬਾਜ਼ ਰਿੱਕੀ ਪੌਂਟਿੰਗ ਨੇ ਆਪਣੀ ਰਾਏ ਦਿੱਤੀ ਹੈ।

ਭਾਰਤ ਤੇ ਆਸਟ੍ਰੇਲੀਆ ਦੀ ਸੀਰੀਜ਼ ਤੋਂ ਪਹਿਲਾਂ ਰਿੱਕੀ ਨੇ ਆਪਣੇ ਟਵਿਟਰ ‘ਤੇ ਆਸਟ੍ਰੇਲਿਆਈ ਕ੍ਰਿਕਟ ਟੀਮ ਦੇ ਜ਼ਬਰਦਸਤ ਪ੍ਰਦਰਸ਼ਨ ਦਾ ਦਾਅਵਾ ਕੀਤਾ ਹੈ। ਉਨ੍ਹਾਂ ਨੇ ਟਵੀਟ ਕਰ ਲਿਖਿਆ, “ਵਰਲਡ ਕੱਪ ‘ਚ ਸ਼ਾਨਦਾਰ ਪ੍ਰਦਰਸ਼ਨ ਕਰਨ ਤੋਂ ਬਾਅਦ ਆਸਟ੍ਰੇਲੀਆ ਦੀ ਟੀਮ ਆਤਮ-ਵਿਸ਼ਵਾਸ ‘ਚ ਨਜ਼ਰ ਆਵੇਗੀ। ਸਾਡੀ ਟੀਮ ਇਹ ਸੀਰੀਜ਼ 2-1 ਨਾਲ ਜਿੱਤ ਸਕਦੀ ਹੈ।”


ਦੱਸ ਦਈਏ ਕਿ ਭਾਰਤ ਤੇ ਆਸਟ੍ਰਲੀਆ ‘ਚ ਤਿੰਨ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਮੁੰਬਈ ‘ਚ ਖੇਡਿਆ ਜਾਵੇਗਾ। ਭਾਰਤ ਨੇ ਹਾਲ ਹੀ ‘ਚ ਸ਼੍ਰੀਲੰਕਾ ਨੂੰ ਟੀ-20 ‘ਚ ਮਾਤ ਦਿੱਤੀ ਹੈ। ਉਧਰ ਆਸਟ੍ਰੇਲੀਆ ਨੇ ਵੀ ਨਿਊਜ਼ੀਲੈਂਡ ਨੂੰ ਟੈਸਟ ਸੀਰੀਜ਼ ‘ਚ 3-0 ਨਾਲ ਹਰਾਇਆ ਹੈ।

ਕਦੋਂ-ਕਦੋਂ ਮੈਚ:

ਪਹਿਲਾ ਵਨਡੇ: 14 ਜਨਵਰੀ, 2020 ਨੂੰ ਮੁੰਬਈ ਦੇ ਵਾਨਖੇਡੇ ਸਟੇਡੀਅਮ

ਦੂਜਾ ਵਨਡੇ: 17 ਜਨਵਰੀ 2020 ਨੂੰ ਰਾਜਕੋਟ ਦੇ ਸੌਰਾਸ਼ਟਰ ਕ੍ਰਿਕਟ ਐਸੋਸੀਏਸ਼ਨ

ਤੀਜਾ ਵਨਡੇ: 19 ਜਨਵਰੀ 2020 ਨੂੰ ਬੈਂਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ