ਆਬੂ ਧਾਬੀ - ਪਾਕਿਸਤਾਨੀ ਟੀਮ ਨੂੰ ਆਪਣੇ ਮਿਡਲ ਆਰਡਰ ਦੀਆਂ ਮੁਸੀਬਤਾਂ ਦੂਰ ਕਰਨ ਵਾਲਾ ਬੱਲੇਬਾਜ ਮਿਲ ਗਿਆ ਹੈ। ਵੈਸਟ ਇੰਡੀਜ਼ ਖਿਲਾਫ ਬੁਧਵਾਰ ਨੂੰ ਖੇਡੇ ਗਏ ਸੀਰੀਜ਼ ਦੇ ਤੀਜੇ ਤੇ ਆਖਰੀ ਵਨਡੇ ਮੈਚ 'ਚ ਵੀ ਪਾਕਿਸਤਾਨੀ ਟੀਮ ਨੂੰ ਜਿੱਤ ਹਾਸਿਲ ਹੋਈ। ਇੱਕ ਵਾਰ ਫਿਰ ਤੋਂ ਪਾਕਿਸਤਾਨ ਦੀ ਜਿੱਤ ਦਾ ਹੀਰੋ ਯੁਵਾ ਬੱਲੇਬਾਜ ਬਾਬਰ ਆਜ਼ਮ ਹੀ ਬਣਿਆ। 

 

 

ਸੈਂਕੜੇਆਂ ਦੀ ਹੈਟ੍ਰਿਕ 

 

ਪਾਕਿਸਤਾਨੀ ਟੀਮ ਲਈ ਤਿੰਨੇ ਮੈਚਾਂ 'ਚ ਬਾਬਰ ਆਜ਼ਮ ਦੇ ਬੱਲੇ ਨੇ ਖੂਬ ਰਨ ਬਰਸਾਏ। ਬਾਬਰ ਆਜ਼ਮ ਨੇ ਤਿੰਨੇ ਮੈਚਾਂ 'ਚ ਸੈਂਕੜੇ ਜੜੇ। ਪਹਿਲੇ ਵਨਡੇ 'ਚ ਬਾਬਰ ਆਜ਼ਮ ਨੇ 131 ਗੇਂਦਾਂ 'ਤੇ 120 ਰਨ ਦੀ ਪਾਰੀ ਖੇਡੀ। ਦੂਜੇ ਵਨਡੇ 'ਚ ਬਾਬਰ ਆਜ਼ਮ ਨੇ 126 ਗੇਂਦਾਂ 'ਤੇ 123 ਰਨ ਦੀ ਪਾਰੀ ਖੇਡੀ। ਸੀਰੀਜ਼ ਦੇ ਆਖਰੀ ਵਨਡੇ 'ਚ ਬਾਬਰ ਆਜ਼ਮ ਨੇ 106 ਗੇਂਦਾਂ 'ਤੇ 117 ਰਨ ਦਾ ਯੋਗਦਾਨ ਪਾਇਆ। ਖਾਸ ਗੱਲ ਇਹ ਰਹੀ ਕਿ ਸੀਰੀਜ਼ ਦੇ ਤਿੰਨੇ ਮੈਚਾਂ 'ਚ ਬਾਬਰ ਆਜ਼ਮ ਹੀ 'ਮੈਨ ਆਫ ਦ ਮੈਚ' ਚੁਣੇ ਗਏ। 

  

 

3 ਮੈਚ - 360 ਰਨ 

 

ਬਾਬਰ ਆਜ਼ਮ ਨੇ ਸੀਰੀਜ਼ ਦੇ 3 ਮੈਚਾਂ 'ਚ 360 ਰਨ ਠੋਕੇ। ਬਾਬਰ ਆਜ਼ਮ ਦੀ ਸੀਰੀਜ਼ 'ਚ 120 ਦੀ ਔਸਤ ਰਹੀ ਜਦਕਿ ਇਸ ਬੱਲੇਬਾਜ ਦਾ ਸਟ੍ਰਾਈਕ ਰੇਟ 99.17 ਦਾ ਰਿਹਾ। ਪਾਕਿਸਤਾਨੀ ਟੀਮ ਦੇ ਨਾਲ-ਨਾਲ ਵੈਸਟ ਇੰਡੀਜ਼ ਦੀ ਟੀਮ ਵੀ ਪਾਕਿਸਤਾਨੀ ਬੱਲੇਬਾਜ ਬਾਬਰ ਆਜ਼ਮ ਦੀ ਤਾਰੀਫ ਕਰਨ 'ਤੇ ਮਜਬੂਰ ਹੋ ਗਈ। ਵੈਸਟ ਇੰਡੀਜ਼ ਅਤੇ ਪਾਕਿਸਤਾਨ ਦੀ ਟੀਮ ਦੇ ਵਿਚਾਲੇ ਸਭ ਤੋਂ ਵੱਡਾ ਫਰਕ ਬਾਬਰ ਆਜ਼ਮ ਹੀ ਸਾਬਿਤ ਹੋਇਆ। ਬਾਬਰ ਆਜ਼ਮ ਦੇ ਰੂਪ 'ਚ ਪਾਕਿਸਤਾਨ ਨੂੰ ਮਿਡਲ ਆਰਡਰ ਨੂੰ ਪੇਸ਼ ਹੁੰਦੀਆਂ ਮੁਸੀਬਤਾਂ ਨੂੰ ਸੁਲਝਾਉਣ ਵਾਲਾ ਬੱਲੇਬਾਜ ਵੀ ਮਿਲ ਗਿਆ ਹੈ। 

  

 

ਸੈਂਕੜੇ ਦੀ ਹੈਟ੍ਰਿਕ ਵਾਲਾ ਦੂਜਾ ਬੱਲੇਬਾਜ 

 

ਇੱਕੋ ਸੀਰੀਜ਼ 'ਚ ਲਗਾਤਾਰ 3 ਸੈਂਕੜੇ ਜੜਨ ਵਾਲਾ ਬਾਬਰ ਆਜ਼ਮ ਵਿਸ਼ਵ ਦਾ ਦੂਜਾ ਬੱਲੇਬਾਜ ਹੈ। ਇਸਤੋਂ ਪਹਿਲਾਂ ਕਵਿੰਟਨ ਡੀਕਾਕ ਨੇ ਭਾਰਤ ਖਿਲਾਫ ਇਹ ਕਾਰਨਾਮਾ ਕੀਤਾ ਸੀ।