ਵੈਨਕੂਵਰ : ਕੈਨੇਡਾ ਦੇ ਸੂਬੇ ਬਰੈਂਪਟਨ ਵਿੱਚ 2009 ਵਿੱਚ ਹੋਏ ਪੂਨਮ ਲਿੱਟ ਕਤਲ ਮਾਮਲੇ ਵਿੱਚ ਅਹਿਮ ਖ਼ੁਲਾਸਾ ਹੋਇਆ ਹੈ। ਪੂਨਮ ਦਾ ਕਤਲ ਉਸ ਦੇ ਸਹੁਰਾ ਪਰਿਵਾਰ ਨੇ ਹੀ ਕੀਤਾ ਸੀ ਤੇ ਲਾਸ਼ ਜੰਗਲਾਂ ਵਿੱਚ ਉਸ ਦੇ ਸਹੁਰੇ ਨੇ ਖ਼ੁਰਦ-ਬੁਰਦ ਕੀਤੀ ਸੀ। ਟੋਰਾਂਟੋ ਸਟਾਰ ਦੀ ਖ਼ਬਰ ਅਨੁਸਾਰ ਕੁਲਵੰਤ ਲਿੱਟ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨ ਵਿੱਚ ਮੰਨਿਆ ਹੈ ਕਿ ਉਸ ਨੇ ਆਪਣੀ ਧੀ ਮਨਦੀਪ ਪੂਨੀਆ ਦੀ ਕਤਲ ਵਿੱਚ ਮਦਦ ਕੀਤੀ ਸੀ।


ਮਨਦੀਪ ਪੂਨੀਆ ਨੂੰ ਪਹਿਲਾਂ ਹੀ ਅਦਾਲਤ ਨੇ ਕਤਲ ਵਿੱਚ ਦੋਸ਼ੀ ਐਲਾਨਿਆ ਹੋਇਆ ਹੈ। ਜਿਸ ਵੇਲੇ ਪੂਨਮ ਲਿੱਟ ਦਾ ਕਤਲ ਕੀਤਾ ਗਿਆ ਸੀ, ਉਸ ਸਮੇਂ ਉਹ ਗਰਭਵਤੀ ਸੀ। ਪੂਨਮ ਦਾ ਕਤਲ 2009 ਵਿੱਚ ਉਸ ਦੀ ਨਨਾਣ ਨਾਲ ਹੋਈ ਲੜਾਈ ਤੋਂ ਬਾਅਦ ਹੋਇਆ ਸੀ। ਇਸ ਤੋਂ ਬਾਅਦ ਮਨਦੀਪ ਨੇ ਪੂਨਮ ਉੱਤੇ ਚਾਕੂ ਨਾਲ ਵਾਰ ਕੀਤਾ ਜਿਸ ਕਾਰਨ ਉਸ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਕਤਲ ਵਕਤ ਪੂਨਮ ਦਾ ਪਤੀ ਭਾਰਤ ਆਇਆ ਹੋਇਆ ਸੀ।

ਮਨਦੀਪ ਦੇ ਨਾਲ ਉਸ ਦਾ ਪਤੀ ਸਿਕੰਦਰ, ਪੂਨਮ ਦਾ ਸਹੁਰਾ ਵੀ ਇਸ ਮਾਮਲੇ ਵਿੱਚ ਪੁਲਿਸ ਵੱਲੋਂ ਨਾਮਜ਼ਦ ਕੀਤਾ ਗਿਆ ਸੀ। ਅਸਲ ਵਿੱਚ ਪੂਨਮ ਤੇ ਮਨਜਿੰਦਰ ਦੀ ਲਵ ਮੈਰਿਜ ਸੀ ਪਰ ਇਸ ਵਿਆਹ ਤੋਂ ਮਨਜਿੰਦਰ ਦੇ ਘਰ ਵਾਲੇ ਨਾਖ਼ੁਸ਼ ਸਨ। ਮਨਜਿੰਦਰ ਆਪਣੀ ਮਾਤਾ ਨਾਲ ਭਾਰਤ ਆਇਆ ਹੋਇਆ ਸੀ ਪਿੱਛੇ ਇਹ ਕਤਲ ਹੋ ਗਿਆ। ਮਨਜਿੰਦਰ ਦੀ ਹੀ ਸ਼ਿਕਾਇਤ ਉੱਤੇ ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਤੇ ਪੂਰੇ ਮਾਮਲੇ ਤੋਂ ਪਰਦਾ ਚੁੱਕਿਆ।