ਨਵੀਂ ਦਿੱਲੀ: ਕ੍ਰਿਕਟ ਵਿਸ਼ਵ ਕੱਪ ‘ਚ ਭਾਰਤ ਨੇ ਪਾਕਿਸਤਾਨ ਨੂੰ ਹਰਾ ਦਿੱਤਾ ਹੈ। ਇਸ ਦੇ ਨਾਲ ਹੀ ਭਾਰਤੀ ਕ੍ਰਿਕਟ ਫੈਨਸ ਲਈ ਇੱਕ ਬੁਰੀ ਖ਼ਬਰ ਹੈ। ਭਾਰਤੀ ਟੀਮ ਦੇ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਐਤਵਾਰ ਨੂੰ ਮੈਚ ਦੌਰਾਨ ਬੌਲਿੰਗ ਕਰਦੇ ਸਮੇਂ ਜ਼ਖ਼ਮੀ ਹੋ ਗਏ। ਹੁਣ ਖ਼ਬਰ ਹੈ ਕਿ ਉਹ ਘੱਟੋ-ਘੱਟ ਅਗਲੇ ਦੋ ਮੈਚ ਨਹੀਂ ਖੇਡ ਪਾਉਣਗੇ। ਭੁਵਨੇਸ਼ਵਰ ਕੁਮਾਰ ਨੂੰ ਹੈਮਸਟ੍ਰਿੰਗ ਨਿਗਲ (ਮਾਸਪੇਸ਼ੀਆਂ ਦਾ ਖਿਚਾਅ) ਹੋਇਆ ਹੈ ਜਿਸ ਕਰਕੇ ਉਹ ਕੁਝ ਦਿਨ ਆਰਾਮ ਕਰਨਗੇ।



ਇਸ ਬਾਰੇ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਕਿ ਉਹ ਵਾਪਸੀ ਜ਼ਰੂਰ ਕਰਨਗੇ। ਇਸ ਦੇ ਨਾਲ ਹੀ ਮੁਹੰਮਦ ਸ਼ੰਮੀ ਟੀਮ ‘ਚ ਵਾਪਸੀ ਲਈ ਕਾਫੀ ਉਤਸ਼ਾਹਤ ਹਨ। ਭੁਵਨੇਸ਼ਵਰ ਦੇ ਜ਼ਖ਼ਮੀ ਹੋਣ ਤੋਂ ਬਾਅਦ ਭਾਰਤ ਦਾ ਅੱਗੇ ਤਿੰਨ ਮੈਚ ਅਫਗਾਨਿਸਤਾਨ ਨਾਲ 22 ਜੂਨ, ਵੈਸਟਇੰਡੀਜ਼ ਨਾਲ 27 ਜੂਨ ਤੇ ਇੰਗਲੈਨਡ ਨਾਲ 30 ਜੂਨ ਨੂੰ ਹੈ। ਇਨ੍ਹਾਂ ‘ਚ ਸ਼ੰਮੀ ਦੀ ਵਾਪਸੀ ਹੋ ਸਕਦੀ ਹੈ।



ਇੰਡੀਅਨ ਕ੍ਰਿਕਟ ਟੀਮ ਨੂੰ ਵਰਲਡ ਕੱਪ ‘ਚ ਇਹ ਦੂਜਾ ਝਟਕਾ ਹੈ। ਇਸ ਤੋਂ ਪਹਿਲਾ ਰੋਹਿਤ ਸ਼ਰਮਾ ਦੇ ਜੋੜੀਦਾਰ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਅੰਗੂਠੇ ਦੀ ਸੱਟ ਕਰਕੇ ਖੇਡ ਵਿੱਚੋਂ ਬਾਹਰ ਹਨ। ਉਮੀਦ ਹੈ ਕਿ ਕੁਝ ਦਿਨ ਬਾਅਦ ਧਵਨ ਵੀ ਟੀਮ ‘ਚ ਵਾਪਸੀ ਕਰ ਸਕਦੇ ਹਨ।