ਨਵੀਂ ਦਿੱਲੀ: ਭਾਰਤੀ ਕ੍ਰਿਕੇਟ ਟੀਮ ਦੇ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੇ ਉਸ ਰਿਪੋਰਟ ਦਾ ਖੰਡਨ ਕੀਤਾ ਹੈ, ਜਿਸ ਵਿੱਚ ਕਿਹਾ ਗਿਆ ਸੀ ਕਿ ਉਹ ਹੁਣ ਟੈਸਟ ਕ੍ਰਿਕੇਟ ਨਹੀਂ ਖੇਡਣਾ ਚਾਹੁੰਦੇ। ਭੁਵਨੇਸ਼ਵਰ ਕੁਮਾਰ ਨੇ ਕਿਹਾ ਕਿ ਉਹ ਟੀਮ ਵਿੱਚ ਗੇਮ ਦੇ ਤਿੰਨੇ ਫ਼ਾਰਮੈਟ ਵਿੱਚ ਚੋਣ ਲਈ ਤਿਆਰ ਹਨ। ਭੁਵਨੇਸ਼ਵਰ ਨੇ ਸੁਆਲ ਕੀਤਾ ਕਿ ਕਿਹੜੇ ‘ਸੂਤਰਾਂ’ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਉਹ ਟੀ-20 ਉੱਤੇ ਫ਼ੋਕਸ ਕਰਨਾ ਚਾਹੁੰਦੇ ਹਨ।


ਭੁਵਨੇਸ਼ਵਰ ਨੇ ਟਵਿਟਰ ਉੱਤੇ ਰਿਪੋਰਟ ਦਾ ਖੰਡਨ ਕੀਤਾ ਤੇ ਕਿਹਾ ਕਿ ਸੂਤਰਾਂ ਦੇ ਆਧਾਰ ਉੱਤੇ ਆਪਣੀਆਂ ਧਾਰਨਾਵਾਂ ਨਾ ਲਿਖੋ। ਉਨ੍ਹਾਂ ਆਪਣੇ ਟਵੀਟ ’ਚ ਲਿਖਿਆ ਆਰਟੀਕਲ ਛਪਿਆ ਹੈ ਕਿ ਮੈਂ ਟੈਸਟ ਕ੍ਰਿਕੇਟ ਨਹੀਂ ਖੇਡਣਾ ਚਾਹੁੰਦਾ। ਮੈਂ ਸਪੱਸ਼ਟ ਕਰ ਦੇਵਾਂ ਕਿ ਮੈਂ ਸਦਾ ਟੀਮ ਵਿੱਚ ਚੋਣ ਲਈ ਖ਼ੁਦ ਨੂੰ ਤਿੰਨੇ ਫ਼ਾਰਮੈਟ ਲਈ ਤਿਆਰ ਕੀਤਾ ਹੈ ਤੇ ਅੱਗੇ ਵੀ ਅਜਿਹਾ ਕਰਦਾ ਰਹਾਂਗਾ। ਮੇਰਾ ਸੁਝਾਅ ਹੈ ਕਿ ਸੂਤਰਾਂ ਦੇ ਆਧਾਰ ਉੱਤੇ ਆਪਣੀਆਂ ਧਾਰਨਾਵਾਂ ਨਾ ਲਿਖੋ।


 






ਦਰਅਸਲ, ਸਨਿੱਚਰਵਾਰ ਨੂੰ ਇੱਕ ਅਖ਼ਬਾਰ ਦੀ ਰਿਪੋਰਟ ’ਚ ਸੂਤਰਾਂ ਦੇ ਹਵਾਲੇ ਨਾਲ ਆਖਿਆ ਗਿਆ ਸੀ ਕਿ ਭੁਵਨੇਸ਼ਵਰ ਕੁਮਾਰ ਨੂੰ ਇੰਗਲੈਂਡ ਦੇ ਦੌਰੇ ਲਈ ਭਾਰਤੀ ਟੀਮ ਵਿੱਚ ਇਸ ਲਈ ਸ਼ਾਮਲ ਨਹੀਂ ਕੀਤਾ ਗਿਆ ਕਿਉਂਕਿ ਉਹ ਟੈਸਟ ਕ੍ਰਿਕੇਟ ਨਹੀਂ ਖੇਡਣਾ ਚਾਹੁੰਦੇ।


ਰਿਪੋਰਟ ’ਚ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਭੁਵਨੇਸ਼ਵਰ ਹਾਲੇ ਟੈਸਟ ਕ੍ਰਿਕੇਟ ਨਹੀਂ ਖੇਡਣਾ ਚਾਹੁੰਦੇ। ‘ਸੱਚ ਆਖਾਂ ਤਾਂ ਚੋਣਕਾਰਾਂ ਨੂੰ ਭੁਵੀ ’ਚ 10 ਓਵਰਜ਼ ਦੀ ਭੁੱਖ ਵੀ ਨਜ਼ਰ ਆਉਂਦੀ ਹੈ। ਅਜਿਹੇ ਹਾਲਾਤ ਵਿੱਚ ਟੈਸਟ ਕ੍ਰਿਕੇਟ ਨੂੰ ਤਾਂ ਭੁੱਲ ਹੀ ਜਾਓ’।


ਰਿਪੋਰਟ ’ਚ ਕਿਹਾ ਗਿਆ ਹੈ ਕਿ ਭੁਵਨੇਸ਼ਵਰ ਕੁਮਾਰ ਵਿੱਚ ਟੈਸਟ ਕ੍ਰਿਕੇਟ ਖੇਡਣ ਦਾ ਉਤਸ਼ਾਹ ਨਹੀਂ ਬਚਿਆ ਹੈ ਅਤੇ ਉਹ ਟੀ–20 ਉੱਤੇ ਹੀ ਫ਼ੋਕਸ ਕਰਨਾ ਚਾਹੁੰਦੇ ਹਨ। ਭੁਵਨੇਸ਼ਵਰ ਕੁਮਾਰ ਨੇ ਭਾਰਤ ਲਈ ਆਖ਼ਰੀ ਟੈਸਟ 2018 ’ਚ ਦੱਖਣੀ ਅਫ਼ਰੀਕਾ ਵਿੱਚ ਖੇਡਿਆ ਸੀ।