ਨਵੀਂ ਦਿੱਲੀ: ‘ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ’ (ICMR) ਨੇ ਕੋਰੋਨਾ ਦੀ ‘ਹੋਮ ਟੈਸਟਿੰਗ ਕਿਟ’ ਵਰਤਣ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਕਿਟ ਦੀ ਮਦਦ ਨਾਲ ਤੁਸੀਂ ਘਰ ਬੈਠੇ ਹੀ ਕੋਰੋਨਾ ਟੈਸਟ ਕਰ ਸਕਦੇ ਹੋ। ICMR ਨੇ ‘ਕੋਵੀਸੈਲਫ਼’ ਨਾਂ ਦੀ ਟੈਸਟਿੰਗ ਕਿਟ ਨੂੰ ਪ੍ਰਵਾਨ ਕੀਤਾ ਹੈ, ਜਿਸ ਨੂੰ ਪੁਣੇ ਦੀ ਕੰਪਨੀ ‘ਮਾਇਲੈਬ’ ਨੇ ਬਣਾਇਆ ਹੈ।


ਮੀਡੀਆ ਰਿਪੋਰਟ ਮੁਤਾਬਕ ਅਗਲੇ ਇੱਕ ਹਫ਼ਤੇ ਅੰਦਰ ਇਹ ਕਿਟ ਬਾਜ਼ਾਰ ’ਚ ਉਪਲਬਧ ਹੋ ਜਾਵੇਗੀ। ਇੱਕ ਕਿਟ ਦੀ ਕੀਮਤ 250 ਰੁਪਏ ਹੋਵੇਗੀ। ਕਿਟ ਖ਼ਰੀਦਣ ਲਈ ਤੁਹਾਨੂੰ ਕਿਸੇ ਡਾਕਟਰੀ ਪਰਚੀ ਦੀ ਲੋੜ ਨਹੀਂ ਹੋਵੇਗੀ। ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਸਰੀਰ ਅੰਦਰ ਕੋਰੋਨਾ ਦੇ ਲੱਛਣ ਜਾਪਦੇ ਹਨ, ਤਾਂ ਤੁਸੀਂ ਕਿਟ ਖ਼ਰੀਦ ਕੇ ਟੈਸਟ ਕਰ ਸਕਦੇ ਹੋ।


ਅਜਿਹੀ ਕਿਟ ਕਈ ਦੇਸ਼ਾਂ ਵਿੱਚ ਪਹਿਲਾਂ ਤੋਂ ਹੀ ਵਰਤੀ ਜਾ ਰਹੀ ਹੈ। ਅਮਰੀਕਾ ਦੇ ਡ੍ਰੱਗ ਰੈਗੂਲੇਟਰ ‘ਫ਼ੂਡ ਐਂਡ ਡ੍ਰੱਗ ਐਡਮਿਨਿਸਟ੍ਰੇਸ਼ਨ’ (US-FDA) ਨੇ ਨਵੰਬਰ 2020 ’ਚ ਇਸ ‘ਹੋਮ ਟੈਸਟਿੰਗ ਕਿਟ’ ਨੂੰ ਮਨਜ਼ੂਰੀ ਦਿੱਤੀ ਸੀ। ਉਸ ਵੇਲੇ ਉੱਥੇ ਕੋਰੋਨਾ ਦੀ ਲਾਗ ਦੇ ਕੇਸ ਹੌਲੀ-ਹੌਲੀ ਰਫ਼ਤਾਰ ਫੜ ਰਹੇ ਸਨ। ਅਜਿਹੇ ਹਾਲਾਤ ਵਿੱਚ ਸਰਕਾਰ ਚਾਹੁੰਦੀ ਸੀ ਕਿ ਹੈਲਥ ਸਿਸਟਮ ਉੱਤੇ ਬੋਝ ਨਾ ਵਧੇ ਤੇ ਲੋਕਾਂ ਨੂੰ ਘਰਾਂ ਵਿੱਚ ਰਹਿ ਕੇ ਹੀ ਟੈਸਟ ਦੀ ਸੁਵਿਧਾ ਮਿਲੇ। ਭਾਰਤ ’ਚ ਵੀ ‘ਹੋਮ ਟੈਸਟਿੰਗ ਕਿਟ’ ਨੂੰ ਪ੍ਰਵਾਨਗੀ ਦੇਣ ਦੀ ਮੰਗ ਉੱਠ ਰਹੀ ਸੀ। ਆਖ਼ਰ ICMR ਨੇ ਇਸ ਕਿਟ ਨੂੰ ਮਨਜ਼ੂਰੀ ਦੇ ਹੀ ਦਿੱਤੀ ਹੈ।


ਕੀ ਹੈ ‘ਹੋਮ ਟੈਸਟਿੰਗ ਕਿਟ’?


ਹਾਲੇ ਤੁਹਾਨੂੰ ਕੋਰੋਨਾ ਟੈਸਟ ਕਰਵਾਉਣ ਲਈ ਰੈਪਿਡ ਐਂਟੀਜਨ ਜਾਂ RT-PCR ਜਾਂ ਇਸੇ ਤਰ੍ਹਾਂ ਦੇ ਹੋਰ ਟੈਸਟ ਕਰਵਾਉਣੇ ਪੈਂਦੇ ਹਨ। ਇਸ ਲਈ ਮੈਡੀਕਲ ਮਾਹਿਰਾਂ ਤੇ ਲੈਬ. ਦੀ ਲੋੜ ਹੁੰਦੀ ਹੈ। ਕੋਰੋਨਾ ਦੀ ‘ਹੋਮ ਟੈਸਟ ਕਿਟ’ ਇਸ ਦਾ ਆਸਾਨ ਵਿਕਲਪ ਹੈ। ਇਹ ਪ੍ਰੈਗਨੈਂਸੀ ਟੈਸਟ ਕਿਟ ਵਾਂਗ ਹੈ। ਤੁਸੀਂ ਬੱਸ ਸੈਂਪਲ ਪਾ ਕੇ ਕੋਰੋਨਾ ਟੈਸਟ ਕਰ ਸਕਦੇ ਹੋ। ਇਸ ਟੈਸਟ ਕਿਟ ਰਾਹੀਂ ਕੋਈ ਵੀ ਵਿਅਕਤੀ ਬਿਨਾ ਕਿਸੇ ਲੈਬ. ਜਾਂ ਮੈਡੀਕਲ ਐਕਸਪਰਟ ਦੀ ਮਦਦ ਦੇ ਆਪਣੇ ਘਰ ’ਚ ਹੀ ਕੋਰੋਨਾ ਟੈਸਟ ਕਰ ਸਕਦਾ ਹੈ। ਜੇ ਤੁਹਾਡਾ ਰਿਜ਼ਲਟ ਪਾਜ਼ਿਟਿਵ ਆਇਆ ਹੈ, ਤਾਂ ਤੁਹਾਨੂੰ ਕੋਵਿਡ ਪ੍ਰੋਟੋਕੋਲ ਦੀ ਪਾਲਣਾ ਕਰਨੀ ਹੋਵੇਗੀ। ਜੇ ਨੈਗੇਟਿਵ ਆਇਆ ਹੈ, ਤਾਂ ਤੁਹਾਨੂੰ RT-PCR ਟੈਸਟ ਕਰਵਾਉਣਾ ਹੋਵੇਗਾ।


ਇਹ ਕਿਟ ਕੰਮ ਕਿਵੇਂ ਕਰਦੀ ਹੈ?


ਇਹ ‘ਟੈਸਟ ਕਿਟ’ ਲੇਟਰਲ ਫ਼ਲੋਅ ਟੈਸਟ ਉੱਤੇ ਕੰਮ ਕਰਦੀ ਹੈ। ਤੁਸੀਂ ਆਪਣੀ ਨੱਕ ’ਚੋਂ ਲਿਆ ਸੈਂਪਲ ਟਿਊਬ ’ਚ ਪਾਉਂਦੇ ਹੋ। ਇਸ ਟਿਊਬ ’ਚ ਪਹਿਲਾਂ ਤੋਂ ਇੱਕ ਤਰਲ–ਪਦਾਰਥ ਭਰਿਆ ਹੁੰਦਾ ਹੈ। ਇਸ ਟਿਊਬ ਨੂੰ ਕਿਟ ਅੰਦਰ ਪਾਇਆ ਜਾਂਦਾ ਹੈ, ਜਿੱਥੇ ਤਰਲ ਪਦਾਰਥ ਨੂੰ ਸੋਖਣ ਲਈ ਇੱਕ ਪੈਡ ਲੱਗਾ ਹੁੰਦਾ ਹੈ। ਇਸ ਪੈਡ ਤੋਂ ਹੋ ਕੇ ਇਹ ਤਰਲ ਪਦਾਰਥ ਇੱਕ ਪੱਟੀ ਉੱਤੇ ਆ ਜਾਂਦਾ ਹੈ, ਜਿੱਥੇ ਪਹਿਲਾਂ ਤੋਂ ਹੀ ਕੋਰੋਨਾਵਾਇਰਸ ਦੇ ਸਪਾਈਕ ਪ੍ਰੋਟੀਨ ਨੂੰ ਪਛਾਣਨ ਵਾਲੀ ਐਂਟੀਬਾਡੀ ਮੌਜੂਦ ਹੁੰਦੀ ਹੈ।


ਜੇ ਤੁਸੀਂ ਕੋਰੋਨਾਵਾਇਰਸ ਤੋਂ ਪ੍ਰਭਾਵਿਤ ਹੋ, ਤਾਂ ਐਂਟੀਬਾਡੀ ਐਕਟੀਵੇਟ ਹੋ ਜਾਂਦੀ ਹੈ ਤੇ ਕਿਟ ਤੁਹਾਡਾ ਟੈਸਟ ਪਾਜ਼ਿਟਿਵ ਵਿਖਾ ਦਿੰਦੀ ਹੈ। ਇਸ ਕਿਟ ਉੱਤੇ ਇੱਕ ਡਿਸਪਲੇਅ ਹੁੰਦਾ ਹੈ, ਜਿੱਥੇ ਰਿਪੋਰਟ ਦਾ ਰਿਜ਼ਲਟ ਦਿਸਦਾ ਹੈ। ਇਹ ਰਿਪੋਰਟ ਤੁਹਾਡੀ ਈਮੇਲ ਜਾਂ ਟੈਸਟ ਕਿਟ ਬਣਾਉਣ ਵਾਲੀ ਕੰਪਨੀ ਦੀ ਐਪ ਉੱਤੇ ਵੀ ਵੇਖੀ ਜਾ ਸਕਦੀ ਹੈ।


ਤੁਸੀਂ ਇੰਝ ਵਰਤ ਸਕਦੇ ਹੋ ਇਹ ਕਿਟ


ICMR ਨੇ ਇਹ ਕਿਟ ਉਨ੍ਹਾਂ ਲੋਕਾਂ ਨੂੰ ਹੀ ਵਰਤਣ ਦੀ ਸਲਾਹ ਦਿੱਤੀ ਹੈ, ਜਿਨ੍ਹਾਂ ਵਿੱਚ ਕੋਵਿਡ ਦੇ ਲੱਛਣ ਹੋਣ ਜਾਂ ਫਿਰ ਉਹ ਕੋਵਿਡ ਪੀੜਤ ਵਿਅਕਤੀ ਦੇ ਸੰਪਰਕ ਵਿੱਚ ਆਏ ਹੋਣ। ਤੁਹਾਨੂੰ ਇਹ ਟੈਸਟ ਕਿਟ ਲਾਗਲੇ ਮੈਡੀਕਲ ਸਟੋਰ ਤੋਂ ਜਾਂ ਆੱਨਲਾਈਨ ਖ਼ਰੀਦਣੀ ਹੋਵੇਗੀ। ਇਸ ਨੂੰ ਖ਼ਰੀਦਣ ਤੋਂ ਬਾਅਦ ਤੁਹਾਨੂੰ ਆਪਣੇ ਮੋਬਾਇਲ ਫ਼ੋਨ ਵਿੱਚ ਕਿਟ ਨਾਲ ਸਬੰਧਤ ਐਪ ਡਾਊਨਲੋਡ ਕਰਨੀ ਹੋਵੇਗੀ। ਤੁਸੀਂ ਜਿਹੜੀ ਕੰਪਨੀ ਦੀ ਕਿਟ ਖ਼ਰੀਦੀ ਹੈ, ਉਸ ਦੀ ਐਪ ਤੁਹਾਨੂੰ ‘ਗੂਗਲ ਪਲੇਅ ਸਟੋਰ’ ਜਾਂ ‘ਐਪਲ ਸਟੋਰ’ ਤੋਂ ਡਾਊਨਲੋਡ ਕਰਨੀ ਹੋਵੇਗੀ।


ਟੈਸਟ ਕਰਨ ਦਾ ਪੂਰਾ ਤਰੀਕਾ ਐਪ ਵਿੱਚ ਜਾਂ ਟੈਸਟ ਕਿਟ ਵਿੱਚ ਤੁਹਾਨੂੰ ਦੱਸਿਆ ਜਾਵੇਗਾ। ਐਪ ਵਿੱਚ ਤੁਸੀਂ ਵਿਡੀਓ ਜਾਂ ਤਸਵੀਰ ਰਾਹੀਂ ਵੀ ਤਰੀਕਾ ਸਮਝ ਸਕਦੇ ਹੋ। ਟੈਸਟ ਕਰਨ ਤੋਂ ਬਾਅਦ ਤੁਹਾਨੂੰ ਕਿਟ ਦੀ ਤਸਵੀਰ ਉਸੇ ਮੋਬਾਇਲ ਤੋਂ ਖਿੱਚਣੀ ਹੋਵੇਗੀ, ਜਿਸ ਵਿੱਚ ਤੁਸੀਂ ਐਪ ਇੰਸਟਾਲ ਕੀਤੀ ਹੈ।


ਇਹ ਐਪ ਕੋਰੋਨਾ ਟੈਸਟਿੰਗ ਦੇ ਸੈਂਟਰਲ ਪੋਰਟਲ ਨਾਲ ਜੁੜੀ ਹੋਵੇਗੀ। ਤੁਹਾਡੇ ਟੈਸਟ ਦਾ ਜੋ ਵੀ ਰਿਜ਼ਲਟ ਹੋਵੇਗਾ, ਉਹ ਸਿੱਧਾ ਪੋਰਟਲ ’ਚ ਅਪਡੇਟ ਹੋ ਜਾਵੇਗਾ। ਇਸ ਸਾਰੀ ਪ੍ਰਕਿਰਿਆ ਦੌਰਾਨ ਤੁਹਾਡੀ ਨਿੱਜਤਾ ਤੇ ਭੇਤਦਾਰੀ ਦਾ ਪੂਰਾ ਖ਼ਿਆਲ ਰੱਖਿਆ ਜਾਵੇਗਾ। ਤੁਹਾਡੇ ਮੋਬਾਇਲ ਨੰਬਰ, ਟੈਸਟ ਰਿਜ਼ਲਟ ਜਿਹੀ ਜਾਣਕਾਰੀ ਕਿਸੇ ਨਾਲ ਸਾਂਝੀ ਨਹੀਂ ਕੀਤੀ ਜਾਵੇਗੀ। ਜੇ ਤੁਹਾਡਾ ਰਿਜ਼ਲਟ ਪਾਜ਼ਿਟਿਵ ਆਇਆ ਹੈ, ਤਾਂ ਤੁਹਾਨੂੰ ਕੋਵਿਡ ਪ੍ਰੋਟੋਕੋਲ ਦੀ ਪਾਲਣਾ ਕਰਨੀ ਹੋਵੇਗੀ। ਜੇ ਨੈਗੇਟਿਵ ਆਇਆ ਹੈ, ਤਾਂ ਤੁਹਾਨੂੰ RT-PCR ਟੈਸਟ ਕਰਵਾਉਣਾ ਹੋਵੇਗਾ।