ਕ੍ਰਿਕਟ ਦੀ ਖੇਡ ਨੂੰ 'ਜੈਂਟਲਮੈਨਸ ਗੇਮ' ਕਿਹਾ ਜਾਂਦਾ ਹੈ। ਪਰ ਕ੍ਰਿਕਟ ਖੇਡਦੇ ਖਿਡਾਰੀ ਕਦੇ ਵੀ ਸੱਟਾਂ ਤੋਂ ਦੂਰ ਨਹੀਂ ਰਹਿੰਦੇ। ਕ੍ਰਿਕਟ ਖੇਡਦੇ ਕੁਝ ਖਿਡਾਰੀਆਂ ਨੇ ਜਿਥੇ ਗੰਭੀਰ ਸੱਟਾਂ ਦਾ ਸਾਹਮਣਾ ਕੀਤਾ ਉਥੇ ਹੀ ਕੁਝ ਖਿਡਾਰੀਆਂ ਨੂੰ ਜਾਨ ਤਕ ਗਵਾਉਣੀ ਪਈ। ਅੱਜ ਦੇ ਹੀ ਦਿਨ ਕ੍ਰਿਕਟ ਦੀ ਖੇਡ ਨੂੰ ਵੱਡਾ ਨੁਕਸਾਨ ਝੱਲਣਾ ਪਿਆ ਸੀ ਜਦ ਆਸਟ੍ਰੇਲੀਆ ਦੇ ਖਿਡਾਰੀ ਫਿਲਿਪ ਹਿਊਗਸ ਦੀ ਮੈਦਾਨ 'ਤੇ ਸੱਟ ਲੱਗਣ ਕਾਰਨ ਮੌਤ ਹੋ ਗਈ ਸੀ।
ਫਿਲਿਪ ਹਿਊਗਸ
ਆਸਟ੍ਰੇਲੀਆ ਦੇ ਦਿੱਗਜ ਖਿਡਾਰੀ ਫਿਲਿਪ ਹਿਊਗਸ ਨੇ ਅੱਜ ਦੇ ਹੀ ਦਿਨ ਸਾਲ 2014 'ਚ ਇੱਕ ਮੈਚ ਦੌਰਾਨ ਮੈਦਾਨ 'ਤੇ ਹੋਏ ਹਾਦਸੇ 'ਚ ਜਾਨ ਗਵਾ ਦਿੱਤੀ। ਸੀਨ ਐਬੌਟ ਦੀ ਬਾਉਂਸਰ ਹਿਊਗਸ ਦੇ ਸਿਰ ਦੇ ਪਿਛਲੇ ਪਾਸੇ ਲੱਗੀ ਅਤੇ ਇਸ ਸੱਟ ਕਾਰਨ ਹਿਊਗਸ ਦੀ ਜਾਨ ਚਲੀ ਗਈ। ਇਹ ਹਾਦਸਾ ਸ਼ੈਫੀਲਡ ਟਰਾਫੀ ਦੇ ਮੈਚ ਦੌਰਾਨ ਹੋਇਆ ਸੀ। ਫਿਲਿਪ ਹਿਊਗਸ ਸਿਰਫ 25 ਸਾਲ ਦੇ ਸਨ।
ਹਿਊਗਸ ਨੇ ਆਸਟ੍ਰੇਲੀਆ ਲਈ ਖੇਡੇ 26 ਟੈਸਟ ਮੈਚਾਂ 'ਚ 3 ਸੈਂਕੜੇ ਅਤੇ 7 ਅਰਧ-ਸੈਂਕੜੇ ਠੋਕੇ। ਟੈਸਟ ਮੈਚਾਂ 'ਚ ਹਿਊਗਸ ਦੀ ਔਸਤ 32.65 ਦੀ ਸੀ। ਆਸਟ੍ਰੇਲੀਆ ਲਈ ਖੇਡੇ 25 ਵਨਡੇ ਮੈਚਾਂ 'ਚ ਹਿਊਗਸ ਦੇ ਨਾਮ 2 ਸੈਂਕੜੇ ਅਤੇ 4 ਅਰਧ-ਸੈਂਕੜੇ ਦਰਜ ਸਨ।