ਮਹਿਤਾਬ-ਉਦ-ਦੀਨ
ਚੰਡੀਗੜ੍ਹ: ਅਮਰੀਕੀ ਸੂਬੇ ਮਾਸਾਸ਼ੂਸੈਟਸ ਦੀ ਰਾਜਧਾਨੀ ਬੋਸਟਨ ਦੇ ਵਿਸ਼ਵ ਪ੍ਰਸਿੱਧ ਬੋਸਟਨ ਕਾਲਜ ਦੇ 20 ਸਾਲਾ ਵਿਦਿਆਰਥੀ ਸਮਰੱਥ ਸਿੰਘ ਨੂੰ ਜਿੰਨਾ ਪਿਆਰ ਬੇਸਬਾਲ ਗੇਮ ਨਾਲ ਹੈ, ਉਸ ਤੋਂ ਕਿਤੇ ਜ਼ਿਆਦਾ ਉਹ ਆਪਣੇ ਸਿੱਖ ਧਰਮ ਨੂੰ ਪਿਆਰ ਕਰਦਾ ਹੈ। ਸਮਰੱਥ ਸਿੰਘ ਇਸ ਵੱਕਾਰੀ ਕਾਲਜ ਦਾ ਪਹਿਲਾ ਅਜਿਹਾ ਦਸਤਾਰਧਾਰੀ ਸਿੱਖ ਵਿਦਿਆਰਥੀ ਹੋਵੇਗਾ, ਜੋ D1 ਬੇਸਬਾਲ ਖੇਡੇਗਾ।
ਸਮਰੱਥ ਸਿੰਘ ਨੇ ਦੱਸਿਆ ਕਿ ਉਸ ਨੇ ਦੋ-ਚਾਰ ਸਾਲ ਦੀ ਉਮਰ ’ਚ ਹੀ ਬੇਸਬਾਲ ਗੇਮ ਖੇਡਣੀ ਸ਼ੁਰੂ ਕਰ ਦਿੱਤੀ ਸੀ ਤੇ ਹੋਸ਼ ਸੰਭਾਲਣ ਵੇਲੇ ਤੱਕ ਉਸ ਨੇ ਇਸ ਖੇਡ ਵਿੱਚ ਮੁਹਾਰਤ ਹਾਸਲ ਕਰ ਲਈ ਸੀ। ਹੁਣ ਬੋਸਟਨ ਕਾਲਜ ਦੇ ਪ੍ਰਬੰਧਕਾਂ ਨੇ ਇੱਕ ਦਸਤਾਰਧਾਰੀ ਸਿੱਖ ਨੂੰ ਬੇਸਬਾਲ ਗੇਮ ਖੇਡਣ ਦੀ ਇਜਾਜ਼ਤ ਦੇ ਦਿੱਤੀ ਹੈ। ਉਹ ਪਟਕਾ ਬੰਨ੍ਹ ਕੇ ਇਹ ਗੇਮ ਖੇਡੇਗਾ। ਪਹਿਲਾਂ ਪ੍ਰਬੰਧਕਾਂ ਨੂੰ ਇਤਰਾਜ਼ ਹੁੰਦਾ ਸੀ ਕਿ ਬੇਸਬਾਲ ਦੇ ਕਿਸੇ ਖਿਡਾਰੀ ਦੇ ਸਿਰ ਕਿਸੇ ਚੀਜ਼ ਨਾਲ ਢੱਕਿਆ ਨਹੀਂ ਹੋਣਾ ਚਾਹੀਦਾ।
ਸਮਰੱਥ ਸਿੰਘ ਪਹਿਲਾ ਅਜਿਹਾ ਸਿੱਖ ਹੋਵੇਗਾ ਜੋ ਡਿਵੀਜ਼ਨ 1 ਕਾਲਜ ਬੇਸਬਾਲ ਗੇਮ ਵਿੱਚ ਦਸਤਾਰ ਜਾਂ ਪਟਕਾ ਸਜਾ ਕੇ ਮੁਕਾਬਲਿਆਂ ਵਿੱਚ ਭਾਗ ਲੈ ਸਕੇਗਾ। ‘ਐਨਬੀਸੀ ਨਿਊਜ਼’ ਵੱਲੋਂ ਪ੍ਰਕਾਸ਼ਿਤ ਸਾਕਸ਼ੀ ਵੈਂਕਟਾਰਮਨ ਦੀ ਰਿਪੋਰਟ ਮੁਤਾਬਕ ਪਿਛਲੇ ਸਾਲ ਪਹਿਲਾਂ ਸਮਰੱਥ ਸਿੰਘ ਦੇ ਸੱਟ ਲੱਗ ਗਈ ਸੀ ਤੇ ਫਿਰ ਕੋਰੋਨਾਵਾਇਰਸ ਮਹਾਮਾਰੀ ਦਾ ਦੌਰ ਸ਼ੁਰੂ ਹੋ ਗਿਆ, ਜਿਸ ਕਾਰਨ ਉਹ ਪਿਛਲੇ ਡੇਢ ਸਾਲ ਤੋਂ ਬੇਸਬਾਲ ਗੇਮ ਨਹੀਂ ਖੇਡ ਸਕਿਆ।
ਸਮਰੱਥ ਸਿੰਘ ਨੇ ਦੱਸਿਆ ਕਿ ਉਹ ਜ਼ਿਆਦਾਤਰ ਨਿਊ ਜਰਸੀ ਇਲਾਕੇ ’ਚ ਰਿਹਾ ਹੈ ਤੇ ਆਪਣੀ ਕਲਾਸ ਵਿੱਚ ਉਹ ਇਕਲੌਤਾ ਦਸਤਾਰਧਾਰੀ ਸਿੱਖ ਹੈ। ਉਸ ਨੇ ਮੰਨਿਆ ਕਿ ਉਸ ਦੇ ਕੇਸ ਤੇ ਦਾੜ੍ਹੀ ਕਾਰਣ ਉਸ ਨਾਲ ਸਕੂਲ ਵਿੱਚ ਅਕਸਰ ਛੇੜਖਾਨੀ ਤੇ ਵਿਤਕਰਾ ਵੀ ਹੁੰਦਾ ਰਿਹਾ ਹੈ ਪਰ ਉਸ ਨੇ ਕਦੇ ਉਸ ਪਾਸੇ ਧਿਆਨ ਹੀ ਨਹੀਂ ਦਿੱਤਾ। ਉਹ ਸਿਰਫ਼ ਆਪਣੀ ਗੇਮ ਉੱਤੇ ਹੀ ਆਪਣਾ ਧਿਆਨ ਕੇਂਦ੍ਰਿਤ ਕਰਦਾ ਰਿਹਾ ਹੈ।
ਸਮਰੱਥ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਉਸ ਦੀ ਦਸਤਾਰ ਉਸ ਦੀ ਸ਼ਾਨਾਂਮੱਤੀ ਪਛਾਣ ਹੈ ਤੇ ਉਸ ਨੇ ਛੋਟੇ ਹੁੰਦਿਆਂ ਆਪਣੇ ਨਾਲ ਇਸ ਦਸਤਾਰ ਕਾਰਣ ਹੋਣ ਵਾਲੀਆਂ ਵਧੀਕੀਆਂ ਵੱਲ ਧਿਆਨ ਹੀ ਨਹੀਂ ਦਿੱਤਾ। ਮੈਨੂੰ ਲੱਗਦਾ ਹੈ ਕਿ ਇਹ ਮੇਰੇ ਲਈ ਇੱਕ ਆਸ਼ੀਰਵਾਦ ਹੈ। ਉਸ ਨੇ ਕਿਹਾ ਕਿ ਸਿੱਖ ਤਾਂ ਜੋਧੇ ਹੁੰਦੇ ਹਨ ਤੇ ਉਹ ਮਾੜੀਆਂ-ਮੋਟੀਆਂ ਗੱਲਾਂ ਤੋਂ ਡਰਦੇ ਜਾਂ ਘਬਰਾਉਂਦੇ ਨਹੀਂ ਹੁੰਦੇ।
ਇਹ ਵੀ ਪੜ੍ਹੋ: ਕਾਂਗਰਸ, 'ਆਪ' ਤੇ ਬੀਜੇਪੀ ਤਿੰਨੇ ਪਾਰਟੀਆਂ ’ਤੇ ਹੁਣ ਲੋਕਾਂ ਨੂੰ ਭਰੋਸਾ ਨਹੀਂ ਰਿਹਾ: ਸੁਖਬੀਰ ਬਾਦਲ ਦਾ ਦਾਅਵਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin