ਕਮੈਂਟੇਟਰ ਨੂੰ ਵੀਨਸ 'ਤੇ ਨਸਲੀ ਕਮੈਂਟ ਕਰਨਾ ਪਿਆ ਮਹਿੰਗਾ
ਚੈਨਲ ਵੱਲੋਂ ਜਾਰੀ ਕੀਤੇ ਗਏ ਬਿਆਨ 'ਚ ਦੱਸਿਆ ਗਿਆ ਕਿ ਐਡਲਰ ਨੂੰ ਸ਼ਬਦਾਂ ਦੀ ਚੋਣ 'ਚ ਸਾਵਧਾਨੀ ਵਰਤਣ ਦੀ ਲੋੜ ਸੀ।
ਇੱਕ ਅਮਰੀਕੀ ਕਮੈਂਟੇਟਰ ਨੇ ਵੀਨਸ ਵਿਲੀਅਮਸ 'ਤੇ ਨਸਲੀ ਟਿੱਪਣੀ ਕੀਤੀ। ਇਸਤੋਂ ਬਾਅਦ ਇਸ ਕਮੈਂਟੇਟਰ ਨੂੰ ਆਪਣੇ ਕੰਟਰੈਕਟ ਤੋਂ ਹੱਥ ਗਵਾਉਣਾ ਪਿਆ।
ਚੈਨਲ ਵੱਲੋਂ ਜਾਰੀ ਕੀਤੇ ਗਏ ਬਿਆਨ 'ਚ ਕਿਹਾ ਗਿਆ ਕਿ ਕਮੈਂਟੇਟਰ ਨੂੰ ਪਤਾ ਹੋਣਾ ਚਾਹੀਦਾ ਸੀ ਕਿ ਓਹ ਕੀ ਕਹਿ ਰਹੇ ਹਨ ਅਤੇ ਉਨ੍ਹਾਂ ਦੀਆਂ ਗੱਲਾਂ ਦਾ ਕੀ ਮਤਲਬ ਨਿਕਲਦਾ ਹੈ।
ਇਸ ਅਮਰੀਕੀ ਕਮੈਂਟੇਟਰ ਦਾ ਨਾਮ ਡਗ ਐਡਲਰ ਹੈ ਜਿਸਨੂੰ ESPN ਨੇ ਵਿਵਾਦ ਹੋਣ ਤੋਂ ਬਾਅਦ ਕਮੈਂਟਰੀ ਤੋਂ ਹਟਾ ਦਿੱਤਾ ਹੈ। ਐਡਲਰ ਨੇ ਆਸਟ੍ਰੇਲੀਅਨ ਓਪਨ 'ਚ ਵੀਨਸ ਵਿਲੀਅਮਸ ਦੀ ਤੁਲਨਾ 'ਗੁਰਿੱਲਾ' ਨਾਲ ਕੀਤੀ ਸੀ।
ਐਡਲਰ ਨੇ ਆਪਣੇ ਕਮੈਂਟਸ ਤੋਂ ਬਾਅਦ ਮੁਆਫੀ ਮੰਗ ਲਈ ਪਰ ਫਿਰ ਵੀ ਚੈਨਲ ਨੇ ਉਨ੍ਹਾਂ ਨੂੰ ਕਮੈਂਟਰੀ ਪੈਨਲ ਤੋਂ ਹਟਾ ਦਿੱਤਾ।
ਐਡਲਰ ਨੇ ਕਿਹਾ ਕਿ 'ਸਟੈਫਨੀ 'ਤੇ ਵੀਨਸ ਹਾਵੀ ਹੋ ਗਈ ਹੈ। ਵੀਨਸ ਅੰਦਰ ਆਕੇ ਖੇਡਦੀ ਹੈ ਅਤੇ ਗੁਰਿੱਲਾ ਪ੍ਰਭਾਵ ਸ਼ੁਰੂ ਹੋ ਜਾਂਦਾ ਹੈ। ਇਹ ਗੁਰਿੱਲਾ ਪ੍ਰਭਾਵ ਹੀ ਹੈ।'
ਇਸ ਕਮੈਂਟ ਤੋਂ ਬਾਅਦ ਐਡਲਰ ਦੀ ਸੋਸ਼ਲ ਮੀਡੀਆ 'ਤੇ ਕਾਫੀ ਆਲੋਚਨਾ ਹੋ ਰਹੀ ਸੀ। ਲਗਾਤਾਰ ਹੋ ਰਹੀ ਆਲੋਚਨਾ ਤੋਂ ਬਾਅਦ ਚੈਨਲ ਨੇ ਕਮੈਂਟੇਟਰ 'ਤੇ ਕਾਰਵਾਈ ਕੀਤੀ।
ਇਹ ਸਭ ਵਿਵਾਦ ਉਸ ਵੇਲੇ ਸ਼ੁਰੂ ਹੋਇਆ ਸੀ ਜਦ ਵੀਨਸ ਵਿਲੀਅਮਸ ਆਸਟ੍ਰੇਲੀਅਨ ਓਪਨ 'ਚ ਦੂਜੇ ਦੌਰ ਦੇ ਮੈਚ 'ਚ ਸਟੈਫਨੀ ਵੋਏਗਲੇ ਨਾਲ ਮੈਚ ਖੇਡ ਰਹੀ ਸੀ।