CWG 2022: ਟੋਕੀਓ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਭਾਰਤੀ ਟੀਮ ਨੇ ਰਾਸ਼ਟਰਮੰਡਲ ਖੇਡਾਂ 2022 ਦੇ ਫਾਈਨਲ ਵਿੱਚ ਥਾਂ ਬਣਾ ਕੇ ਇਤਿਹਾਸ ਰਚ ਦਿੱਤਾ ਹੈ। ਸੈਮੀਫਾਈਨਲ ਮੈਚ 'ਚ ਭਾਰਤ ਨੇ ਦੱਖਣੀ ਅਫਰੀਕਾ ਨੂੰ 3-2 ਨਾਲ ਹਰਾਇਆ।


ਭਾਰਤ ਤੀਸਰੀ ਵਾਰ ਫਾਈਨਲ ਵਿੱਚ, ਆਸਟਰੇਲੀਆ ਖ਼ਿਲਾਫ਼ ਰਿਕਾਰਡ ਬਹੁਤ ਖ਼ਰਾਬ- ਭਾਰਤੀ ਪੁਰਸ਼ ਹਾਕੀ ਟੀਮ ਤੀਜੀ ਵਾਰ ਰਾਸ਼ਟਰਮੰਡਲ ਖੇਡਾਂ ਦੇ ਫਾਈਨਲ ਵਿੱਚ ਪਹੁੰਚੀ ਹੈ। ਦੋਵਾਂ ਵਿਚਾਲੇ ਫਾਈਨਲ ਮੈਚ 8 ਅਗਸਤ ਨੂੰ ਖੇਡਿਆ ਜਾਵੇਗਾ। ਪਹਿਲੀ ਵਾਰ ਭਾਰਤੀ ਟੀਮ 2010 'ਚ ਫਾਈਨਲ 'ਚ ਪਹੁੰਚੀ ਸੀ, ਜਿਸ 'ਚ ਉਸ ਨੂੰ ਆਸਟ੍ਰੇਲੀਆ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਚਾਂਦੀ ਦੇ ਤਗਮੇ ਨਾਲ ਹੀ ਸੰਤੋਖ ਕਰਨਾ ਪਿਆ ਸੀ| ਇਸ ਤੋਂ ਬਾਅਦ 2014 'ਚ ਵੀ ਭਾਰਤੀ ਟੀਮ ਫਾਈਨਲ 'ਚ ਪਹੁੰਚੀ ਸੀ ਪਰ ਉਸ ਸਮੇਂ ਵੀ ਆਸਟ੍ਰੇਲੀਆ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਆਸਟਰੇਲੀਆ ਨੇ 2010 ਵਿੱਚ ਭਾਰਤ ਨੂੰ 8-0 ਨਾਲ ਹਰਾਇਆ ਸੀ, ਫਿਰ 2014 ਵਿੱਚ 4-0 ਨਾਲ।


ਭਾਰਤ ਨੇ ਦੱਖਣੀ ਅਫਰੀਕਾ ਨੂੰ ਇਸ ਤਰ੍ਹਾਂ ਹਰਾਇਆ- ਵਿਸ਼ਵ ਦੀ ਪੰਜਵੀਂ ਰੈਂਕਿੰਗ ਵਾਲੀ ਟੀਮ ਇੰਡੀਆ ਨੂੰ 13ਵੇਂ ਨੰਬਰ ਦੀ ਦੱਖਣੀ ਅਫਰੀਕਾ ਨੇ 60 ਮਿੰਟ ਤੱਕ ਸਖਤ ਚੁਣੌਤੀ ਦਿੱਤੀ। ਭਾਰਤ ਲਈ ਅਭਿਸ਼ੇਕ, ਮਨਦੀਪ ਸਿੰਘ ਅਤੇ ਜੁਗਰਾਜ ਸਿੰਘ ਨੇ ਗੋਲ ਕੀਤੇ। ਲੀਗ ਗੇੜ ਵਿੱਚ ਅਜੇਤੂ ਰਹੇ ਭਾਰਤ ਲਈ ਅਭਿਸ਼ੇਕ ਨੇ 20ਵੇਂ ਮਿੰਟ ਵਿੱਚ, ਮਨਦੀਪ ਸਿੰਘ ਨੇ 28ਵੇਂ ਮਿੰਟ ਵਿੱਚ ਅਤੇ ਜੁਗਰਾਜ ਸਿੰਘ ਨੇ 58ਵੇਂ ਮਿੰਟ ਵਿੱਚ ਜਦਕਿ ਦੱਖਣੀ ਅਫਰੀਕਾ ਲਈ ਰਿਆਨ ਜੂਲੀਅਸ ਨੇ 33ਵੇਂ ਮਿੰਟ ਅਤੇ ਐਮ ਕਾਸਿਮ ਨੇ 59ਵੇਂ ਮਿੰਟ ਵਿੱਚ ਗੋਲ ਕੀਤੇ।


ਭਾਰਤ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਹੁਣ ਤੱਕ ਇੱਕ ਵੀ ਸੋਨ ਤਮਗਾ ਨਹੀਂ ਜਿੱਤਿਆ- ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤੀ ਪੁਰਸ਼ ਹਾਕੀ ਟੀਮ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ ਪਰ ਦੋ ਵਾਰ ਫਾਈਨਲ ਵਿੱਚ ਪਹੁੰਚਣ ਦੇ ਬਾਵਜੂਦ ਸੋਨ ਤਗ਼ਮਾ ਨਹੀਂ ਜਿੱਤ ਸਕੀ। ਦੋਵੇਂ ਵਾਰ ਭਾਰਤ ਨੂੰ ਫਾਈਨਲ 'ਚ ਆਸਟ੍ਰੇਲੀਆ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਤੀਜੀ ਵਾਰ ਵੀ ਭਾਰਤ ਦਾ ਮੁਕਾਬਲਾ ਆਸਟ੍ਰੇਲੀਆ ਨਾਲ ਹੈ। ਸਾਰੇ ਛੇ ਸੋਨ ਤਗ਼ਮੇ ਆਸਟ੍ਰੇਲੀਆ ਗਏ ਹਨ। ਭਾਰਤ ਨੇ 2010 ਵਿੱਚ ਦਿੱਲੀ ਅਤੇ 2014 ਵਿੱਚ ਗਲਾਸਗੋ ਵਿੱਚ ਦੋ ਵਾਰ ਚਾਂਦੀ ਦੇ ਤਗ਼ਮੇ ਜਿੱਤੇ ਸਨ, ਜਦੋਂ ਕਿ ਗੋਲਡ ਕੋਸਟ ਵਿੱਚ ਪਿਛਲੀ ਵਾਰ ਭਾਰਤ ਦਾ ਝੋਲਾ ਖਾਲੀ ਸੀ।