ਲਾਸ ਐਂਜਲਸ - ਅਮਰੀਕਾ ਅਤੇ ਓਮਾਨ ਦੀਆਂ ਟੀਮਾਂ ਵਿਚਾਲੇ ਖੇਡਿਆ ਗਿਆ ਵਨਡੇ ਮੈਚ ਸਟੀਵਨ ਟੇਲਰ ਨੇ ਰੋਮਾਂਚਕ ਬਣਾ ਦਿੱਤਾ। ਟੇਲਰ ਨੇ ਧਮਾਕੇਦਾਰ ਸੈਂਕੜਾ ਠੋਕ ਅਮਰੀਕਾ ਨੂੰ ਜਿੱਤ ਹਾਸਿਲ ਕਰਵਾਈ। ਅਮਰੀਕਾ ਨੇ ਓਮਾਨ ਨੂੰ 8 ਵਿਕਟਾਂ ਨਾਲ ਮਾਤ ਦਿੱਤੀ। 
  
 
ਓਮਾਨ - 163 ਆਲ ਆਊਟ 
 
ਇਸ ਮੈਚ 'ਚ ਅਮਰੀਕਾ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ। ਅਮਰੀਕਾ ਦੀ ਟੀਮ ਦਾ ਇਹ ਫੈਸਲਾ ਸਹੀ ਵੀ ਸਾਬਿਤ ਹੋਇਆ। ਅਮਰੀਕਾ ਨੇ ਓਮਾਨ ਦੀ ਟੀਮ ਨੂੰ 49.2 ਓਵਰਾਂ 'ਚ 163 ਰਨ 'ਤੇ ਆਲ ਆਊਟ ਕਰ ਦਿੱਤਾ। ਅਮਰੀਕਾ ਲਈ ਟਿਮੀਲ ਪਟੇਲ ਨੇ 9 ਓਵਰਾਂ 'ਚ 22 ਰਨ ਦੇਕੇ 5 ਵਿਕਟ ਝਟਕੇ। ਸਟੀਵਨ ਟੇਲਰ ਨੇ 10 ਓਵਰਾਂ 'ਚ 33 ਰਨ ਦੇਕੇ 1 ਵਿਕਟ ਹਾਸਿਲ ਕੀਤਾ। 
  
 
ਟੇਲਰ ਦਾ ਧਮਾਕਾ 
 
ਓਮਾਨ ਦੇ ਰੱਖੇ 164 ਰਨ ਦੇ ਟੀਚੇ ਨੂੰ ਅਮਰੀਕਾ ਦੀ ਟੀਮ ਨੇ 29.3 ਓਵਰਾਂ 'ਚ ਹੀ ਹਾਸਿਲ ਕਰ ਲਿਆ। ਖਾਸ ਗੱਲ ਇਹ ਰਹੀ ਕਿ 164 ਰਨ ਚੋਂ 124 ਰਨ ਟੀਮ ਦੇ ਸਲਾਮੀ ਬੱਲੇਬਾਜ ਸਟੀਵਨ ਟੇਲਰ ਨੇ ਇਕੱਲੇ ਹੀ ਬਣਾ ਦਿੱਤੇ। ਸਟੀਵਨ ਟੇਲਰ ਨੇ 95 ਗੇਂਦਾਂ 'ਤੇ 124 ਰਨ ਦੀ ਨਾਬਾਦ ਪਾਰੀ ਖੇਡੀ। ਟੇਲਰ ਦੀ ਪਾਰੀ 'ਚ 15 ਚੌਕੇ ਅਤੇ 7 ਛੱਕੇ ਸ਼ਾਮਿਲ ਸਨ। ਟੇਲਰ ਦੇ ਮੈਦਾਨ 'ਤੇ ਹੁੰਦਿਆਂ ਬੱਲੇਬਾਜ਼ੀ ਕਰਨ ਵਾਲੇ ਬਾਕੀ ਦੇ 3 ਬੱਲੇਬਾਜਾਂ ਦਾ ਸਟ੍ਰਾਈਕ ਰੇਟ 50 ਤੋਂ ਵੀ ਘਟ ਦਾ ਰਿਹਾ। ਟੇਲਰ ਦੇ ਧਮਾਕੇਦਾਰ ਸੈਂਕੜੇ ਦੇ ਆਸਰੇ ਅਮਰੀਕਾ ਨੇ ਮੈਚ ਆਸਾਨੀ ਨਾਲ ਆਪਣੇ ਨਾਮ ਕਰ ਲਿਆ।