Shahid Afridi claim Stones were thrown on Pakistan Team Bus In India: ਪਾਕਿਸਤਾਨੀ ਟੀਮ ਦੇ ਸਾਬਕਾ ਕਪਤਾਨ ਸ਼ਾਹਿਦ ਅਫਰੀਦੀ ਨੇ ਭਾਰਤ ਨੂੰ ਲੈ ਕੇ ਬਹੁਤ ਹੀ ਵਿਵਾਦਿਤ ਬਿਆਨ ਦਿੱਤਾ ਹੈ। ਅਫਰੀਦੀ ਨੇ ਪਾਕਿਸਤਾਨ 'ਚ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਜਦੋਂ ਉਨ੍ਹਾਂ ਦੀ ਟੀਮ 2005 'ਚ ਭਾਰਤ ਦੌਰੇ 'ਤੇ ਸੀ ਤਾਂ ਬੈਂਗਲੁਰੂ ਟੈਸਟ ਜਿੱਤਣ ਤੋਂ ਬਾਅਦ ਟੀਮ ਦੀ ਬੱਸ 'ਤੇ ਪਥਰਾਅ ਕੀਤਾ ਗਿਆ ਸੀ। ਭਾਰਤ ਅਤੇ ਪਾਕਿਸਤਾਨ ਵਿਚਾਲੇ ਪਿਛਲੇ 10 ਸਾਲਾਂ ਤੋਂ ਕੋਈ ਵੀ ਦੁਵੱਲੀ ਸੀਰੀਜ਼ ਨਹੀਂ ਖੇਡੀ ਗਈ ਹੈ, ਜਿਸ ਦਾ ਸਭ ਤੋਂ ਵੱਡਾ ਕਾਰਨ ਦੋਵਾਂ ਦੇਸ਼ਾਂ ਦੇ ਆਪਸੀ ਰਿਸ਼ਤੇ ਹਨ।
ਸਾਲ 2005 'ਚ ਜਦੋਂ ਪਾਕਿਸਤਾਨੀ ਟੀਮ ਭਾਰਤ ਦੌਰੇ 'ਤੇ ਆਈ ਸੀ ਤਾਂ ਇਸ ਨੇ 3 ਟੈਸਟ ਅਤੇ 6 ਵਨਡੇ ਮੈਚਾਂ ਦੀ ਸੀਰੀਜ਼ ਖੇਡੀ ਸੀ। ਇਸ 'ਚ ਜਿੱਥੇ ਇਹ ਟੈਸਟ ਸੀਰੀਜ਼ 1-1 ਨਾਲ ਬਰਾਬਰੀ 'ਤੇ ਸਮਾਪਤ ਹੋਈ। ਇਸ ਦੇ ਨਾਲ ਹੀ ਪਾਕਿਸਤਾਨ ਨੇ ਵਨਡੇ ਸੀਰੀਜ਼ 4-2 ਨਾਲ ਜਿੱਤ ਲਈ ਸੀ। ਇਸ ਟੈਸਟ ਸੀਰੀਜ਼ ਦਾ ਆਖਰੀ ਮੈਚ ਬੈਂਗਲੁਰੂ ਦੇ ਐੱਮ. ਚਿੰਨਾਸਵਾਮੀ ਸਟੇਡੀਅਮ 'ਚ ਖੇਡਿਆ ਗਿਆ ਸੀ। ਇਸ 'ਚ ਪਾਕਿਸਤਾਨ ਨੇ 168 ਦੌੜਾਂ ਨਾਲ ਜਿੱਤ ਦਰਜ ਕੀਤੀ ਅਤੇ ਸੀਰੀਜ਼ ਡਰਾਅ 'ਤੇ ਖਤਮ ਕਰਨ 'ਚ ਕਾਮਯਾਬ ਰਹੀ।
ਸ਼ਾਹਿਦ ਅਫਰੀਦੀ ਨੇ ਇਸ ਦੌਰੇ ਬਾਰੇ ਕਿਹਾ ਕਿ ਉੱਥੇ ਸਾਡੇ ਲਈ ਕਾਫੀ ਦਬਾਅ ਸੀ। ਜਦੋਂ ਅਸੀਂ ਚੌਕੇ-ਛੱਕੇ ਮਾਰਦੇ ਸੀ ਤਾਂ ਕੋਈ ਸਾਡੇ ਲਈ ਤਾੜੀ ਨਹੀਂ ਵਜਾਉਂਦਾ ਸੀ। ਜੇ ਰਜ਼ਾਕ ਨੂੰ ਯਾਦ ਹੈ, ਜਦੋਂ ਅਸੀਂ ਬੰਗਲੁਰੂ ਵਿੱਚ ਟੈਸਟ ਮੈਚ ਜਿੱਤਿਆ ਸੀ, ਸਾਡੀ ਟੀਮ ਦੀ ਬੱਸ 'ਤੇ ਪੱਥਰਬਾਜ਼ੀ ਕੀਤੀ ਗਈ ਸੀ।
ਪਾਕਿਸਤਾਨੀ ਟੀਮ ਨੂੰ ਵਿਸ਼ਵ ਕੱਪ ਖੇਡਣ ਜ਼ਰੂਰ ਜਾਣਾ ਚਾਹੀਦਾ ਹੈ
ਅਜੇ ਤੱਕ ਪਾਕਿਸਤਾਨ ਵੱਲੋਂ ਵਿਸ਼ਵ ਕੱਪ ਖੇਡਣ ਲਈ ਭਾਰਤ ਆਉਣ ਬਾਰੇ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ। ਇਸ ਬਾਰੇ ਸ਼ਾਹਿਦ ਅਫਰੀਦੀ ਨੇ ਅੱਗੇ ਕਿਹਾ ਕਿ ਤੁਸੀਂ ਲੋਕ ਕਹਿ ਰਹੇ ਹੋ ਕਿ ਪਾਕਿਸਤਾਨ ਨੂੰ ਵਿਸ਼ਵ ਕੱਪ ਲਈ ਭਾਰਤ ਨਹੀਂ ਜਾਣਾ ਚਾਹੀਦਾ ਅਤੇ ਇਸ ਵਿਸ਼ਵ ਕੱਪ ਦਾ ਬਾਈਕਾਟ ਕਰਨਾ ਚਾਹੀਦਾ ਹੈ। ਪਰ ਮੈਂ ਇਸ ਨਾਲ ਬਿਲਕੁਲ ਵੀ ਸਹਿਮਤ ਨਹੀਂ ਹਾਂ। ਮੈਨੂੰ ਲੱਗਦਾ ਹੈ ਕਿ ਸਾਨੂੰ ਉੱਥੇ ਜਾਣਾ ਚਾਹੀਦਾ ਹੈ ਅਤੇ ਜਿੱਤ ਕੇ ਵਾਪਸ ਆਉਣਾ ਚਾਹੀਦਾ ਹੈ।