India retain same squad for 2nd Test against Bangladesh: ਭਾਰਤੀ ਕ੍ਰਿਕਟ ਕੰਟਰੋਲ ਬੋਰਡ (B.C.C.I) ਨੇ ਚੇੱਨਈ ਟੈਸਟ ਵਿੱਚ ਟੀਮ ਇੰਡੀਆ ਦੀ ਜਿੱਤ ਤੋਂ ਬਾਅਦ ਕਾਨਪੁਰ ਵਿੱਚ ਖੇਡੇ ਜਾਣ ਵਾਲੇ ਦੂਜੇ ਟੈਸਟ ਲਈ ਟੀਮ ਇੰਡੀਆ ਦਾ ਐਲਾਨ ਕੀਤਾ ਹੈ। ਬੀਸੀਸੀਆਈ ਨੇ ਭਾਰਤ ਦੀ ਜਿੱਤ ਤੋਂ ਤੁਰੰਤ ਬਾਅਦ ਦੂਜੇ ਟੈਸਟ ਲਈ ਟੀਮ ਇੰਡੀਆ ਦਾ ਐਲਾਨ ਕਰ ਦਿੱਤਾ। ਤੁਹਾਨੂੰ ਦੱਸ ਦੇਈਏ ਕਿ ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਦੂਜਾ ਟੈਸਟ ਮੈਚ 27 ਸਤੰਬਰ ਤੋਂ ਕਾਨਪੁਰ ਵਿੱਚ ਖੇਡਿਆ ਜਾਵੇਗਾ।


ਚੋਣ ਕਮੇਟੀ ਨੇ ਬੰਗਲਾਦੇਸ਼ ਦੇ ਖ਼ਿਲਾਫ਼ ਦੋ ਮੈਚਾਂ ਦੀ ਟੈਸਟ ਸੀਰੀਜ਼ ਦੇ ਦੂਜੇ ਤੇ ਆਖਰੀ ਟੈਸਟ ਲਈ ਉਸੇ ਟੀਮ ਨੂੰ ਬਰਕਰਾਰ ਰੱਖਿਆ ਹੈ। ਬੀਸੀਸੀਆਈ ਨੇ ਪਹਿਲੇ ਟੈਸਟ ਲਈ ਟੀਮ ਵਿੱਚ ਕੋਈ ਬਦਲਾਅ ਨਹੀਂ ਕੀਤਾ ਹੈ। ਦੂਜੇ ਟੈਸਟ ਲਈ ਵੀ 16 ਮੈਂਬਰੀ ਟੀਮ ਹੈ।






ਬੰਗਲਾਦੇਸ਼ ਦੇ ਖ਼ਿਲਾਫ਼ ਦੂਜੇ ਟੈਸਟ ਲਈ ਭਾਰਤ ਦੀ ਟੀਮ -


ਰੋਹਿਤ ਸ਼ਰਮਾ (ਕਪਤਾਨ), ਯਸ਼ਸਵੀ ਜੈਸਵਾਲ, ਸ਼ੁਭਮਨ ਗਿੱਲ, ਵਿਰਾਟ ਕੋਹਲੀ, ਕੇਐਲ ਰਾਹੁਲ, ਸਰਫ਼ਰਾਜ਼ ਖ਼ਾਨ, ਰਿਸ਼ਭ ਪੰਤ (ਵਿਕਟਕੀਪਰ), ਧਰੁਵ ਜੁਰੇਲ (ਰਿਜ਼ਰਵ ਵਿਕਟਕੀਪਰ), ਰਵੀਚੰਦਰਨ ਅਸ਼ਵਿਨ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਕੁਲਦੀਪ ਯਾਦਵ, ਮੁਹੰਮਦ ਸਿਰਾਜ, ਆਕਾਸ਼ ਦੀਪ, ਜਸਪ੍ਰੀਤ ਬੁਮਰਾਹ ਤੇ ਯਸ਼ ਦਿਆਲ।


ਭਾਰਤ ਨੇ ਪਹਿਲਾ ਟੈਸਟ 280 ਦੌੜਾਂ ਨਾਲ ਜਿੱਤਿਆ


ਚੇੱਨਈ 'ਚ ਖੇਡੇ ਗਏ ਪਹਿਲੇ ਟੈਸਟ 'ਚ ਟੀਮ ਇੰਡੀਆ ਨੇ ਚੌਥੇ ਦਿਨ 280 ਦੌੜਾਂ ਨਾਲ ਜਿੱਤ ਦਰਜ ਕੀਤੀ। ਇਸ ਮੈਚ ਵਿੱਚ ਭਾਰਤ ਨੇ ਪਹਿਲਾਂ ਖੇਡਦਿਆਂ ਅਸ਼ਵਿਨ ਦੇ ਸ਼ਾਨਦਾਰ ਸੈਂਕੜੇ ਦੀ ਬਦੌਲਤ ਪਹਿਲੀ ਪਾਰੀ ਵਿੱਚ 376 ਦੌੜਾਂ ਬਣਾਈਆਂ ਸਨ। ਜਵਾਬ 'ਚ ਬੰਗਲਾਦੇਸ਼ ਦੀ ਟੀਮ ਪਹਿਲੀ ਪਾਰੀ 'ਚ 149 ਦੌੜਾਂ ਹੀ ਬਣਾ ਸਕੀ। ਇਸ ਤੋਂ ਬਾਅਦ ਦੂਜੀ ਪਾਰੀ ਵਿੱਚ ਭਾਰਤ ਲਈ ਸ਼ੁਭਮਨ ਗਿੱਲ ਅਤੇ ਰਿਸ਼ਭ ਪੰਤ ਨੇ ਸੈਂਕੜੇ ਜੜੇ। ਭਾਰਤ ਨੇ 287 ਦੌੜਾਂ 'ਤੇ ਪਾਰੀ ਘੋਸ਼ਿਤ ਕਰ ਦਿੱਤੀ ਤੇ ਬੰਗਲਾਦੇਸ਼ ਨੂੰ 515 ਦੌੜਾਂ ਦਾ ਵੱਡਾ ਟੀਚਾ ਦਿੱਤਾ। ਜਵਾਬ 'ਚ ਮਹਿਮਾਨ ਟੀਮ 234 ਦੌੜਾਂ 'ਤੇ ਸਿਮਟ ਗਈ। ਅਸ਼ਵਿਨ ਨੇ ਦੂਜੀ ਪਾਰੀ ਵਿੱਚ ਵੀ ਭਾਰਤ ਲਈ 6 ਵਿਕਟਾਂ ਲਈਆਂ। ਉਸ ਨੇ ਚੌਥੀ ਵਾਰ ਟੈਸਟ 'ਚ ਸੈਂਕੜਾ ਅਤੇ ਪੰਜ ਵਿਕਟਾਂ ਝਟਕਾਈਆਂ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :