Arshdeep Singh Welcome: ਅਰਸ਼ਦੀਪ ਸਿੰਘ ਟੀ-20 ਵਿਸ਼ਵ ਕੱਪ 2024 ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਦੇ ਮਾਮਲੇ ਵਿੱਚ ਸਾਂਝੇ ਤੌਰ ’ਤੇ ਪਹਿਲੇ ਸਥਾਨ ’ਤੇ ਰਹੇ। ਉਨ੍ਹਾਂ ਨੇ 8 ਮੈਚਾਂ 'ਚ 17 ਵਿਕਟਾਂ ਲੈ ਕੇ ਟੀਮ ਇੰਡੀਆ ਨੂੰ ਵਿਸ਼ਵ ਚੈਂਪੀਅਨ ਬਣਾਉਣ 'ਚ ਅਹਿਮ ਯੋਗਦਾਨ ਪਾਇਆ।
ਫਾਈਨਲ 'ਚ ਵੀ ਉਨ੍ਹਾਂ ਨੇ 4 ਓਵਰਾਂ 'ਚ ਸਿਰਫ 20 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਟੂਰਨਾਮੈਂਟ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਤੋਂ ਬਾਅਦ ਜਦੋਂ ਉਹ ਆਪਣੇ ਸ਼ਹਿਰ ਮੋਹਾਲੀ ਪਹੁੰਚੇ ਤਾਂ ਉਨ੍ਹਾਂ ਦਾ ਫੁੱਲਾਂ ਦੇ ਹਾਰਾਂ ਨਾਲ ਸਵਾਗਤ ਕੀਤਾ ਗਿਆ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਅਰਸ਼ਦੀਪ ਸਿੰਘ ਸ਼ਨੀਵਾਰ ਸ਼ਾਮ ਨੂੰ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚੇ, ਜਿੱਥੇ ਉਨ੍ਹਾਂ ਦੇ ਸਵਾਗਤ ਲਈ ਪਹਿਲਾਂ ਤੋਂ ਹੀ ਭੀੜ ਇਕੱਠੀ ਹੋ ਗਈ ਸੀ।
ਏਅਰਪੋਰਟ 'ਤੇ ਅਰਸ਼ਦੀਪ ਦੇ ਮਾਤਾ-ਪਿਤਾ, ਉਨ੍ਹਾਂ ਦੇ ਕੋਚ, ਪੰਜਾਬ ਸਰਕਾਰ ਦੇ ਕੁਝ ਅਧਿਕਾਰੀ ਅਤੇ ਵੱਡੀ ਗਿਣਤੀ 'ਚ ਪ੍ਰਸ਼ੰਸਕ ਵੀ ਮੌਜੂਦ ਸਨ। ਲੋਕਾਂ ਨੇ ਉਨ੍ਹਾਂ ਨੂੰ ਦੇਸ਼ ਦੀ ਸੇਵਾ ਲਈ ਹਮੇਸ਼ਾ ਤਿਆਰ ਰਹਿਣ ਦੇ ਪ੍ਰਤੀਕ ਵਜੋਂ ਤਿਰੰਗੇ ਵਿੱਚ ਲਪੇਟਿਆ। ਪ੍ਰਸ਼ੰਸਕਾਂ ਨੇ ਅਰਸ਼ਦੀਪ ਦੇ ਸਮਰਥਨ 'ਚ ਨਾਅਰੇਬਾਜ਼ੀ ਕੀਤੀ ਅਤੇ ਢੋਲ 'ਤੇ ਨੱਚਦੇ ਵੀ ਨਜ਼ਰ ਆਏ। ਭਾਰਤ ਦੀ ਇਤਿਹਾਸਕ ਜਿੱਤ 'ਤੇ ਅਰਸ਼ਦੀਪ ਸਿੰਘ ਨੇ ਕਿਹਾ- ਇੰਨਾ ਸ਼ਾਨਦਾਰ ਸਵਾਗਤ ਹੋਣ ਕਰਕੇ ਮੈਂ ਬਹੁਤ ਖੁਸ਼ ਹਾਂ। ਦਿੱਲੀ ਹੋਵੇ, ਮੁੰਬਈ ਹੋਵੇ ਜਾਂ ਚੰਡੀਗੜ੍ਹ, ਹਰ ਪਾਸੇ ਪ੍ਰਸ਼ੰਸਕਾਂ ਦਾ ਸਮਰਥਨ ਸ਼ਾਨਦਾਰ ਰਿਹਾ ਹੈ। ਵਿਸ਼ਵ ਕੱਪ ਜਿੱਤਣਾ ਇਕ ਸੁਪਨੇ ਵਰਗਾ ਹੈ ਅਤੇ ਆਲੇ-ਦੁਆਲੇ ਦੇ ਲੋਕਾਂ ਤੋਂ ਪਿਆਰ ਮਿਲਣਾ ਇਕ ਵਧੀਆ ਅਨੁਭਵ ਹੈ।
ਦੱਸ ਦਈਏ ਕਿ ਮੁੰਬਈ ਦੇ ਮਰੀਨ ਡਰਾਈਵ 'ਤੇ ਆਯੋਜਿਤ ਰੋਡ ਸ਼ੋਅ ਤੋਂ ਬਾਅਦ ਅਰਸ਼ਦੀਪ ਸਿੰਘ ਮੋਹਾਲੀ ਦੇ ਫੇਜ਼-11 ਸਥਿਤ ਗੁਰਦੁਆਰੇ 'ਚ ਮੱਥਾ ਟੇਕਣ ਪਹੁੰਚੇ ਸਨ ਅਤੇ ਉਥੋਂ ਖਰੜ ਸਥਿਤ ਆਪਣੇ ਘਰ ਲਈ ਰਵਾਨਾ ਹੋਏ ਸਨ। ਅਰਸ਼ਦੀਪ ਸਿੰਘ ਨੂੰ ਖੁੱਲ੍ਹੀ ਜੀਪ ਵਿੱਚ ਬਿਠਾ ਕੇ ਰੈਲੀ ਵੀ ਕਰਵਾਈ ਗਈ।
ਪੰਜਾਬ ਕਿੰਗਜ਼ ਦੇ ਸੀਈਓ ਵੀ ਰਹੇ ਮੌਜੂਦ
ਪੰਜਾਬ ਕਿੰਗਜ਼ ਦੇ ਸੀਈਓ ਸਤੀਸ਼ ਮੇਨਨ ਨੇ ਵੀ ਅਰਸ਼ਦੀਪ ਸਿੰਘ ਦੀ ਤਾਰੀਫ਼ ਕੀਤੀ। ਸਤੀਸ਼ ਮੇਨਨ ਨੇ ਕਿਹਾ, "ਸਾਡੇ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਪੰਜਾਬ ਦਾ ਇੱਕ ਖਿਡਾਰੀ ਟੀ-20 ਵਿਸ਼ਵ ਕੱਪ ਦੀ ਟਰਾਫੀ ਚੁੱਕ ਰਿਹਾ ਹੈ। ਅਸੀਂ ਅਰਸ਼ਦੀਪ ਦੇ ਹੁਨਰ ਤੋਂ ਚੰਗੀ ਤਰ੍ਹਾਂ ਜਾਣੂ ਹਾਂ ਅਤੇ ਖੁਸ਼ ਹਾਂ ਕਿ ਦੁਨੀਆ ਨੇ ਵੀ ਉਸ ਦੀ ਪ੍ਰਤਿਭਾ ਨੂੰ ਪਛਾਣਿਆ ਹੈ। । ਪੰਜਾਬ ਕਿੰਗਜ਼ ਫਰੈਂਚਾਈਜ਼ੀ ਦੇ ਸਾਰੇ ਮੈਂਬਰ ਅਰਸ਼ਦੀਪ ਦਾ ਸਵਾਗਤ ਕਰਕੇ ਖੁਸ਼ੀ ਮਹਿਸੂਸ ਕਰ ਰਹੇ ਹਨ।