India vs Sri Lanka In Asia Cup Final: ਏਸ਼ੀਆ ਕੱਪ 2023 ਦੇ ਫਾਈਨਲ ਵਿੱਚ ਭਾਰਤ ਅਤੇ ਸ਼੍ਰੀਲੰਕਾ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਟੂਰਨਾਮੈਂਟ ਦਾ ਖ਼ਿਤਾਬੀ ਮੁਕਾਬਲਾ 17 ਸਤੰਬਰ ਦਿਨ ਐਤਵਾਰ ਨੂੰ ਕੋਲੰਬੋ ਦੇ ਆਰ.ਕੇ. ਪ੍ਰੇਮਦਾਸਾ ਸਟੇਡੀਅਮ 'ਚ ਖੇਡਿਆ ਜਾਵੇਗਾ। ਭਾਰਤ ਫਾਈਨਲ ਵਿੱਚ ਥਾਂ ਬਣਾਉਣ ਵਾਲੀ ਪਹਿਲੀ ਟੀਮ ਬਣੀ ਸੀ।


ਇਸ ਤੋਂ ਬਾਅਦ ਸ਼੍ਰੀਲੰਕਾ ਨੇ ਪਾਕਿਸਤਾਨ ਨੂੰ ਸੁਪਰ-4 'ਚ ਹਰਾ ਕੇ ਖਿਤਾਬੀ ਮੈਚ ਦੀ ਟਿਕਟ ਹਾਸਲ ਕਰ ਲਈ ਹੈ। ਏਸ਼ੀਆ ਕੱਪ 'ਚ ਇਹ ਪਹਿਲੀ ਵਾਰ ਨਹੀਂ ਹੋਇਆ ਹੈ ਜਦੋਂ ਭਾਰਤ ਅਤੇ ਸ਼੍ਰੀਲੰਕਾ ਦੀਆਂ ਟੀਮਾਂ ਫਾਈਨਲ 'ਚ ਆਹਮੋ-ਸਾਹਮਣੇ ਹੋਣਗੀਆਂ। ਇਸ ਤੋਂ ਪਹਿਲਾਂ ਦੋਵੇਂ ਟੀਮਾਂ ਫਾਈਨਲ 'ਚ 7 ਵਾਰ ਆਹਮੋ-ਸਾਹਮਣੇ ਹੋ ਚੁੱਕੀਆਂ ਹਨ।


ਦੋਵਾਂ ਵਿਚਾਲੇ ਪਹਿਲਾ ਫਾਈਨਲ 1988 ਵਿੱਚ ਖੇਡਿਆ ਗਿਆ ਸੀ ਜਿਸ ਵਿੱਚ ਭਾਰਤ ਨੇ ਜਿੱਤ ਦਰਜ ਕੀਤੀ ਸੀ। ਦੋਵਾਂ ਵਿਚਾਲੇ ਹੁਣ ਤੱਕ ਖੇਡੇ ਗਏ 7 ਫਾਈਨਲ ਮੈਚਾਂ 'ਚ ਭਾਰਤ ਨੇ 4 ਖਿਤਾਬ ਜਿੱਤ ਕੇ ਬੜ੍ਹਤ ਬਰਕਰਾਰ ਰੱਖੀ ਹੈ। ਜਦਕਿ ਸ਼੍ਰੀਲੰਕਾ ਨੇ ਭਾਰਤ ਖਿਲਾਫ ਸਿਰਫ ਤਿੰਨ ਵਾਰ ਹੀ ਖਿਤਾਬੀ ਮੈਚ ਜਿੱਤਿਆ ਹੈ। ਦੋਵਾਂ ਵਿਚਾਲੇ ਦੂਜਾ ਖਿਤਾਬੀ ਮੁਕਾਬਲਾ 1991 'ਚ ਖੇਡਿਆ ਗਿਆ ਸੀ, ਜਿਸ 'ਚ ਭਾਰਤ ਇਕ ਵਾਰ ਫਿਰ ਜੇਤੂ ਬਣ ਕੇ ਸਾਹਮਣੇ ਆਇਆ ਸੀ। 1995 'ਚ ਭਾਰਤ ਨੇ ਫਿਰ ਦੋਵਾਂ ਵਿਚਾਲੇ ਖੇਡਿਆ ਗਿਆ ਖਿਤਾਬੀ ਮੁਕਾਬਲਾ ਜਿੱਤਿਆ।


ਇਹ ਵੀ ਪੜ੍ਹੋ: Asia Cup 2023: ਭਾਰਤ-ਬੰਗਲਾਦੇਸ਼ ਮੈਚ 'ਚ ਇਨ੍ਹਾਂ ਗੇਂਦਬਾਜ਼ਾਂ ਨੇ ਲਏ ਹਨ ਸਭ ਤੋਂ ਜ਼ਿਆਦਾ ਵਿਕਟ, ਟੌਪ 5 'ਚ ਮਹਿਜ਼ ਇੱਕ ਭਾਰਤੀ


ਪਹਿਲਾਂ ਭਾਰਤ ਤੇ ਫਿਰ ਸ਼੍ਰੀਲੰਕਾ ਨੇ ਲਾਈ ਖਿਤਾਬੀ ਜਿੱਤ ਦੀ ਹੈਟ੍ਰਿਕ


ਭਾਰਤ ਅਤੇ ਸ੍ਰੀਲੰਕਾ ਵਿਚਾਲੇ ਖੇਡੇ ਗਏ ਖ਼ਿਤਾਬੀ ਮੈਚਾਂ ਵਿੱਚ ਭਾਰਤ ਨੇ ਤਿੰਨ ਵਾਰ ਜਿੱਤ ਦਰਜ ਕਰਕੇ ਹੈਟ੍ਰਿਕ ਲਗਾਈ। ਇਸ ਤੋਂ ਬਾਅਦ 1997, 2004 ਅਤੇ 2008 'ਚ ਸ਼੍ਰੀਲੰਕਾ ਨੇ ਭਾਰਤ ਖਿਲਾਫ ਲਗਾਤਾਰ ਤਿੰਨ ਫਾਈਨਲ ਜਿੱਤ ਕੇ ਹੈਟ੍ਰਿਕ ਦਰਜ ਕੀਤੀ। ਹਾਲਾਂਕਿ ਇਸ ਤੋਂ ਬਾਅਦ ਦੋਵਾਂ ਵਿਚਾਲੇ ਆਖਰੀ ਖਿਤਾਬੀ ਮੁਕਾਬਲਾ 2010 'ਚ ਹੋਇਆ ਸੀ, ਜਿਸ 'ਚ ਭਾਰਤ ਨੇ ਜਿੱਤ ਦਰਜ ਕੀਤੀ ਸੀ।


ਹੁਣ ਦੇਖਣਾ ਇਹ ਹੋਵੇਗਾ ਕਿ 2023 'ਚ ਹੋਣ ਵਾਲੇ ਖਿਤਾਬੀ ਮੁਕਾਬਲੇ 'ਚ ਕਿਹੜੀ ਟੀਮ ਜਿੱਤ ਹਾਸਲ ਕਰਦੀ ਹੈ। ਕੀ ਖ਼ਿਤਾਬੀ ਮੁਕਾਬਲੇ ਵਿੱਚ ਦੋਵਾਂ ਵਿਚਾਲੇ ਬਰਾਬਰੀ ਹੋਵੇਗੀ ਜਾਂ ਭਾਰਤ ਲੀਡ ਬਰਕਰਾਰ ਰੱਖੇਗਾ?


ਏਸ਼ੀਆ ਕੱਪ 'ਚ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਹੁਣ ਤੱਕ ਖੇਡੇ ਗਏ ਫਾਈਨਲ ਦੇ ਜੇਤੂ


1988- ਭਾਰਤ


1991- ਭਾਰਤ


1995- ਭਾਰਤ


1997- ਸ਼੍ਰੀਲੰਕਾ


2004- ਸ਼੍ਰੀਲੰਕਾ


2008- ਸ਼੍ਰੀਲੰਕਾ


2010- ਭਾਰਤ


ਇਹ ਵੀ ਪੜ੍ਹੋ: Eugene Diamond League: ਡਾਇਮੰਡ ਲੀਗ 'ਚ ਨੀਰਜ ਚੋਪੜਾ ਕਰਨਗੇ ਆਪਣੇ ਖਿਤਾਬ ਦਾ ਬਚਾਅ, ਜਾਣੋ ਕਿੱਥੇ ਅਤੇ ਕਿਵੇਂ ਵੇਖ ਸਕੋਗੇ ਲਾਈਵ ਸਟ੍ਰੀਮਿੰਗ