Asia Emerging Cup 2023: ਭਾਰਤ ਨੇ ਨੇਪਾਲ ਨੂੰ 2023 ਦੇ ਐਮਰਜਿੰਗ ਏਸ਼ੀਆ ਕੱਪ ਵਿੱਚ 9 ਵਿਕਟਾਂ ਨਾਲ ਹਰਾ ਦਿੱਤਾ ਹੈ। ਟੂਰਨਾਮੈਂਟ ਵਿੱਚ ਭਾਰਤੀ ਟੀਮ ਦੀ ਇਹ ਲਗਾਤਾਰ ਦੂਜੀ ਜਿੱਤ ਹੈ। ਪਹਿਲਾਂ ਖੇਡਦਿਆਂ ਨੇਪਾਲ ਦੀ ਟੀਮ 39.2 ਓਵਰਾਂ ਵਿੱਚ 167 ਦੌੜਾਂ ਹੀ ਬਣਾ ਸਕੀ। ਜਵਾਬ 'ਚ ਭਾਰਤੀ ਟੀਮ ਨੇ 22.1 ਓਵਰਾਂ 'ਚ ਸਿਰਫ ਇਕ ਵਿਕਟ ਗੁਆ ਕੇ ਟੀਚਾ ਆਸਾਨੀ ਨਾਲ ਹਾਸਲ ਕਰ ਲਿਆ।


ਇਸ ਜਿੱਤ ਨਾਲ ਭਾਰਤ ਏ ਟੀਮ ਐਮਰਜਿੰਗ ਏਸ਼ੀਆ ਕੱਪ 2023 ਦੇ ਸੈਮੀਫਾਈਨਲ 'ਚ ਪਹੁੰਚ ਗਈ ਹੈ। ਹੁਣ ਬੁੱਧਵਾਰ ਯਾਨੀ 19 ਜੁਲਾਈ ਨੂੰ ਭਾਰਤੀ ਟੀਮ ਦਾ ਸਾਹਮਣਾ ਪਾਕਿਸਤਾਨ ਏ ਨਾਲ ਹੋਵੇਗਾ। ਭਾਰਤ ਅਤੇ ਪਾਕਿਸਤਾਨ ਵਿਚਾਲੇ ਇਹ ਮੈਚ ਕੋਲੰਬੋ 'ਚ ਖੇਡਿਆ ਜਾਵੇਗਾ।


ਨੇਪਾਲ ਖ਼ਿਲਾਫ਼ ਆਸਾਨੀ ਨਾਲ ਮਿਲੀ ਜਿੱਤ


ਨੇਪਾਲ ਦੀ ਟੀਮ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਅਤੇ 39.2 ਓਵਰਾਂ 'ਚ 167 ਦੌੜਾਂ 'ਤੇ ਹੀ ਢੇਰ ਹੋ ਗਈ। ਨੇਪਾਲ ਲਈ ਕਪਤਾਨ ਰੋਹਿਤ ਪੋਡੇਲ ਨੇ ਸਭ ਤੋਂ ਵੱਧ 65 ਦੌੜਾਂ ਬਣਾਈਆਂ ਅਤੇ ਗੁਲਸ਼ਨ ਝਾਅ ਨੇ 38 ਦੌੜਾਂ ਦੀ ਪਾਰੀ ਖੇਡੀ। ਭਾਰਤ-ਏ ਟੀਮ ਦੀ ਮਾਰੂ ਗੇਂਦਬਾਜ਼ੀ ਅਜਿਹੀ ਸੀ ਕਿ ਨੇਪਾਲ ਦੇ ਸੱਤ ਬੱਲੇਬਾਜ਼ ਦੋਹਰੇ ਅੰਕੜੇ ਨੂੰ ਵੀ ਨਹੀਂ ਛੂਹ ਸਕੇ। ਨੇਪਾਲ ਦੇ ਆਸਿਫ ਸ਼ੇਖ 07, ਕੁਸ਼ਲ ਭੁਰਟੇਲ 00, ਦੇਵ ਖਨਾਲ 15, ਭੀਮ ਸ਼ਾਰਕੀ 04, ਕੁਸ਼ਲ ਮੱਲਾ 00 ਅਤੇ ਸੋਮਪਾਲ ਕਾਮੀ 14 ਦੌੜਾਂ ਹੀ ਬਣਾ ਸਕੇ।


ਇਹ ਵੀ ਪੜ੍ਹੋ: KL Rahul: ਕਦੋਂ ਹੋਵੇਗੀ ਕੇਐੱਲ ਰਾਹੁਲ ਦੀ ਵਾਪਸੀ? ਏਸ਼ੀਆ ਕੱਪ ਤੋਂ ਪਹਿਲਾਂ ਭਾਰਤੀ ਟੀਮ ਨੂੰ ਮਿਲਣ ਵਾਲੀ ਵੱਡੀ ਰਾਹਤ


ਅਭਿਸ਼ੇਕ ਸ਼ਰਮਾ ਨੇ ਖੇਡੀ ਤੂਫਾਨੀ ਪਾਰੀ, ਸਾਈ ਸੁਦਰਸ਼ਨ ਨੇ ਵੀ ਲਗਾਇਆ ਅਰਧ ਸੈਂਕੜਾ 


ਭਾਰਤ ਏ ਟੀਮ ਨੇ ਨੇਪਾਲ ਤੋਂ ਮਿਲੇ 168 ਦੌੜਾਂ ਦੇ ਮਾਮੂਲੀ ਟੀਚੇ ਨੂੰ ਬੜੀ ਆਸਾਨੀ ਨਾਲ ਹਾਸਲ ਕਰ ਲਿਆ। ਭਾਰਤ ਏ ਲਈ ਅਭਿਸ਼ੇਕ ਸ਼ਰਮਾ ਨੇ 69 ਗੇਂਦਾਂ 'ਚ 87 ਦੌੜਾਂ ਦੀ ਤੂਫਾਨੀ ਪਾਰੀ ਖੇਡੀ। ਇਸ ਦੌਰਾਨ ਉਨ੍ਹਾਂ ਦੇ ਬੱਲੇ ਤੋਂ 12 ਚੌਕੇ ਅਤੇ 2 ਛੱਕੇ ਨਿਕਲੇ। ਇਸ ਤੋਂ ਇਲਾਵਾ ਸਾਈ ਸੁਦਰਸ਼ਨ ਨੇ 52 ਗੇਂਦਾਂ 'ਤੇ 58 ਦੌੜਾਂ ਦੀ ਪਾਰੀ ਖੇਡੀ।


ਇਸ ਦੇ ਨਾਲ ਹੀ ਵਿਕਟਕੀਪਰ ਧਰੁਵ ਜੁਰਲ 12 ਗੇਂਦਾਂ ਵਿੱਚ 21 ਦੌੜਾਂ ਬਣਾ ਕੇ ਨਾਬਾਦ ਪਰਤੇ। ਉਨ੍ਹਾਂ ਨੇ ਇੱਕ ਚੌਕਾ ਤੇ ਦੋ ਛੱਕੇ ਲਾਏ। ਇਸ ਤੋਂ ਪਹਿਲਾਂ ਗੇਂਦਬਾਜ਼ੀ ਵਿੱਚ ਨਿਸ਼ਾਂਤ ਸੰਧੂ ਨੇ ਸਭ ਤੋਂ ਵੱਧ ਚਾਰ ਵਿਕਟਾਂ ਲਈਆਂ। ਇਸ ਦੇ ਨਾਲ ਹੀ ਹੰਗਰੇਕਰ ਨੇ ਤਿੰਨ ਵਿਕਟਾਂ ਲਈਆਂ। ਇਸ ਤੋਂ ਇਲਾਵਾ ਹਰਸ਼ਿਤ ਰਾਣਾ ਨੂੰ ਦੋ ਅਤੇ ਮਾਨਵ ਸੁਥਾਰ ਨੂੰ ਇੱਕ ਸਫਲਤਾ ਮਿਲੀ।


ਇਹ ਵੀ ਪੜ੍ਹੋ: Virat Kohli Record: ਵਿਰਾਟ ਕੋਹਲੀ ਨੇ MS Dhoni ਨੂੰ ਛੱਡਿਆ ਪਿੱਛੇ, ਹੁਣ ਸਚਿਨ ਤੇਂਦੁਲਕਰ ਦੇ ਰਿਕਾਰਡ ਨੂੰ...