Nathan Lyon Bowling Records: ਆਸਟ੍ਰੇਲੀਆ ਦੇ ਦਿੱਗਜ ਸਪਿਨਰ ਨਾਥਨ ਲਿਓਨ ਨੇ ਵੈਸਟਇੰਡੀਜ਼ ਖਿਲਾਫ਼ ਖੇਡੇ ਜਾ ਰਹੇ ਪਹਿਲੇ ਟੈਸਟ ਮੈਚ 'ਚ ਸ਼ਾਨਦਾਰ ਗੇਂਦਬਾਜ਼ੀ ਕਰ ਕੇ ਇਕ ਵੱਡਾ ਰਿਕਾਰਡ ਬਣਾ ਲਿਆ ਹੈ। ਲਿਓਨ ਦੱਖਣੀ ਅਫਰੀਕਾ ਦੇ ਸਾਬਕਾ ਤੇਜ਼ ਗੇਂਦਬਾਜ਼ ਡੇਲ ਸਟੇਨ ਅਤੇ ਭਾਰਤ ਦੇ ਦਿੱਗਜ ਸਪਿਨਰ ਆਰ ਅਸ਼ਵਿਨ ਨੂੰ ਪਛਾੜ ਕੇ ਟੈਸਟ ਕ੍ਰਿਕਟ 'ਚ ਅੱਠਵਾਂ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਗੇਂਦਬਾਜ਼ ਬਣ ਗਿਆ ਹੈ।


ਨਾਥਨ ਨੇ ਅਸ਼ਵਿਨ ਨੂੰ ਦਿੱਤਾ ਪਛਾੜ 


ਵੈਸਟਇੰਡੀਜ਼ ਖਿਲਾਫ ਟੈਸਟ ਦੀ ਦੂਜੀ ਪਾਰੀ 'ਚ ਕਾਇਲ ਮੇਅਰ ਨੂੰ ਆਊਟ ਕਰਦੇ ਹੀ ਆਸਟ੍ਰੇਲੀਆਈ ਸਪਿਨਰ ਨਾਥਨ ਲਿਓਨ ਨੇ ਅਸ਼ਵਿਨ ਨੂੰ ਪਛਾੜ ਦਿੱਤਾ। ਹੁਣ ਉਨ੍ਹਾਂ ਦੇ ਨਾਂ 446 ਟੈਸਟ ਵਿਕਟ ਹੋ ਗਏ ਹਨ। ਇਸ ਦੇ ਨਾਲ ਹੀ ਅਸ਼ਵਿਨ ਦੇ ਨਾਂ 442 ਟੈਸਟ ਵਿਕਟ ਹਨ। ਇਸ ਖਾਸ ਰਿਕਾਰਡ ਦੇ ਨਾਲ ਨਾਥਨ ਲਿਓਨ ਹੁਣ ਟੈਸਟ ਕ੍ਰਿਕਟ ਦੇ ਇਤਿਹਾਸ ਵਿੱਚ ਅੱਠਵੇਂ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਬਣ ਗਏ ਹਨ।


ਨਾਥਨ ਲਿਓਨ ਨੇ ਆਪਣੇ 111ਵੇਂ ਟੈਸਟ ਮੈਚ ਵਿੱਚ ਇਹ ਖਾਸ ਉਪਲਬਧੀ ਹਾਸਲ ਕੀਤੀ ਹੈ। ਦੂਜੇ ਪਾਸੇ ਅਸ਼ਵਿਨ ਨੇ ਭਾਰਤ ਲਈ ਹੁਣ ਤੱਕ 86 ਟੈਸਟ ਮੈਚ ਖੇਡੇ ਹਨ। ਜਿਸ 'ਚ ਉਹਨਾਂ ਨੇ 442 ਬੱਲੇਬਾਜ਼ਾਂ ਦਾ ਸ਼ਿਕਾਰ ਕੀਤਾ ਹੈ। ਦੱਸ ਦੇਈਏ ਕਿ ਨਾਥਨ ਲਿਓਨ ਇਸ ਸਮੇਂ ਆਸਟ੍ਰੇਲੀਆਈ ਟੀਮ ਦੇ ਸਭ ਤੋਂ ਅਨੁਭਵੀ ਸਪਿਨਰ ਹਨ। ਉਸਨੇ ਕਈ ਮੌਕਿਆਂ 'ਤੇ ਆਸਟ੍ਰੇਲੀਆਈ ਟੀਮ ਲਈ ਮੈਚ ਵਿਨਰ ਗੇਂਦਬਾਜ਼ੀ ਕੀਤੀ ਹੈ।


ਫਿਰ ਨਾਥਨ ਲਿਓਨ ਨੂੰ ਪਿੱਛੇ ਛੱਡ ਸਕਦੇ ਹਨ ਅਸ਼ਵਿਨ 


ਹਾਲਾਂਕਿ ਭਾਰਤ ਦੇ ਤਜਰਬੇਕਾਰ ਸਪਿਨਰ ਰਵੀਚੰਦਰਨ ਅਸ਼ਵਿਨ ਕੋਲ ਅਜੇ ਵੀ ਨਾਥਨ ਲਿਓਨ ਨੂੰ ਪਿੱਛੇ ਛੱਡਣ ਦਾ ਚੰਗਾ ਮੌਕਾ ਹੈ। ਅਸਲ 'ਚ ਜੇਕਰ ਅਸ਼ਵਿਨ ਬੰਗਲਾਦੇਸ਼ ਦੇ ਖਿਲਾਫ਼ ਆਗਾਮੀ ਦੋ ਮੈਚਾਂ ਦੀ ਟੈਸਟ ਸੀਰੀਜ਼ 'ਚ ਸ਼ਾਨਦਾਰ ਗੇਂਦਬਾਜ਼ੀ ਕਰਦਾ ਹੈ ਤਾਂ ਉਹ ਨਾਥਨ ਲਿਓਨ ਨੂੰ ਪਿੱਛੇ ਛੱਡ ਕੇ ਟੈਸਟ ਕ੍ਰਿਕਟ 'ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲਾ ਅੱਠਵਾਂ ਗੇਂਦਬਾਜ਼ ਬਣ ਜਾਵੇਗਾ।


ਟੈਸਟ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ


ਮੁਥੱਈਆ ਮੁਰਲੀਧਰਨ (ਸ਼੍ਰੀਲੰਕਾ) – 800


ਸ਼ੇਨ ਵਾਰਨ (ਆਸਟਰੇਲੀਆ) - 708


ਜੇਮਸ ਐਂਡਰਸਨ (ਇੰਗਲੈਂਡ) – 668


ਅਨਿਲ ਕੁੰਬਲੇ (ਭਾਰਤ)- 619


ਸਟੂਅਰਟ ਬਰਾਡ (ਇੰਗਲੈਂਡ) - 566


ਗਲੇਨ ਮੈਕਗ੍ਰਾ (ਆਸਟਰੇਲੀਆ) – 563


ਕੋਰਟਨੀ ਵਾਲਸ਼ (ਵੈਸਟ ਇੰਡੀਜ਼) - 519


ਨਾਥਨ ਲਿਓਨ (ਆਸਟਰੇਲੀਆ) - 446


ਆਰ ਅਸ਼ਵਿਨ (ਭਾਰਤ)- 442


ਡੇਲ ਸਟੇਨ (ਦੱਖਣੀ ਅਫਰੀਕਾ) – 439