ENG vs AUS: ਚੈਂਪੀਅਨਜ਼ ਟਰਾਫੀ 2025 ਦੇ ਚੌਥੇ ਮੈਚ ਵਿੱਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਇੰਗਲੈਂਡ ਨੇ 351 ਦੌੜਾਂ ਬਣਾਈਆਂ। ਜਿਵੇਂ ਉਮੀਦ ਸੀ, ਲਾਹੌਰ ਦੇ ਗੱਦਾਫੀ ਸਟੇਡੀਅਮ ਨੇ ਬੱਲੇਬਾਜ਼ਾਂ ਦਾ ਸਮਰਥਨ ਕੀਤਾ। ਹਾਲਾਤਾਂ ਦਾ ਫਾਇਦਾ ਉਠਾਉਂਦੇ ਹੋਏ, ਬੇਨ ਡਕੇਟ ਨੇ 165 ਦੌੜਾਂ ਦੀ ਇਤਿਹਾਸਕ ਪਾਰੀ ਖੇਡੀ। ਡਕੇਟ ਚੈਂਪੀਅਨਜ਼ ਟਰਾਫੀ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਵਿਅਕਤੀਗਤ ਸਕੋਰ ਬਣਾਉਣ ਵਾਲਾ ਖਿਡਾਰੀ ਬਣ ਗਿਆ ਹੈ। ਉਨ੍ਹਾਂ ਤੋਂ ਇਲਾਵਾ ਜੋਅ ਰੂਟ ਨੇ ਵੀ 68 ਦੌੜਾਂ ਦਾ ਮਹੱਤਵਪੂਰਨ ਯੋਗਦਾਨ ਪਾਇਆ।
ਸ਼ੁਰੂਆਤ ਰਹੀ ਚੰਗੀ ਪਰ ਫਿਰ ਵਿਕਟਾਂ ਨੂੰ ਤਰਸੀ ਆਸਟ੍ਰੇਲੀਆ
ਇਸ ਮੈਚ ਵਿੱਚ ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਇਹ ਫੈਸਲਾ ਸ਼ੁਰੂਆਤ ਵਿੱਚ ਬਹੁਤ ਵਧੀਆ ਸਾਬਤ ਹੋਇਆ ਕਿਉਂਕਿ ਬੇਨ ਡਵਾਰਸ਼ੁਇਸ ਨੇ ਇੰਗਲੈਂਡ ਦੇ ਦੋਵੇਂ ਸਲਾਮੀ ਬੱਲੇਬਾਜ਼ਾਂ ਨੂੰ 6 ਓਵਰਾਂ ਦੇ ਅੰਦਰ-ਅੰਦਰ ਆਊਟ ਕਰ ਦਿੱਤਾ ਪਰ ਇਸ ਤੋਂ ਬਾਅਦ ਆਸਟ੍ਰੇਲੀਆਈ ਗੇਂਦਬਾਜ਼ ਵਿਕਟਾਂ ਲਈ ਤਰਸ ਰਹੇ ਸਨ। ਬੇਨ ਡਕੇਟ ਅਤੇ ਜੋ ਰੂਟ ਵਿਚਕਾਰ 158 ਦੌੜਾਂ ਦੀ ਵੱਡੀ ਸਾਂਝੇਦਾਰੀ ਹੋਈ। ਕਪਤਾਨ ਜੋਸ ਬਟਲਰ ਨੇ ਵੀ 23 ਦੌੜਾਂ ਬਣਾਈਆਂ।
ਇੰਗਲੈਂਡ ਦਾ ਸਭ ਤੋਂ ਵੱਧ ਸਕੋਰ
ਇੰਗਲੈਂਡ ਚੈਂਪੀਅਨਜ਼ ਟਰਾਫੀ 2025 ਵਿੱਚ ਹੁਣ ਤੱਕ ਸਭ ਤੋਂ ਵੱਧ ਸਕੋਰ ਬਣਾਉਣ ਵਾਲੀ ਟੀਮ ਬਣ ਗਈ ਹੈ। ਹੁਣ ਤੱਕ ਖੇਡੇ ਗਏ 3 ਮੈਚਾਂ ਵਿੱਚ ਸਭ ਤੋਂ ਵੱਧ ਸਕੋਰ 320 ਦੌੜਾਂ ਸੀ, ਜੋ ਨਿਊਜ਼ੀਲੈਂਡ ਨੇ ਪਾਕਿਸਤਾਨ ਵਿਰੁੱਧ ਬਣਾਇਆ। ਆਖਰੀ 5 ਓਵਰਾਂ ਵਿੱਚ, ਇੰਗਲੈਂਡ ਦੀ ਟੀਮ ਦੌੜਾਂ ਬਣਾਉਣ ਲਈ ਸੰਘਰਸ਼ ਕਰਦੀ ਰਹੀ ਤੇ ਲਗਾਤਾਰ ਵਿਕਟਾਂ ਗੁਆਉਂਦੀ ਰਹੀ ਪਰ ਆਖਰੀ ਓਵਰਾਂ ਵਿੱਚ ਜੋਫਰਾ ਆਰਚਰ ਦੀ 10 ਗੇਂਦਾਂ ਵਿੱਚ 21 ਦੌੜਾਂ ਦੀ ਕੈਮਿਓ ਪਾਰੀ ਨੇ ਇੰਗਲਿਸ਼ ਟੀਮ ਨੂੰ 350 ਦੇ ਪਾਰ ਪਹੁੰਚਾਉਣ ਵਿੱਚ ਮਦਦ ਕੀਤੀ।
ਆਸਟ੍ਰੇਲੀਆਈ ਗੇਂਦਬਾਜ਼ੀ ਖਰਾਬ ਫਾਰਮ ਵਿੱਚ
ਇੰਗਲੈਂਡ ਦੀ ਮਜ਼ਬੂਤ ਬੱਲੇਬਾਜ਼ੀ ਨੂੰ ਦੇਖਦੇ ਹੋਏ, ਆਸਟ੍ਰੇਲੀਆਈ ਕਪਤਾਨ ਸਟੀਵ ਸਮਿਥ ਨੂੰ 7 ਗੇਂਦਬਾਜ਼ਾਂ ਦੀ ਵਰਤੋਂ ਕਰਨੀ ਪਈ। ਬੇਨ ਡਵਾਰਸ਼ੁਇਸ ਟੀਮ ਦਾ ਸਭ ਤੋਂ ਪ੍ਰਭਾਵਸ਼ਾਲੀ ਗੇਂਦਬਾਜ਼ ਸਾਬਤ ਹੋਇਆ, ਉਸਨੇ 10 ਓਵਰਾਂ ਵਿੱਚ 66 ਦੌੜਾਂ ਦੇ ਕੇ ਸਭ ਤੋਂ ਵੱਧ 3 ਵਿਕਟਾਂ ਲਈਆਂ। ਐਡਮ ਜ਼ਾਂਪਾ ਤੇ ਮਾਰਨਸ ਲਾਬੂਸ਼ਾਨੇ ਨੇ ਦੋ-ਦੋ ਵਿਕਟਾਂ ਲਈਆਂ, ਜਦੋਂ ਕਿ ਗਲੇਨ ਮੈਕਸਵੈੱਲ ਨੇ ਵੀ ਇੱਕ ਵਿਕਟ ਲਈ। ਨਾਥਨ ਐਲਿਸ ਨੂੰ ਛੱਡ ਕੇ, ਸਾਰੇ ਆਸਟ੍ਰੇਲੀਆਈ ਗੇਂਦਬਾਜ਼ਾਂ ਨੇ 6 ਤੋਂ ਵੱਧ ਦੀ ਇਕਾਨਮੀ ਰੇਟ ਨਾਲ ਦੌੜਾਂ ਦਿੱਤੀਆਂ।