T20 World Cup Final, Arshdeep Singh: ਭਾਰਤੀ ਟੀਮ ਅਤੇ ਪ੍ਰਸ਼ੰਸਕਾਂ ਵਿਚਾਲੇ ਇਸ ਸਮੇਂ ਖੁਸ਼ੀ ਦੀ ਲਹਿਰ ਹੈ। ਦਰਅਸਲ, ਨਿਊਜ਼ੀਲੈਂਡ ਨੂੰ ਹਰਾ ਕੇ ਰਿਕਾਰਡ ਤੀਜੀ ਵਾਰ ਟੀ-20 ਵਿਸ਼ਵ ਕੱਪ ਜਿੱਤ ਕੇ ਟੀਮ ਇੰਡੀਆ ਨੇ ਇਤਿਹਾਸ ਰਚਿਆ। ਪਰ ਇਸ ਸ਼ਾਨਦਾਰ ਜਿੱਤ ਦੇ ਜਸ਼ਨਾਂ ਦੇ ਵਿਚਾਲੇ ਟੀਮ ਇੰਡੀਆ ਦੇ ਸਟਾਰ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਸੁਰਖੀਆਂ ਵਿੱਚ ਆ ਗਏ ਹਨ। ਖ਼ਿਤਾਬੀ ਮੁਕਾਬਲੇ ਦੌਰਾਨ ਕੀਤੀ ਗਈ ਇੱਕ ਹਰਕਤ ਕਾਰਨ ਹੁਣ ਉਨ੍ਹਾਂ 'ਤੇ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ICC) ਦੀ ਕਾਰਵਾਈ ਦਾ ਖ਼ਤਰਾ ਮੰਡਰਾ ਰਿਹਾ ਹੈ। 

ਜਾਣੋ ਪੂਰਾ ਮਾਮਲਾ...

ਦੱਸ ਦੇਈਏ ਕਿ ਐਤਵਾਰ (8 ਮਾਰਚ) ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡੇ ਗਏ ਫਾਈਨਲ ਮੈਚ ਵਿੱਚ ਅਰਸ਼ਦੀਪ ਸਿੰਘ ਨੇ ਆਪਣੇ ਦੂਜੇ ਓਵਰ ਦੌਰਾਨ ਗੇਂਦ ਨੂੰ ਕਾਫੀ ਹਮਲਾਵਰ ਅੰਦਾਜ਼ ਵਿੱਚ ਨਿਊਜ਼ੀਲੈਂਡ ਦੇ ਬੱਲੇਬਾਜ਼ ਡੇਰਿਲ ਮਿਚੇਲ ਵੱਲ ਸੁੱਟ ਦਿੱਤਾ ਸੀ। ਇਹ ਥਰੋਅ ਸਿੱਧਾ ਮਿਚੇਲ ਦੇ ਮੋਢੇ 'ਤੇ ਜਾ ਲੱਗਾ, ਜਿਸ ਕਾਰਨ ਮੈਦਾਨ 'ਤੇ ਮਾਹੌਲ ਕਾਫੀ ਗਰਮ ਹੋ ਗਿਆ। ਗੇਂਦ ਲੱਗਣ ਤੋਂ ਬਾਅਦ ਮਿਚੇਲ ਕਾਫੀ ਨਾਰਾਜ਼ ਨਜ਼ਰ ਆਏ ਅਤੇ ਉਨ੍ਹਾਂ ਨੇ ਤੁਰੰਤ ਅੰਪਾਇਰ ਕੋਲ ਸ਼ਿਕਾਇਤ ਕੀਤੀ। ਦੋਵਾਂ ਖਿਡਾਰੀਆਂ ਵਿਚਾਲੇ ਬਹਿਸ ਵਧਦੀ ਦੇਖ ਭਾਰਤੀ ਕਪਤਾਨ ਸੂਰਿਆਕੁਮਾਰ ਯਾਦਵ ਨੂੰ ਵਿੱਚ-ਬਚਾਅ ਕਰਨਾ ਪਿਆ ਅਤੇ ਸਥਿਤੀ ਨੂੰ ਸੰਭਾਲਿਆ।

ICC ਦੇ ਨਿਯਮਾਂ ਦੀ ਉਲੰਘਣਾ 

ਇਸ ਘਟਨਾ ਨੂੰ ਲੈ ਕੇ ਅਰਸ਼ਦੀਪ ਸਿੰਘ 'ਤੇ ICC ਦੇ ਕੋਡ ਆਫ ਕੰਡਕਟ ਦੇ ਆਰਟੀਕਲ 2.9 ਦੇ ਤਹਿਤ ਨਿਯਮਾਂ ਦੀ ਉਲੰਘਣਾ ਦਾ ਮਾਮਲਾ ਬਣ ਸਕਦਾ ਹੈ। ਇਸ ਨਿਯਮ ਅਨੁਸਾਰ ਕਿਸੇ ਖਿਡਾਰੀ ਵੱਲ ਖ਼ਤਰਨਾਕ ਤਰੀਕੇ ਨਾਲ ਗੇਂਦ ਸੁੱਟਣਾ ਖੇਡ ਭਾਵਨਾ ਖ਼ਿਲਾਫ਼ ਮੰਨਿਆ ਜਾਂਦਾ ਹੈ। ਇਹ ਮਾਮਲਾ ਲੈਵਲ-1 ਦੇ ਦਾਇਰੇ ਵਿੱਚ ਆਉਂਦਾ ਹੈ, ਜਿਸ ਕਾਰਨ ਅਰਸ਼ਦੀਪ 'ਤੇ ਮੈਚ ਫੀਸ ਦਾ 50 ਫੀਸਦੀ ਜੁਰਮਾਨਾ ਅਤੇ 1 ਜਾਂ 2 ਡੀਮੈਰਿਟ ਪੁਆਇੰਟ ਲੱਗ ਸਕਦੇ ਹਨ।

 

ਮੁਆਫ਼ੀ ਮੰਗਣ ਤੋਂ ਬਾਅਦ ਵੀ ਸਮੀਖਿਆ ਜਾਰੀ 

ਹਾਲਾਂਕਿ, ਮੈਚ ਖਤਮ ਹੋਣ ਤੋਂ ਬਾਅਦ ਅਰਸ਼ਦੀਪ ਸਿੰਘ ਨੇ ਖੇਡ ਭਾਵਨਾ ਦਿਖਾਉਂਦੇ ਹੋਏ ਡੇਰਿਲ ਮਿਚੇਲ ਤੋਂ ਮੁਆਫ਼ੀ ਮੰਗ ਲਈ ਸੀ ਅਤੇ ਮਿਚੇਲ ਨੇ ਵੀ ਉਨ੍ਹਾਂ ਨੂੰ ਮਾਫ ਕਰ ਦਿੱਤਾ। ਇਸ ਦੇ ਬਾਵਜੂਦ ICC ਇਸ ਪੂਰੀ ਘਟਨਾ ਦੀ ਸਮੀਖਿਆ ਕਰ ਸਕਦੀ ਹੈ ਅਤੇ ਅਰਸ਼ਦੀਪ 'ਤੇ ਕਾਰਵਾਈ ਹੋ ਸਕਦੀ ਹੈ।