Rahul Dravid: ਵਨਡੇ ਵਿਸ਼ਵ ਕੱਪ 2023 ਤੋਂ ਬਾਅਦ, ਰਾਹੁਲ ਦ੍ਰਾਵਿੜ ਦਾ ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਵਜੋਂ ਕਾਰਜਕਾਲ ਖਤਮ ਹੋ ਗਿਆ। ਵਿਸ਼ਵ ਕੱਪ ਤੋਂ ਬਾਅਦ, ਵੀਵੀਐਸ ਲਕਸ਼ਮਣ ਆਸਟ੍ਰੇਲੀਆ ਦੇ ਖਿਲਾਫ ਖੇਡੀ ਜਾ ਰਹੀ ਪੰਜ ਮੈਚਾਂ ਦੀ ਟੀ-20 ਸੀਰੀਜ਼ ਲਈ ਟੀਮ ਇੰਡੀਆ ਦੇ ਨਾਲ ਮੁੱਖ ਕੋਚ ਵਜੋਂ ਕੰਮ ਕਰ ਰਹੇ ਹਨ। ਭਾਰਤ ਦਾ ਅਗਲਾ ਕੋਚ ਕੌਣ ਹੋਵੇਗਾ ਇਸ ਬਾਰੇ ਅਜੇ ਤੱਕ ਕੁਝ ਵੀ ਸਾਹਮਣੇ ਨਹੀਂ ਆਇਆ ਹੈ? ਇਸ ਦੌਰਾਨ, ਰਿਪੋਰਟਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਬੀਸੀਸੀਆਈ ਨੇ ਇੱਕ ਵਾਰ ਫਿਰ ਰਾਹੁਲ ਦ੍ਰਾਵਿੜ ਨੂੰ ਕੋਚ ਬਣਨ ਦੀ ਪੇਸ਼ਕਸ਼ ਕੀਤੀ ਹੈ।


'ESPNcricinfo' ਦੇ ਮੁਤਾਬਕ ਬੀਸੀਸੀਆਈ ਨੇ ਪਿਛਲੇ ਹਫ਼ਤੇ ਰਾਹੁਲ ਦ੍ਰਾਵਿੜ ਨੂੰ ਕੋਚ ਦੇ ਤੌਰ 'ਤੇ ਆਪਣਾ ਕਾਰਜਕਾਲ ਵਧਾਉਣ ਲਈ ਕਿਹਾ ਸੀ। ਹਾਲਾਂਕਿ ਰਾਹੁਲ ਦ੍ਰਾਵਿੜ ਵੱਲੋਂ ਅਜੇ ਤੱਕ ਕੋਈ ਜਵਾਬ ਨਹੀਂ ਦਿੱਤਾ ਗਿਆ ਹੈ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਰਾਹੁਲ ਦ੍ਰਾਵਿੜ ਨੂੰ ਇੱਕ ਵਾਰ ਫਿਰ ਭਾਰਤੀ ਕੋਚ ਵਜੋਂ ਦੇਖਿਆ ਜਾਂਦਾ ਹੈ ਜਾਂ ਨਹੀਂ ਅਤੇ ਜੇਕਰ ਉਹ ਕੋਚ ਨਹੀਂ ਬਣਦੇ ਤਾਂ ਭਾਰਤੀ ਕੋਚਿੰਗ ਦੀ ਵਾਗਡੋਰ ਕਿਸ ਨੂੰ ਸੌਂਪੀ ਜਾਵੇਗੀ।


ਫਿਲਹਾਲ ਟੀਮ ਇੰਡੀਆ ਆਸਟ੍ਰੇਲੀਆ ਦੇ ਖਿਲਾਫ 5 ਮੈਚਾਂ ਦੀ ਟੀ-20 ਸੀਰੀਜ਼ ਖੇਡ ਰਹੀ ਹੈ, ਜਿਸ 'ਚ ਸੀਨੀਅਰ ਖਿਡਾਰੀਆਂ ਅਤੇ ਕੋਚਿੰਗ ਸਟਾਫ ਨੂੰ ਵੀ ਆਰਾਮ ਦਿੱਤਾ ਗਿਆ ਹੈ। ਇਸ ਤੋਂ ਬਾਅਦ ਟੀਮ ਇੰਡੀਆ ਤਿੰਨਾਂ ਫਾਰਮੈਟਾਂ ਦੀ ਸੀਰੀਜ਼ ਲਈ ਦਸੰਬਰ 'ਚ ਦੱਖਣੀ ਅਫਰੀਕਾ ਦਾ ਦੌਰਾ ਕਰੇਗੀ, ਜੋ 10 ਦਸੰਬਰ ਤੋਂ ਸ਼ੁਰੂ ਹੋਵੇਗੀ।


ਰਵੀ ਸ਼ਾਸਤਰੀ ਤੋਂ ਬਾਅਦ ਕੋਚ ਬਣੇ


ਜ਼ਿਕਰਯੋਗ ਹੈ ਕਿ ਰਾਹੁਲ ਦ੍ਰਾਵਿੜ 2021 'ਚ ਰਵੀ ਸ਼ਾਸਤਰੀ ਤੋਂ ਬਾਅਦ ਟੀਮ ਇੰਡੀਆ ਦੇ ਕੋਚ ਬਣੇ ਸਨ। ਰਾਹੁਲ ਦ੍ਰਾਵਿੜ ਦੇ ਕਾਰਜਕਾਲ ਦੌਰਾਨ ਟੀਮ ਇੰਡੀਆ ਆਈਸੀਸੀ ਦੇ ਤਿੰਨ ਟੂਰਨਾਮੈਂਟਾਂ ਵਿੱਚੋਂ ਦੋ ਦੇ ਫਾਈਨਲ ਅਤੇ ਇੱਕ ਦੇ ਸੈਮੀਫਾਈਨਲ ਵਿੱਚ ਪਹੁੰਚ ਚੁੱਕੀ ਹੈ। ਹਾਲਾਂਕਿ ਭਾਰਤੀ ਟੀਮ ਆਈਸੀਸੀ ਟਰਾਫੀ ਨਹੀਂ ਜਿੱਤ ਸਕੀ। ਭਾਰਤ ਨੂੰ 2022 ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਇੰਗਲੈਂਡ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਤੋਂ ਬਾਅਦ ਵਿਸ਼ਵ ਟੈਸਟ ਚੈਂਪੀਅਨਸ਼ਿਪ 2023 ਦੇ ਫਾਈਨਲ ਵਿੱਚ ਭਾਰਤ ਨੂੰ ਆਸਟਰੇਲੀਆ ਹੱਥੋਂ ਹਰਾਇਆ ਗਿਆ ਸੀ। ਫਿਰ ਕੁਝ ਦਿਨ ਪਹਿਲਾਂ ਹੀ ਆਸਟਰੇਲੀਆ ਨੇ ਵਨਡੇ ਵਿਸ਼ਵ ਕੱਪ 2023 ਦੇ ਫਾਈਨਲ ਵਿੱਚ ਭਾਰਤ ਨੂੰ ਹਰਾਇਆ ਸੀ।