CPL 2025: ਕੈਰੇਬੀਅਨ ਪ੍ਰੀਮੀਅਰ ਲੀਗ (CPL) 2025 ਦੇ ਚੌਥੇ ਮੈਚ ਵਿੱਚ, ਟ੍ਰਿਨਬਾਗੋ ਨਾਈਟ ਰਾਈਡਰਜ਼ ਦੇ ਸ਼ਾਨਦਾਰ ਓਪਨਰ ਕੋਲਿਨ ਮੁਨਰੋ ਨੇ ਬੱਲੇ ਨਾਲ ਤੂਫਾਨ ਮਚਾ ਦਿੱਤਾ। 38 ਸਾਲਾ ਬੱਲੇਬਾਜ਼ ਨੇ ਤੇਜ਼ ਸੈਂਕੜਾ ਮਾਰਿਆ ਤੇ ਵਿਰੋਧੀ ਗੇਂਦਬਾਜ਼ਾਂ ਨੂੰ ਕਰਾਰਾ ਜਵਾਬ ਦਿੱਤਾ। ਮੁਨਰੋ ਨੇ ਸਿਰਫ਼ 57 ਗੇਂਦਾਂ ਵਿੱਚ 120 ਦੌੜਾਂ ਬਣਾਈਆਂ, ਜਿਸ ਵਿੱਚ 14 ਚੌਕੇ ਤੇ 6 ਛੱਕੇ ਸ਼ਾਮਲ ਸਨ।

ਮੁਨਰੋ ਦਾ ਤੂਫਾਨੀ ਅੰਦਾਜ਼

ਸੇਂਟ ਕਿਟਸ ਐਂਡ ਨੇਵਿਸ ਪੈਟ੍ਰਿਅਟਸ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ, ਪਰ ਮੁਨਰੋ ਨੇ ਸ਼ੁਰੂ ਤੋਂ ਹੀ ਉਨ੍ਹਾਂ ਦੀ ਯੋਜਨਾ ਨੂੰ ਵਿਗਾੜ ਦਿੱਤਾ। ਉਸਨੇ ਐਲੇਕਸ ਹੇਲਸ ਦੇ ਨਾਲ ਮਿਲ ਕੇ ਪਹਿਲੀ ਵਿਕਟ ਲਈ 9.1 ਓਵਰਾਂ ਵਿੱਚ 114 ਦੌੜਾਂ ਜੋੜੀਆਂ। ਹੇਲਸ 27 ਗੇਂਦਾਂ ਵਿੱਚ 47 ਦੌੜਾਂ ਬਣਾਉਣ ਤੋਂ ਬਾਅਦ ਆਊਟ ਹੋ ਗਿਆ, ਪਰ ਉਦੋਂ ਤੱਕ ਨਾਈਟ ਰਾਈਡਰਜ਼ ਦਾ ਸਕੋਰ ਤੇਜ਼ੀ ਨਾਲ ਅੱਗੇ ਵਧ ਚੁੱਕਾ ਸੀ।

ਇਸ ਤੋਂ ਬਾਅਦ, ਮੁਨਰੋ ਨੇ ਕਪਤਾਨ ਨਿਕੋਲਸ ਪੂਰਨ ਨਾਲ 37 ਦੌੜਾਂ ਦੀ ਸਾਂਝੇਦਾਰੀ ਕੀਤੀ, ਪਰ ਕਪਤਾਨ ਪੂਰਨ 13 ਦੌੜਾਂ ਬਣਾ ਕੇ ਪੈਵੇਲੀਅਨ ਵਾਪਸ ਪਰਤ ਗਿਆ। ਇਸ ਤੋਂ ਬਾਅਦ ਮੁਨਰੋ ਨੇ ਕੀਰੋਨ ਪੋਲਾਰਡ ਨਾਲ ਤੀਜੀ ਵਿਕਟ ਲਈ 44 ਦੌੜਾਂ ਜੋੜੀਆਂ, ਪਰ ਪੋਲਾਰਡ ਵੀ 19 ਦੌੜਾਂ ਬਣਾ ਕੇ ਆਊਟ ਹੋ ਗਿਆ। ਇਸ ਦੌਰਾਨ ਮੁਨਰੋ ਨੇ ਸਿਰਫ਼ 50 ਗੇਂਦਾਂ ਵਿੱਚ ਆਪਣਾ ਸੈਂਕੜਾ ਪੂਰਾ ਕੀਤਾ ਤੇ ਛੱਕੇ ਨਾਲ ਇਹ ਮੀਲ ਪੱਥਰ ਹਾਸਲ ਕੀਤਾ।

ਮੁਨਰੋ ਦਾ ਬੱਲਾ ਆਖਰਕਾਰ 19ਵੇਂ ਓਵਰ ਵਿੱਚ ਰੁਕ ਗਿਆ, ਜਦੋਂ ਜੇਸਨ ਹੋਲਡਰ ਨੇ ਉਸਨੂੰ ਆਊਟ ਕਰਕੇ ਪੈਵੇਲੀਅਨ ਭੇਜ ਦਿੱਤਾ ਪਰ ਉਦੋਂ ਤੱਕ ਉਹ ਟੀਮ ਨੂੰ ਇੱਕ ਸਥਿਤੀ ਵਿੱਚ ਲੈ ਆਇਆ ਸੀ। ਬੈਗੋ ਨਾਈਟ ਰਾਈਡਰਜ਼ ਨੇ ਨਿਰਧਾਰਤ 20 ਓਵਰਾਂ ਵਿੱਚ 5 ਵਿਕਟਾਂ 'ਤੇ 231 ਦੌੜਾਂ ਬਣਾਈਆਂ। ਪੈਟ੍ਰਿਅਟਸ ਲਈ ਜੇਸਨ ਹੋਲਡਰ ਅਤੇ ਵਕਾਰ ਸਲਾਮਖਿਲ ਨੇ ਦੋ-ਦੋ ਵਿਕਟਾਂ ਲਈਆਂ, ਜਦੋਂ ਕਿ ਡੋਮਿਨਿਕ ਡ੍ਰੈਕਸ ਨੂੰ ਇੱਕ ਸਫਲਤਾ ਮਿਲੀ।

ਸੇਂਟ ਕਿਟਸ ਅਤੇ ਨੇਵਿਸ ਪੈਟ੍ਰਿਅਟਸ ਨੇ ਸੀਜ਼ਨ ਦੀ ਸ਼ੁਰੂਆਤ ਐਂਟੀਗੁਆ ਅਤੇ ਬਾਰਬੁਡਾ ਫਾਲਕਨਜ਼ ਵਿਰੁੱਧ ਜਿੱਤ ਨਾਲ ਕੀਤੀ, ਪਰ ਦੂਜੇ ਮੈਚ ਵਿੱਚ ਉਨ੍ਹਾਂ ਨੂੰ ਗੁਆਨਾ ਐਮਾਜ਼ਾਨ ਵਾਰੀਅਰਜ਼ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਵਰਤਮਾਨ ਵਿੱਚ ਇਹ ਟੀਮ ਅੰਕ ਸੂਚੀ ਵਿੱਚ ਦੂਜੇ ਸਥਾਨ 'ਤੇ ਹੈ। ਦੂਜੇ ਪਾਸੇ, ਟ੍ਰਿਨਬਾਗੋ ਨਾਈਟ ਰਾਈਡਰਜ਼ ਨੇ ਇਸ ਸੀਜ਼ਨ ਦਾ ਆਪਣਾ ਪਹਿਲਾ ਮੈਚ ਜਿੱਤ ਕੇ ਸ਼ਾਨਦਾਰ ਸ਼ੁਰੂਆਤ ਕੀਤੀ ਹੈ ਅਤੇ ਹੁਣ ਉਨ੍ਹਾਂ ਦਾ ਅਗਲਾ ਮੈਚ ਐਂਟੀਗੁਆ ਅਤੇ ਬਾਰਬੁਡਾ ਫਾਲਕਨਜ਼ ਵਿਰੁੱਧ ਹੋਵੇਗਾ।