Pakistan Cricket Team: ਪਾਕਿਸਤਾਨ ਕ੍ਰਿਕਟ ਟੀਮ ਆਪਣੇ ਵਿਸ਼ਵ ਕੱਪ ਅਭਿਆਨ ਦੀ ਸ਼ੁਰੂਆਤ 6 ਅਕਤੂਬਰ ਨੂੰ ਨੀਦਰਲੈਂਡ ਖਿਲਾਫ ਕਰਨ ਜਾ ਰਹੀ ਹੈ। ਉਨ੍ਹਾਂ ਦਾ ਮੈਚ ਹੈਦਰਾਬਾਦ ਦੇ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ 'ਚ ਖੇਡਿਆ ਜਾਵੇਗਾ। ਇਸ ਮੈਚ ਨੂੰ ਸ਼ੁਰੂ ਹੋਣ 'ਚ 24 ਘੰਟੇ ਤੋਂ ਵੀ ਘੱਟ ਸਮਾਂ ਬਚਿਆ ਹੈ ਪਰ ਅਜੇ ਤੱਕ ਪਾਕਿਸਤਾਨ ਦੇ ਪ੍ਰਸ਼ੰਸਕਾਂ ਅਤੇ ਮੀਡੀਆ ਨੂੰ ਭਾਰਤੀ ਵੀਜ਼ਾ ਨਹੀਂ ਮਿਲਿਆ ਹੈ।


ਪਾਕਿਸਤਾਨ ਕ੍ਰਿਕਟ ਬੋਰਡ, ਪਾਕਿਸਤਾਨ ਦੇ ਪ੍ਰਸ਼ੰਸਕ ਅਤੇ ਮੀਡੀਆ ਵਾਲੇ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ ਕਿ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਭਾਰਤ ਦਾ ਵੀਜ਼ਾ ਮਿਲ ਸਕੇ, ਤਾਂ ਜੋ ਉਹ ਭਾਰਤ ਆ ਕੇ ਆਪਣੀ ਟੀਮ ਨੂੰ ਲਾਈਵ ਐਕਸ਼ਨ ਵਿੱਚ ਦੇਖ ਸਕੇ। ਪੀਸੀਬੀ ਨੇ ਆਈਸੀਸੀ ਨੂੰ ਇਹ ਵੀ ਸ਼ਿਕਾਇਤ ਕੀਤੀ ਹੈ ਕਿ ਭਾਰਤ ਪਾਕਿਸਤਾਨੀ ਪ੍ਰਸ਼ੰਸਕਾਂ ਅਤੇ ਮੀਡੀਆ ਲਈ ਵੀਜ਼ਾ ਪ੍ਰਕਿਰਿਆ ਨੂੰ ਤੇਜ਼ ਨਹੀਂ ਕਰ ਰਿਹਾ ਹੈ।


ਪਾਕਿਸਤਾਨੀ ਪ੍ਰਸ਼ੰਸਕਾਂ ਨੂੰ ਅਜੇ ਤੱਕ ਨਹੀਂ ਮਿਲਿਆ ਵੀਜ਼ਾ


ਦਰਅਸਲ, ਭਾਰਤ ਅਤੇ ਪਾਕਿਸਤਾਨ ਵਿਚਾਲੇ ਚੱਲ ਰਹੇ ਖਰਾਬ ਸਬੰਧਾਂ ਕਾਰਨ ਮਈ 2017 'ਚ ਪਾਕਿਸਤਾਨ ਨੇ ਭਾਰਤ ਸਰਕਾਰ ਦੀ ਵੈੱਬਸਾਈਟ ਤੱਕ ਪਹੁੰਚ ਨੂੰ ਰੋਕ ਲਗਾ ਦਿੱਤੀ ਸੀ। ਇਸ ਕਾਰਨ ਪਾਕਿਸਤਾਨ ਦੇ ਆਮ ਲੋਕ ਪਾਕਿਸਤਾਨ ਵਿੱਚ ਰਹਿੰਦਿਆਂ ਭਾਰਤੀ ਹਾਈ ਕਮਿਸ਼ਨ ਦੀ ਵੈੱਬਸਾਈਟ 'ਤੇ ਵੀਜ਼ਾ ਲਈ ਜ਼ਰੂਰੀ ਕੰਮ ਨਹੀਂ ਕਰ ਪਾਉਂਦੇ। ਇਸ ਕਾਰਨ ਹੁਣ ਸਵਾਲ ਉੱਠ ਰਹੇ ਹਨ ਕਿ ਪਾਕਿਸਤਾਨ ਦੇ ਪ੍ਰਸ਼ੰਸਕ ਅਤੇ ਮੀਡੀਆ ਇਸ ਵਿਸ਼ਵ ਕੱਪ 'ਚ ਆਪਣੀ ਟੀਮ ਨੂੰ ਮੈਦਾਨ 'ਤੇ ਦੇਖ ਸਕਣਗੇ ਜਾਂ ਨਹੀਂ।


ਪਾਕਿਸਤਾਨ ਦੇ ਇੱਕ ਪੱਤਰਕਾਰ ਨੇ ਆਪਣਾ ਨਾਂ ਲੁਕਾਉਂਦੇ ਹੋਏ ਦੱਸਿਆ ਹੈ ਕਿ ਉਸ ਨੇ ਵੀਪੀਐਨ ਦੀ ਵਰਤੋਂ ਕਰਕੇ ਵਿਸ਼ਵ ਕੱਪ ਲਈ ਵੀਜ਼ਾ ਅਪਲਾਈ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਭਾਰਤੀ ਹਾਈ ਕਮਿਸ਼ਨ ਨੇ ਇਸ ਨੂੰ ਕਾਨੂੰਨੀ ਤਰੀਕਾ ਨਾ ਸਮਝਦਿਆਂ ਵੀਜ਼ਾ ਮਨਜ਼ੂਰ ਨਹੀਂ ਕੀਤਾ। ਹਾਲਾਂਕਿ ਭਾਰਤ ਸਰਕਾਰ ਪਾਕਿਸਤਾਨੀ ਪ੍ਰਸ਼ੰਸਕਾਂ ਅਤੇ ਮੀਡੀਆ ਨੂੰ ਜਲਦ ਤੋਂ ਜਲਦ ਵੀਜ਼ਾ ਦੇਣ ਦੀ ਕੋਸ਼ਿਸ਼ ਕਰ ਰਹੀ ਹੈ।
 
ਦੱਸ ਦੇਈਏ ਕਿ ਪਾਕਿਸਤਾਨੀ ਟੀਮ ਦੇ ਕਪਤਾਨ ਬਾਬਰ ਆਜ਼ਮ ਨੇ ਆਪਣੇ ਪਹਿਲੇ ਵਿਸ਼ਵ ਕੱਪ ਮੈਚ ਤੋਂ ਪਹਿਲਾਂ ਵੀਰਵਾਰ ਨੂੰ ਇੱਕ ਪ੍ਰੈੱਸ ਕਾਨਫਰੰਸ ਕੀਤੀ, ਜਿਸ ਵਿੱਚ ਪਾਕਿਸਤਾਨੀ ਪੱਤਰਕਾਰ ਮੌਜੂਦ ਨਹੀਂ ਸਨ। ਹਾਲਾਂਕਿ, ਪਾਕਿਸਤਾਨੀ ਪੱਤਰਕਾਰਾਂ ਨੇ ਬਾਬਰ ਨੂੰ ਔਨਲਾਈਨ ਸਵਾਲ ਭੇਜੇ ਸਨ, ਜਿਨ੍ਹਾਂ ਦਾ ਉਸ ਨੇ ਜਵਾਬ ਦਿੱਤਾ। ਹੁਣ ਦੇਖਣਾ ਹੋਵੇਗਾ ਕਿ ਪਾਕਿਸਤਾਨ ਦੇ ਲੋਕਾਂ ਨੂੰ ਵਿਸ਼ਵ ਕੱਪ ਦੇਖਣ ਲਈ ਭਾਰਤੀ ਵੀਜ਼ਾ ਮਿਲਦਾ ਹੈ ਜਾਂ ਨਹੀਂ।


ਫੈਨਜ਼ ਤੇ ਕੀ ਬੋਲੇ ਬਾਬਰ ਆਜ਼ਮ...


ਇਸ ਦੌਰਾਨ ਬਾਬਰ ਨੇ ਕਿਹਾ ਕਿ ਉਹ ਭਾਰਤ ਵਿੱਚ ਪਾਕਿਸਤਾਨੀ ਟੀਮ ਦੇ ਹੋਰ ਸਮਰਥਕਾਂ ਨੂੰ ਦੇਖਣਾ ਪਸੰਦ ਕਰਨਗੇ। ਭਾਰਤ ਅਤੇ ਪਾਕਿਸਤਾਨ ਵਿਚਾਲੇ ਕ੍ਰਿਕਟ ਸਬੰਧ ਸਿਆਸੀ ਕਾਰਨਾਂ ਕਰਕੇ ਕਾਫੀ ਪ੍ਰਭਾਵਿਤ ਹੋਏ ਹਨ। ਭਾਰਤੀ ਟੀਮ ਲੰਬੇ ਸਮੇਂ ਤੋਂ ਪਾਕਿਸਤਾਨ ਨਾਲ ਦੁਵੱਲੀ ਸੀਰੀਜ਼ ਨਹੀਂ ਖੇਡ ਰਹੀ ਹੈ, ਪਰ ਉਹ ਏਸ਼ੀਆ ਕੱਪ, ਵਨਡੇ ਅਤੇ ਟੀ-20 ਵਿਸ਼ਵ ਕੱਪ ਅਤੇ ਆਈਸੀਸੀ ਚੈਂਪੀਅਨਜ਼ ਟਰਾਫੀ ਵਰਗੇ ਬਹੁ-ਰਾਸ਼ਟਰੀ ਟੂਰਨਾਮੈਂਟਾਂ 'ਚ ਪਾਕਿਸਤਾਨ ਖਿਲਾਫ ਖੇਡਦੀ ਹੈ।