MS Dhoni And Suresh Raina: ਆਈਪੀਐੱਲ ਮੁਕਾਬਲਿਆਂ ਦੇ ਨਾਲ-ਨਾਲ ਮਹਿੰਦਰ ਸਿੰਘ ਧੋਨੀ ਲਗਾਤਾਰ ਸੁਰਖੀਆਂ ਦਾ ਵਿਸ਼ਾ ਬਣੇ ਹੋਏ ਹਨ। ਦੱਸ ਦੇਈਏ ਕਿ ਖੇਡ ਦੇ ਮੈਦਾਨ ਵਿੱਚ ਧੋਨੀ ਨੂੰ ਵੇਖ ਪ੍ਰਸ਼ੰਸਕ ਬੇਹੱਦ ਉਤਸ਼ਾਹਿਤ ਹੁੰਦੇ ਹਨ। ਜਦੋਂ-ਜਦੋਂ ਧੋਨੀ ਮੈਦਾਨ ਵਿੱਚ ਆਏ ਉਨ੍ਹਾਂ ਕ੍ਰਿਕਟ ਪ੍ਰੇਮੀਆਂ ਦੇ ਦਿਲਾਂ ਉੱਪਰ ਵੱਖਰੀ ਛਾਪ ਛੱਡੀ। ਪਰ ਇਸ ਵਿਚਾਲੇ ਐਮਐਸ ਧੋਨੀ ਪ੍ਰਸ਼ੰਸਕਾਂ ਸਣੇ ਖਿਡਾਰੀਆਂ ਦੀਆਂ ਅੱਖਾਂ ਨਮ ਕਰ ਗਏ। ਦਰਅਸਲ, ਚੇਨਈ ਸੁਪਰ ਕਿੰਗਜ਼ ਨੇ IPL 2024 ਦਾ ਆਖਰੀ ਘਰੇਲੂ ਲੀਗ ਮੈਚ ਰਾਜਸਥਾਨ ਰਾਇਲਜ਼ ਦੇ ਖਿਲਾਫ ਖੇਡਿਆ। ਇਸ ਦੌਰਾਨ ਉਨ੍ਹਾਂ ਐੱਮ.ਏ.ਚਿਦੰਬਰਮ ਸਟੇਡੀਅਮ, ਚੇਨਈ 'ਚ ਖੇਡੇ ਗਏ ਮੈਚ 'ਚ ਸੁਪਰ ਕਿੰਗਜ਼ ਨੇ 5 ਵਿਕਟਾਂ ਨਾਲ ਜਿੱਤ ਦਰਜ ਕੀਤੀ।
ਦੱਸ ਦੇਈਏ ਕਿ ਇਸ ਜਿੱਤ ਤੋਂ ਬਾਅਦ ਧੋਨੀ ਨੇ ਚੇਨਈ ਨੂੰ ਅਲਵਿਦਾ ਕਹਿ ਦਿੱਤਾ। ਇਸ ਦੌਰਾਨ ਮਾਹੀ ਨੇ ਸੁਰੇਸ਼ ਰੈਨਾ ਨੂੰ ਗਲੇ ਲਗਾਇਆ। ਧੋਨੀ ਅਤੇ ਰੈਨਾ ਨੂੰ ਜੱਫੀ ਪਾਉਣ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਧੋਨੀ ਅਤੇ ਰੈਨਾ ਦੇ ਇਸ ਵੀਡੀਓ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ। ਘਰੇਲੂ ਮੈਦਾਨ 'ਤੇ ਆਖਰੀ ਮੈਚ ਖੇਡਣ ਤੋਂ ਬਾਅਦ ਚੇਨਈ ਸੁਪਰ ਕਿੰਗਜ਼ ਦੀ ਪੂਰੀ ਟੀਮ ਨੇ ਮੈਦਾਨ 'ਤੇ ਚੱਕਰ ਲਗਾਇਆ। ਇਸ ਦੌਰਾਨ ਸੁਰੇਸ਼ ਰੈਨਾ ਵੀ ਮੈਦਾਨ ਉੱਪਰ ਪਹੁੰਚ ਗਏ। ਇਸ ਤੋਂ ਬਾਅਦ ਰੈਨਾ ਅਤੇ ਧੋਨੀ ਨੇ ਜੱਫੀ ਪਾਈ। ਪ੍ਰਸ਼ੰਸਕਾਂ ਨੇ ਚੇਨਈ ਦੇ ਦਿੱਗਜ ਖਿਡਾਰੀਆਂ ਦਾ ਇਹ ਪਿਆਰ ਭਰਿਆ ਅੰਦਾਜ਼ ਬੇਹੱਦ ਪਸੰਦ ਕੀਤਾ।
ਚੇਨਈ ਨੇ ਰਾਜਸਥਾਨ ਨੂੰ ਹਰਾ ਪਲੇਆਫ ਵੱਲ ਵਧਾਇਆ ਇੱਕ ਹੋਰ ਕਦਮ
ਦੱਸ ਦੇਈਏ ਕਿ ਚੇਨਈ ਸੁਪਰ ਕਿੰਗਜ਼ ਨੇ ਰਾਜਸਥਾਨ ਰਾਇਲਸ ਦੇ ਖਿਲਾਫ ਜਿੱਤ ਦਰਜ ਕਰਕੇ ਪਲੇਆਫ ਦੀ ਦੌੜ ਵਿੱਚ ਇੱਕ ਕਦਮ ਹੋਰ ਅੱਗੇ ਵਧਾ ਲਿਆ ਹੈ। ਹੁਣ ਚੇਨਈ 14 ਅੰਕਾਂ ਅਤੇ +0.528 ਦੀ ਨੈੱਟ ਰਨ ਰੇਟ ਨਾਲ ਤੀਜੇ ਸਥਾਨ 'ਤੇ ਆ ਗਿਆ ਹੈ। ਦੂਜੇ ਪਾਸੇ ਹਾਰਨ ਵਾਲੀ ਰਾਜਸਥਾਨ ਰਾਇਲਜ਼ 16 ਅੰਕਾਂ ਨਾਲ ਦੂਜੇ ਸਥਾਨ 'ਤੇ ਬਰਕਰਾਰ ਹੈ। ਰਾਜਸਥਾਨ ਦੀ ਇਹ ਲਗਾਤਾਰ ਤੀਜੀ ਹਾਰ ਸੀ।
ਜੇਕਰ ਮੈਚ ਦੀ ਗੱਲ ਕਰੀਏ ਤਾਂ ਰਾਜਸਥਾਨ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ 'ਚ 5 ਵਿਕਟਾਂ 'ਤੇ 141 ਦੌੜਾਂ ਬਣਾਈਆਂ ਸਨ। ਰਿਆਨ ਪਰਾਗ ਨੇ ਟੀਮ ਲਈ ਸਭ ਤੋਂ ਵੱਡੀ ਪਾਰੀ ਖੇਡੀ ਅਤੇ 35 ਗੇਂਦਾਂ ਵਿੱਚ 1 ਚੌਕੇ ਅਤੇ 3 ਛੱਕਿਆਂ ਦੀ ਮਦਦ ਨਾਲ 47* ਦੌੜਾਂ ਬਣਾਈਆਂ।
ਫਿਰ ਟੀਚੇ ਦਾ ਪਿੱਛਾ ਕਰਦੇ ਹੋਏ ਚੇਨਈ ਨੇ 18.2 ਓਵਰਾਂ 'ਚ ਜਿੱਤ ਹਾਸਲ ਕਰ ਲਈ। ਚੇਨਈ ਲਈ ਕਪਤਾਨ ਰੁਤੂਰਾਜ ਗਾਇਕਵਾੜ ਨੇ ਸਭ ਤੋਂ ਵੱਡੀ ਪਾਰੀ ਖੇਡੀ ਅਤੇ 41 ਗੇਂਦਾਂ ਵਿੱਚ 42* ਦੌੜਾਂ ਬਣਾਈਆਂ। ਇਸ ਦੌਰਾਨ ਗਾਇਕਵਾੜ ਨੇ 1 ਚੌਕਾ ਅਤੇ 2 ਛੱਕੇ ਲਗਾਏ ਸਨ। ਚੇਨਈ ਦੇ ਕਪਤਾਨ ਨੇ ਓਪਨਿੰਗ 'ਚ ਐਂਟਰੀ ਕੀਤੀ ਸੀ ਅਤੇ ਉਹ ਅੰਤ ਤੱਕ ਡਟੇ ਰਹੇ।