IPL 2021: ਆਸਟਰੇਲੀਆ ਦੇ ਮਹਾਨ ਸਲਾਮੀ ਬੱਲੇਬਾਜ਼ ਤੇ ਆਈਪੀਐਲ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਦੇ ਸਾਬਕਾ ਕਪਤਾਨ ਡੇਵਿਡ ਵਾਰਨਰ ਆਈਪੀਐਲ 2021 ਵਿੱਚ ਧਮਾਲ ਮਚਾਉਂਦੇ ਨਜ਼ਰ ਆਉਣਗੇ। ਵਾਰਨਰ ਨੇ ਖੁਦ ਆਪਣੇ ਇੰਸਟਾਗ੍ਰਾਮ ਪੋਸਟ ਰਾਹੀਂ ਹੈਦਰਾਬਾਦ ਲਈ ਦੂਜੇ ਗੇੜ ਵਿੱਚ ਖੇਡਣ ਦੀ ਲਗਪਗ ਪੁਸ਼ਟੀ ਕੀਤੀ ਹੈ।


ਵਾਰਨਰ ਤੋਂ ਪਹਿਲਾਂ ਨਿਊਜ਼ੀਲੈਂਡ, ਇੰਗਲੈਂਡ, ਵੈਸਟਇੰਡੀਜ਼ ਤੇ ਬੰਗਲਾਦੇਸ਼ ਦੇ ਕ੍ਰਿਕਟਰਸ ਆਈਪੀਐਲ ਦੇ ਦੂਜੇ ਪੜਾਅ ਵਿੱਚ ਖੇਡਣ ਲਈ ਸਹਿਮਤ ਹੋਏ ਸਨ। ਵਾਰਨਰ ਦੇ ਐਲਾਨ ਤੋਂ ਬਾਅਦ, ਅਜਿਹੀਆਂ ਅਟਕਲਾਂ ਹਨ ਕਿ ਆਸਟਰੇਲੀਆ ਦੇ ਕਈ ਹੋਰ ਵੱਡੇ ਖਿਡਾਰੀ ਵੀ ਆਈਪੀਐਲ 2021 ਦੇ ਦੂਜੇ ਪੜਾਅ ਵਿੱਚ ਖੇਡਦੇ ਹੋਏ ਦੇਖੇ ਜਾ ਸਕਦੇ ਹਨ। ਆਈਪੀਐਲ 2021 ਦਾ ਦੂਜਾ ਪੜਾਅ 19 ਸਤੰਬਰ ਤੋਂ ਯੂਏਈ ਵਿੱਚ ਸ਼ੁਰੂ ਹੋਵੇਗਾ।


ਡੇਵਿਡ ਵਾਰਨਰ ਦਾ ਨਾਂ ਹੁਣ ਉਨ੍ਹਾਂ ਨਾਲ ਜੁੜ ਗਿਆ ਹੈ ਜਿਨ੍ਹਾਂ ਨੇ IPL 2021 ਦੇ ਦੂਜੇ ਪੜਾਅ ਵਿੱਚ ਖੇਡਣ ਦਾ ਫੈਸਲਾ ਕੀਤਾ ਹੈ। ਇਹ ਪੁਸ਼ਟੀ ਕਰਦਿਆਂ ਕਿ ਉਹ ਆਈਪੀਐਲ 2021 ਵਿੱਚ ਖੇਡੇਗਾ, ਵਾਰਨਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀ ਟੀਮ ਸਨਰਾਈਜ਼ਰਜ਼ ਦੀ ਜਰਸੀ ਪਹਿਨੀ ਇੱਕ ਤਸਵੀਰ ਪੋਸਟ ਕੀਤੀ ਤੇ ਕੈਪਸ਼ਨ ਵਿੱਚ ਲਿਖਿਆ "ਮੈਂ ਵਾਪਸ ਆਵਾਂਗਾ"।


 






ਡੇਵਿਡ ਵਾਰਨਰ 2014 ਤੋਂ ਸਨਰਾਈਜ਼ਰਸ ਹੈਦਰਾਬਾਦ ਨਾਲ ਜੁੜੇ ਹੋਏ ਹਨ। ਉਸਨੇ ਆਪਣੀ ਕਪਤਾਨੀ ਵਿੱਚ ਹੈਦਰਾਬਾਦ ਲਈ ਇੱਕ ਵਾਰ ਆਈਪੀਐਲ ਦਾ ਖਿਤਾਬ ਵੀ ਜਿੱਤਿਆ ਹੈ। ਹਾਲਾਂਕਿ, ਆਈਪੀਐਲ 2021 ਦੇ ਪਹਿਲੇ ਪੜਾਅ ਵਿੱਚ, ਵਾਰਨਰ ਦਾ ਬੱਲਾ ਬਹੁਤ ਹੌਲੀ ਸੀ ਅਤੇ ਉਨ੍ਹਾਂ ਨੇ 6 ਮੈਚਾਂ ਵਿੱਚ ਦੋ ਅਰਧ ਸੈਂਕੜਿਆਂ ਦੀ ਮਦਦ ਨਾਲ 193 ਦੌੜਾਂ ਬਣਾਈਆਂ। ਵਾਰਨਰ ਦੀ ਹੌਲੀ ਬੱਲੇਬਾਜ਼ੀ ਕਾਰਨ ਹੈਦਰਾਬਾਦ ਨੂੰ ਕਈ ਮੈਚਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ।


ਪਹਿਲੇ ਪੜਾਅ ਦੇ ਖਰਾਬ ਪ੍ਰਦਰਸ਼ਨ ਕਾਰਨ ਵਾਰਨਰ ਨੂੰ ਹੈਦਰਾਬਾਦ ਦੀ ਕਪਤਾਨੀ ਤੋਂ ਵੀ ਹਟਾ ਦਿੱਤਾ ਗਿਆ ਅਤੇ ਕੇਨ ਵਿਲੀਅਮਸਨ ਨੂੰ ਨਵਾਂ ਕਪਤਾਨ ਬਣਾਇਆ ਗਿਆ। ਹੁਣ ਆਈਪੀਐਲ 2021 ਦੇ ਦੂਜੇ ਪੜਾਅ ਵਿੱਚ, ਵਾਰਨਰ ਪਹਿਲੇ ਪੜਾਅ ਦੀਆਂ ਕੌੜੀਆਂ ਯਾਦਾਂ ਨੂੰ ਭੁੱਲ ਕੇ ਨਵੀਂ ਸ਼ੁਰੂਆਤ ਕਰਨਾ ਚਾਹੁੰਦਾ ਹੈ ਤੇ ਟੀਮ ਲਈ ਹਰ ਮੈਚ ਜਿੱਤਣ ਦੀ ਕੋਸ਼ਿਸ਼ ਕਰੇਗਾ।


ਪਹਿਲੇ ਪੜਾਅ ਦੇ ਅੰਤ ਤੱਕ, ਸਨਰਾਈਜ਼ਰਸ ਹੈਦਰਾਬਾਦ ਨੇ ਸੱਤ ਮੈਚ ਖੇਡੇ ਸਨ, ਜਿਨ੍ਹਾਂ ਵਿੱਚੋਂ ਉਨ੍ਹਾਂ ਨੂੰ 6 ਮੈਚਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਸਮੇਂ ਇਹ ਟੀਮ ਅੰਕ ਸੂਚੀ ਵਿੱਚ ਆਖਰੀ ਸਥਾਨ 'ਤੇ ਹੈ, ਪਰ ਜੇਕਰ ਹੈਦਰਾਬਾਦ ਦੀ ਟੀਮ ਆਪਣੇ ਬਾਕੀ ਮੈਚਾਂ ਵਿੱਚ ਜੇਤੂ ਬਣ ਜਾਂਦੀ ਹੈ ਤਾਂ ਇਹ ਪਲੇਆਫ ਵਿੱਚ ਪਹੁੰਚ ਜਾਵੇਗੀ।