Former Indian Player Raised Concern Over India's Asia Cup Squad: ਭਾਰਤੀ ਟੀਮ ਦੀ ਸੀਨੀਅਰ ਚੋਣ ਕਮੇਟੀ ਨੇ 30 ਅਗਸਤ ਨੂੰ ਹੋਣ ਵਾਲੇ ਏਸ਼ੀਆ ਕੱਪ ਲਈ 17 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਇਸ ਟੀਮ ਵਿੱਚ ਲੰਬੇ ਸਮੇਂ ਬਾਅਦ ਕਈ ਖਿਡਾਰੀਆਂ ਦੀ ਵਾਪਸੀ ਕੀਤੀ, ਜਿਸ ਵਿੱਚ ਕੇਐਲ ਰਾਹੁਲ ਅਤੇ ਸ਼੍ਰੇਅਸ ਅਈਅਰ ਪ੍ਰਮੁੱਖ ਹਨ। ਇਸ ਤੋਂ ਇਲਾਵਾ ਕੁਝ ਅਜਿਹੇ ਖਿਡਾਰੀਆਂ ਦੇ ਨਾਂ ਗਾਇਬ ਸਨ, ਜਿਨ੍ਹਾਂ 'ਚ ਰਵੀਚੰਦਰਨ ਅਸ਼ਵਿਨ ਅਤੇ ਯੁਜਵੇਂਦਰ ਚਾਹਲ ਦੇ ਨਾਂ ਪ੍ਰਮੁੱਖ ਹਨ। ਹੁਣ 1983 ਦੀ ਵਿਸ਼ਵ ਕੱਪ ਜੇਤੂ ਟੀਮ ਦਾ ਹਿੱਸਾ ਰਹੇ ਸਾਬਕਾ ਖਿਡਾਰੀ ਮਦਨ ਲਾਲ ਨੇ ਟੀਮ ਚੋਣ 'ਤੇ ਨਾਰਾਜ਼ਗੀ ਜ਼ਾਹਿਰ ਕਰਦਿਆਂ ਕੁਝ ਗੰਭੀਰ ਸਵਾਲ ਪੁੱਛੇ ਹਨ।


ਸਾਬਕਾ ਭਾਰਤੀ ਖਿਡਾਰੀ ਮਦਨ ਲਾਲ ਨੇ ਐਨਆਈ ਨੂੰ ਦਿੱਤੇ ਇੱਕ ਬਿਆਨ ਵਿੱਚ ਕਿਹਾ ਕਿ ਟੀਮ ਦੀ ਗੱਲ ਕਰੀਏ ਤਾਂ ਲਗਭਗ ਉਹੀ ਟੀਮ ਸਾਹਮਣੇ ਆਈ ਹੈ ਜਿਸਦੀ ਸਾਨੂੰ ਉਮੀਦ ਸੀ, ਪਰ ਫਿਟਨੈਸ ਅਜੇ ਵੀ ਚਿੰਤਾ ਦਾ ਵਿਸ਼ਾ ਹੈ। ਕੇਐਲ ਰਾਹੁਲ ਅਤੇ ਸ਼੍ਰੇਅਸ ਅਈਅਰ ਨੇ ਅਜੇ ਤੱਕ ਇੱਕ ਵੀ ਮੈਚ ਨਹੀਂ ਖੇਡਿਆ ਹੈ। ਏਸ਼ੀਆ ਕੱਪ ਅਤੇ ਵਿਸ਼ਵ ਕੱਪ ਵਰਗੇ ਮੁਕਾਬਲਿਆਂ 'ਚ ਸਿੱਧਾ ਖੇਡਣਾ ਬਿਲਕੁਲ ਵੱਖਰੀ ਚੀਜ਼ ਹੈ, ਕਿਉਂਕਿ ਉਸ ਸਮੇਂ ਬਹੁਤ ਸਾਰੀਆਂ ਚੀਜ਼ਾ ਹੁੰਦੀਆਂ ਹਨ। ਉਸ ਸਮੇਂ ਤੁਹਾਡੀ ਫਿਟਨੈਸ ਪੱਧਰ 100 ਪ੍ਰਤੀਸ਼ਤ ਤੋਂ ਵੱਧ ਹੋਣਾ ਚਾਹੀਦਾ ਹੈ।


ਦੂਜੇ ਪਾਸੇ ਮਦਨਲਾਲ ਨੇ ਯੁਜਵੇਂਦਰ ਚਾਹਲ ਅਤੇ ਰਵੀ ਅਸ਼ਵਿਨ ਨੂੰ ਏਸ਼ੀਆ ਕੱਪ ਟੀਮ 'ਚ ਸ਼ਾਮਲ ਨਾ ਕੀਤੇ ਜਾਣ ਬਾਰੇ ਕਿਹਾ ਕਿ ਚਾਹਲ ਅਤੇ ਅਸ਼ਵਿਨ ਦੇ ਨਾਂ ਟੀਮ 'ਚ ਨਾ ਦੇਖ ਕੇ ਮੈਂ ਥੋੜ੍ਹਾ ਹੈਰਾਨ ਹਾਂ। ਦੱਸ ਦੇਈਏ ਕਿ ਕੁਲਦੀਪ ਯਾਦਵ ਤੋਂ ਇਲਾਵਾ ਅਕਸ਼ਰ ਪਟੇਲ ਅਤੇ ਰਵਿੰਦਰ ਜਡੇਜਾ ਨੂੰ ਇਸ ਮਹੱਤਵਪੂਰਨ ਟੂਰਨਾਮੈਂਟ ਲਈ ਟੀਮ 'ਚ ਸਪਿਨਰ ਦੇ ਤੌਰ 'ਤੇ ਸ਼ਾਮਲ ਕੀਤਾ ਗਿਆ ਹੈ।


ਰਾਹੁਲ ਅਜੇ ਵੀ ਪੂਰੀ ਤਰ੍ਹਾਂ ਨਹੀਂ ਫਿੱਟ


ਏਸ਼ੀਆ ਕੱਪ ਟੀਮ ਦੀ ਘੋਸ਼ਣਾ ਤੋਂ ਬਾਅਦ ਮੁੱਖ ਚੋਣਕਾਰ ਅਜੀਤ ਅਗਰਕਰ ਨੇ ਸ਼੍ਰੇਅਸ ਅਈਅਰ ਨੂੰ ਪੂਰੀ ਤਰ੍ਹਾਂ ਫਿੱਟ ਘੋਸ਼ਿਤ ਕੀਤਾ, ਜਦਕਿ ਉਨ੍ਹਾਂ ਨੇ ਟੂਰਨਾਮੈਂਟ ਦੇ ਪਹਿਲੇ 1 ਜਾਂ 2 ਮੈਚਾਂ 'ਚ ਲੋਕੇਸ਼ ਰਾਹੁਲ ਦੇ ਖੇਡਣ ਦੀ ਸਮਰੱਥਾ 'ਤੇ ਸ਼ੱਕ ਜਤਾਇਆ। ਅਗਰਕਰ ਨੇ ਕਿਹਾ ਕਿ ਰਾਹੁਲ ਨੂੰ ਅਜੇ ਵੀ ਕੁਝ ਸਮੱਸਿਆ ਹੈ, ਜਿਸ ਨੂੰ ਠੀਕ ਹੋਣ 'ਚ ਕੁਝ ਸਮਾਂ ਲੱਗ ਸਕਦਾ ਹੈ।