Gautam Gambhir Press Conference: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਚੱਲ ਰਹੀ ਬਾਰਡਰ-ਗਾਵਸਕਰ ਟਰਾਫੀ 'ਚ ਫਿਲਹਾਲ ਕੰਗਾਰੂ ਟੀਮ 2-1 ਨਾਲ ਅੱਗੇ ਚੱਲ ਰਹੀ ਹੈ। ਹੁਣ ਸੀਰੀਜ਼ ਦਾ ਪੰਜਵਾਂ ਅਤੇ ਆਖਰੀ ਟੈਸਟ 3 ਜਨਵਰੀ ਤੋਂ ਸਿਡਨੀ 'ਚ ਖੇਡਿਆ ਜਾਵੇਗਾ। ਇਸ ਮੈਚ ਤੋਂ ਪਹਿਲਾਂ ਭਾਰਤੀ ਟੀਮ 'ਚ ਦਰਾਰ ਪੈਣ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਸਨ, ਜਿਨ੍ਹਾਂ ਨੂੰ ਕੋਚ ਗੌਤਮ ਗੰਭੀਰ ਨੇ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਪਲੇਇੰਗ ਇਲੈਵਨ ਨੂੰ ਲੈ ਕੇ ਵੀ ਵੱਡੇ ਖੁਲਾਸੇ ਕੀਤੇ ਹਨ। ਤੁਹਾਨੂੰ ਦੱਸ ਦਈਏ ਕਿ ਟੀਮ ਇੰਡੀਆ ਦੇ ਅੰਦਰ ਆਪਸੀ ਦਰਾਰ ਦੀਆਂ ਖਬਰਾਂ ਦੇ ਵਿਚਕਾਰ ਇਹ ਵੀ ਕਿਆਸ ਲਗਾਏ ਜਾ ਰਹੇ ਹਨ ਕਿ ਰੋਹਿਤ ਸ਼ਰਮਾ ਸਿਡਨੀ ਟੈਸਟ ਤੋਂ ਬਾਹਰ ਹੋ ਸਕਦੇ ਹਨ।



ਰੋਹਿਤ ਸ਼ਰਮਾ ਨਹੀਂ ਖੇਡਣਗੇ ਸਿਡਨੀ ਟੈਸਟ?
ਵੀਰਵਾਰ ਨੂੰ ਪ੍ਰੈੱਸ ਕਾਨਫਰੰਸ ਕੀਤੀ, ਜਿਸ 'ਚ ਗੌਤਮ ਗੰਭੀਰ ਨੂੰ ਰੋਹਿਤ ਸ਼ਰਮਾ ਦੀ ਗੈਰ-ਮੌਜੂਦਗੀ 'ਤੇ ਸਵਾਲ ਪੁੱਛਿਆ ਗਿਆ। ਇਸ ਦੇ ਜਵਾਬ ਵਿੱਚ ਮੁੱਖ ਕੋਚ ਨੇ ਕਿਹਾ, "ਰੋਹਿਤ ਸ਼ਰਮਾ ਨਾਲ ਸਭ ਕੁਝ ਠੀਕ ਹੈ। ਹੈੱਡ ਕੋਚ ਤੁਹਾਡੇ ਸਾਹਮਣੇ ਹੈ, ਤੁਹਾਨੂੰ ਉਸ ਤੋਂ ਸੰਤੁਸ਼ਟ ਹੋ ਜਾਣਾ ਚਾਹੀਦਾ ਹੈ। ਅਸੀਂ ਕੱਲ੍ਹ ਇੱਕ ਵਾਰ ਫਿਰ ਪਿੱਚ ਦਾ ਨਿਰੀਖਣ ਕਰਾਂਗੇ ਅਤੇ ਫਿਰ ਉਸ ਤੋਂ ਬਾਅਦ ਹੀ ਪਲੇਇੰਗ ਇਲੈਵਨ 'ਤੇ ਕੋਈ ਫੈਸਲਾ ਲਵਾਂਗੇ।"



ਇਸ ਸਭ ਤੋਂ ਬਾਅਦ ਜਦੋਂ ਕਾਨਫਰੰਸ 'ਚ ਰੋਹਿਤ ਸ਼ਰਮਾ ਬਾਰੇ ਫਿਰ ਤੋਂ ਸਵਾਲ ਪੁੱਛਿਆ ਗਿਆ ਕਿ ਉਹ ਸਿਡਨੀ ਟੈਸਟ ਖੇਡਣਗੇ ਜਾਂ ਨਹੀਂ। ਇਸ 'ਤੇ ਕੋਚ ਗੰਭੀਰ ਨੇ ਭੜਕਾਊ ਅੰਦਾਜ਼ 'ਚ ਜਵਾਬ ਦਿੰਦਿਆਂ ਹੋਇਆਂ ਕਿਹਾ, 'ਮੈਂ ਪਹਿਲਾਂ ਹੀ ਕਿਹਾ ਸੀ ਕਿ ਅਸੀਂ ਕੱਲ੍ਹ ਪਿੱਚ ਦੀ ਜਾਂਚ ਕਰਾਂਗੇ ਅਤੇ ਉਸ ਤੋਂ ਬਾਅਦ ਹੀ ਪਲੇਇੰਗ ਇਲੈਵਨ ਬਾਰੇ ਫੈਸਲਾ ਦੇਵਾਂਗੇ।' ਰੋਹਿਤ ਸ਼ਰਮਾ ਦੇ ਸਵਾਲ 'ਤੇ ਗੰਭੀਰ ਦਾ ਭੜਕਣਾ ਇਸ ਗੱਲ ਦਾ ਸੰਕੇਤ ਹੀ ਕਿਹਾ ਜਾ ਸਕਦਾ ਹੈ ਕਿ ਦੋਵਾਂ ਵਿਚਾਲੇ ਸਭ ਕੁਝ ਠੀਕ ਨਹੀਂ ਹੈ।


ਆਕਾਸ਼ਦੀਪ ਹੋਏ ਬਾਹਰ 
ਟੀਮ ਇੰਡੀਆ ਦੇ ਮੁੱਖ ਕੋਚ ਗੌਤਮ ਗੰਭੀਰ ਨੇ ਐਲਾਨ ਕੀਤਾ ਕਿ ਅਕਾਸ਼ਦੀਪ ਪਿੱਠ ਦਰਦ ਦੀ ਸਮੱਸਿਆ ਕਾਰਨ ਸਿਡਨੀ ਟੈਸਟ ਵਿੱਚ ਨਹੀਂ ਖੇਡਣਗੇ। ਆਕਾਸ਼ਦੀਪ ਨੇ ਬਹੁਤ ਵਧੀਆ ਗੇਂਦਬਾਜ਼ੀ ਕੀਤੀ ਪਰ ਹੁਣ ਤੱਕ ਉਹ 2 ਮੈਚਾਂ ਵਿੱਚ ਸਿਰਫ਼ 5 ਵਿਕਟਾਂ ਹੀ ਲੈ ਸਕੇ ਹਨ। ਕੋਚ ਗੰਭੀਰ ਨੇ ਆਕਾਸ਼ਦੀਪ ਬਾਰੇ ਕਿਹਾ, "ਪਿੱਠ ਦੀ ਸਮੱਸਿਆ ਕਰਕੇ ਆਕਾਸ਼ਦੀਪ ਆਖਰੀ ਟੈਸਟ ਵਿੱਚ ਨਹੀਂ ਖੇਡਣਗੇ।"