ਕ੍ਰਿਕਟ ਏਸ਼ੀਆ ਕੱਪ ਦੇ 17ਵੇਂ ਸੰਸਕਰਣ (ਏਸ਼ੀਆ ਕੱਪ 2025) ਦਾ ਆਯੋਜਨ ਜਾਰੀ ਹੈ ਤੇ ਗਰੁੱਪ ਮੰਚ ਹੁਣ ਰੋਮਾਂਚਕ ਮੋੜ 'ਤੇ ਪਹੁੰਚ ਗਿਆ ਹੈ। ਇਸ ਦਰਮਿਆਨ ਹੈਂਡਸ਼ੇਕ ਵਿਵਾਦ ਚਰਚਾ ਵਿਚ ਹੈ। ਦਰਅਸਲ, ਭਾਰਤੀ ਖਿਡਾਰੀਆਂ ਨੇ ਪਾਕਿਸਤਾਨੀ ਖਿਡਾਰੀਆਂ ਨਾਲ ਮੈਚ ਤੋਂ ਬਾਅਦ ਹੱਥ ਨਹੀਂ ਮਿਲਾਇਆ। ਸੂਰਿਆਕੁਮਾਰ ਯਾਦਵ ਨੇ ਟਾਸ਼ ਦੌਰਾਨ ਵੀ ਸਲਮਾਨ ਅਲੀ ਆਗਾ ਨਾਲ ਹੱਥ ਨਹੀਂ ਮਿਲਾਇਆ ਸੀ। ਇਸ ਘਟਨਾ ਤੋਂ ਬਾਅਦ ਇੱਕ ਤਸਵੀਰ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਹੀ ਹੈ।

ਪਾਕਿਸਤਾਨ ਕ੍ਰਿਕਟ ਬੋਰਡ ਭਾਰਤੀ ਖਿਡਾਰੀਆਂ ਦੇ ਵਤੀਰੇ 'ਤੇ ਨਾਰਾਜ਼ ਹੈ। ਉਨ੍ਹਾਂ ਦੇ ਕਪਤਾਨ ਮੈਚ ਤੋਂ ਬਾਅਦ ਪ੍ਰਜ਼ੇਂਟੇਸ਼ਨ 'ਚ ਨਹੀਂ ਆਏ ਅਤੇ ਇਸ ਦੀ ਸ਼ਿਕਾਇਤ ਆਈਸੀਸੀ ਨੂੰ ਕੀਤੀ ਹੈ। ਇਸ ਦਰਮਿਆਨ ਦੋ ਖਿਡਾਰੀਆਂ ਦੇ ਹੱਥ ਮਿਲਾਉਂਦੇ ਹੋਏ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਜਿਨ੍ਹਾਂ ਦੋ ਖਿਡਾਰੀਆਂ ਨੇ ਹੱਥ ਮਿਲਾਇਆ ਸੀ, ਉਹ ਭਾਰਤੀ ਜਾਂ ਪਾਕਿਸਤਾਨੀ ਕ੍ਰਿਕਟ ਟੀਮ ਨਾਲ ਨਹੀਂ ਸਨ, ਪਰ ਦੋਵਾਂ ਦਾ ਭਾਰਤ-ਪਾਕਿਸਤਾਨ ਨਾਲ ਕਨੈਕਸ਼ਨ ਹੈ। ਏਸ਼ੀਆ ਕੱਪ 2025 ਦੇ 7ਵੇਂ ਮੈਚ ਵਿੱਚ ਯੂਏਈ ਨੇ ਓਮਾਨ ਨੂੰ ਹਰਾਇਆ। ਇਸ ਮੈਚ ਦੌਰਾਨ ਟਾਸ਼ ਸਮੇਂ ਓਮਾਨ ਦੇ ਕਪਤਾਨ ਜਤਿੰਦਰ ਸਿੰਘ ਨੇ ਯੂਏਈ ਦੇ ਮੁਹੰਮਦ ਵਸੀਮ ਨਾਲ ਹੱਥ ਮਿਲਾਇਆ। ਇਸ ਵਿੱਚ ਕੋਈ ਗਲਤ ਨਹੀਂ ਸੀ, ਕਿਉਂਕਿ ਜਤਿੰਦਰ ਯੂਏਈ ਟੀਮ ਦੀ ਨੁਮਾਇੰਦਗੀ ਕਰ ਰਹੇ ਸਨ, ਭਾਰਤ ਦੀ ਨਹੀਂ।

ਭਾਰਤੀ ਮੂਲ ਦੇ ਜਤਿੰਦਰ ਸਿੰਘ ਦਾ ਜਨਮ ਪੰਜਾਬ ਦੇ ਲੁਧਿਆਣਾ ਵਿੱਚ ਹੋਇਆ। 1989 ਵਿੱਚ ਜਨਮੇ ਜਤਿੰਦਰ 2003 ਵਿੱਚ ਓਮਾਨ ਚਲੇ ਗਏ ਸਨ। 2015 ਵਿੱਚ ਉਨ੍ਹਾਂ ਨੇ ਯੂਏਈ ਟੀਮ ਲਈ ਡੈਬਿਊ ਕੀਤਾ। ਦੂਜੇ ਪਾਸੇ ਯੂਏਈ ਦੇ ਕਪਤਾਨ ਮੁਹੰਮਦ ਵਸੀਮ ਦਾ ਜਨਮ ਪਾਕਿਸਤਾਨ ਦੇ ਪੰਜਾਬ ਵਿਚ ਹੋਇਆ। ਉਹ ਪਾਕਿਸਤਾਨ ਤੋਂ ਯੂਏਈ ਇੱਕ ਟੂਰਨਾਮੈਂਟ ਖੇਡਣ ਆਏ ਸਨ ਅਤੇ ਬਾਅਦ ਵਿੱਚ ਉਥੇ ਹੀ ਸ਼ਿਫ਼ਟ ਹੋ ਕੇ ਯੂਏਈ ਦੀ ਨਾਗਰਿਕਤਾ ਹਾਸਲ ਕੀਤੀ। 2021 ਵਿੱਚ ਉਨ੍ਹਾਂ ਨੇ ਇਸ ਟੀਮ ਲਈ ਡੈਬਿਊ ਕੀਤਾ ਅਤੇ 2023 ਤੋਂ ਟੀਮ ਦੀ ਕਮਾਨ ਸੰਭਾਲ ਰਹੇ ਹਨ।

ਹੈਂਡਸ਼ੇਕ ਵਿਵਾਦ ਦੇ ਕਾਰਨ ਯੂਏਈ ਟੀਮ ਸੁਪਰ-4 ਵਿੱਚ ਪਹੁੰਚ ਸਕਦੀ ਹੈ। ਦਰਅਸਲ, ਪਾਕਿਸਤਾਨ ਨੇ ਧਮਕੀ ਦਿੱਤੀ ਹੈ ਕਿ ਜੇ ਮੈਚ ਰੈਫਰੀ ਨੂੰ ਹਟਾਇਆ ਨਹੀਂ ਗਿਆ ਤਾਂ ਉਹ ਟੂਰਨਾਮੈਂਟ ਦਾ ਬਾਇਕਾਟ ਕਰ ਦੇਵੇਗੀ ਅਤੇ ਯੂਏਈ ਦੇ ਖਿਲਾਫ ਆਪਣੇ ਅਗਲੇ ਮੈਚ ਵਿੱਚ ਨਹੀਂ ਖੇਡੇਗੀ। ਜੇ ਇਹ ਹੋਇਆ ਤਾਂ 2 ਅੰਕ ਯੂਏਈ ਨੂੰ ਮਿਲ ਜਾਣਗੇ ਅਤੇ ਉਹ ਸੁਪਰ-4 ਵਿੱਚ ਕਵਾਲੀਫਾਈ ਕਰ ਲਵੇਗੀ, ਜਦਕਿ ਪਾਕਿਸਤਾਨ ਬਾਹਰ ਰਹੇਗੀ। ਟੀਮ ਇੰਡੀਆ ਪਹਿਲਾਂ ਹੀ ਸੁਪਰ-4 ਵਿੱਚ ਆਪਣਾ ਸਥਾਨ ਪੱਕਾ ਕਰ ਚੁੱਕੀ ਹੈ।