IPL 2024 Harshit Rana: ਕੋਲਕਾਤਾ ਨਾਈਟ ਰਾਈਡਰਜ਼ ਨੇ ਆਈਪੀਐਲ 2024 ਦੇ ਤੀਜੇ ਮੁਕਾਬਲੇ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਨੂੰ 4 ਵਿਕਟਾਂ ਨਾਲ ਹਰਾਇਆ। ਇਸ ਮੁਕਾਬਲੇ ਦੌਰਾਨ ਕੇਕੇਆਰ ਦੇ ਗੇਂਦਬਾਜ਼ ਹਰਸ਼ਿਤ ਰਾਣਾ ਨੇ ਮਯੰਕ ਅਗਰਵਾਲ ਨੂੰ ਆਊਟ ਕਰਨ ਤੋਂ ਬਾਅਦ ਉਨ੍ਹਾਂ ਨੂੰ ਫਲਾਇੰਗ ਕਿੱਸ ਦਿੱਤੀ। ਇਹ ਕਾਰਾ ਉਸ ਲਈ ਮਹਿੰਗਾ ਸਾਬਤ ਹੋਇਆ। ਹਰਸ਼ਿਤ 'ਤੇ ਮੈਚ ਫੀਸ ਦਾ ਜੁਰਮਾਨਾ ਲਗਾਇਆ ਗਿਆ ਹੈ। ਉਨ੍ਹਾਂ ਨੂੰ ਇਸ ਦੀ ਕੀਮਤ ਮੈਚ ਫੀਸ ਦੇ ਜ਼ਰੀਏ ਅਦਾ ਕਰਨੀ ਪਵੇਗੀ। ਹਰਸ਼ਿਤ ਅਤੇ ਮਯੰਕ ਵਿਚਾਲੇ ਮੈਚ ਦੌਰਾਨ ਝਗੜਾ ਹੁੰਦੇ-ਹੁੰਦੇ ਰਹਿ ਗਿਆ।


ਦਰਅਸਲ, ਹੈਦਰਾਬਾਦ ਲਈ  ਮਯੰਕ ਅਤੇ ਅਭਿਸ਼ੇਕ ਓਪਨਿੰਗ ਕਰਨ ਆਏ। ਇਸ ਦੌਰਾਨ ਦੋਵਾਂ ਨੇ ਜ਼ੋਰਦਾਰ ਬੱਲੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਕੇਕੇਆਰ ਦੇ ਗੇਂਦਬਾਜ਼ ਕਾਫੀ ਦਬਾਅ 'ਚ ਨਜ਼ਰ ਆ ਰਹੇ ਸਨ। ਇਸ ਦੌਰਾਨ ਕੇਕੇਆਰ ਲਈ ਛੇਵਾਂ ਓਵਰ ਹਰਸ਼ਿਤ ਰਾਣਾ ਲੈ ਕੇ ਆਏ। ਉਨ੍ਹਾਂ ਨੇ ਓਵਰ ਦੀ ਤੀਜੀ ਗੇਂਦ 'ਤੇ ਮਯੰਕ ਨੂੰ ਆਊਟ ਕੀਤਾ। ਮਯੰਕ 21 ਗੇਂਦਾਂ ਵਿੱਚ 32 ਦੌੜਾਂ ਬਣਾ ਕੇ ਆਊਟ ਹੋ ਗਏ। ਮਯੰਕ ਦੇ ਆਊਟ ਹੋਣ ਤੋਂ ਬਾਅਦ ਹਰਸ਼ਿਤ ਨੇ ਉਸ ਨੂੰ ਫਲਾਇੰਗ ਕਿੱਸ ਦਿੱਤੀ। ਹਰਸ਼ਿਤ ਨੂੰ ਇਹ ਹਰਕਤ ਮਹਿੰਗੀ ਪੈ ਗਈ। ਕੋਲਕਾਤਾ ਨਾਈਟ ਰਾਈਡਰਜ਼ ਦੇ ਗੇਂਦਬਾਜ਼ ਹਰਸ਼ਿਤ 'ਤੇ ਆਈਪੀਐੱਲ ਜ਼ਾਬਤੇ ਦੀ ਉਲੰਘਣਾ ਕਰਨ 'ਤੇ ਮੈਚ ਫੀਸ ਦਾ 60 ਫੀਸਦੀ ਜੁਰਮਾਨਾ ਲਗਾਇਆ ਗਿਆ ਹੈ।


ਕੋਲਕਾਤਾ ਨੇ ਇਸ ਮੁਕਾਬਲੇ 'ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 208 ਦੌੜਾਂ ਬਣਾਈਆਂ। ਇਸ ਦੌਰਾਨ ਫਿਲ ਸਾਲਟ ਨੇ 40 ਗੇਂਦਾਂ ਦਾ ਸਾਹਮਣਾ ਕਰਦੇ ਹੋਏ 54 ਦੌੜਾਂ ਬਣਾਈਆਂ। ਰਮਨਦੀਪ ਸਿੰਘ ਨੇ 35 ਦੌੜਾਂ ਦਾ ਯੋਗਦਾਨ ਪਾਇਆ। ਆਂਦਰੇ ਰਸਲ ਨੇ 25 ਗੇਂਦਾਂ ਦਾ ਸਾਹਮਣਾ ਕਰਦੇ ਹੋਏ ਅਜੇਤੂ 64 ਦੌੜਾਂ ਬਣਾਈਆਂ। ਜਵਾਬ 'ਚ ਹੈਦਰਾਬਾਦ ਨੇ 20 ਓਵਰਾਂ 'ਚ 7 ਵਿਕਟਾਂ ਦੇ ਨੁਕਸਾਨ 'ਤੇ 204 ਦੌੜਾਂ ਬਣਾਈਆਂ। ਹੈਦਰਾਬਾਦ ਲਈ ਹੇਨਰਿਕ ਕਲਾਸੇਨ ਨੇ 29 ਗੇਂਦਾਂ ਵਿੱਚ 63 ਦੌੜਾਂ ਬਣਾਈਆਂ। ਪਰ ਉਹ ਟੀਮ ਨੂੰ ਜਿੱਤ ਦਿਵਾ ਨਹੀਂ ਸਕੇ। ਮਯੰਕ ਅਗਰਵਾਲ ਨੇ 21 ਗੇਂਦਾਂ ਦਾ ਸਾਹਮਣਾ ਕਰਦੇ ਹੋਏ 32 ਦੌੜਾਂ ਬਣਾਈਆਂ।


ਤੁਹਾਨੂੰ ਦੱਸ ਦੇਈਏ ਕਿ ਕੇਕੇਆਰ ਦਾ ਅਗਲਾ ਮੈਚ ਰਾਇਲ ਚੈਲੇਂਜਰਸ ਬੈਂਗਲੁਰੂ ਨਾਲ ਹੈ। ਇਹ ਮੈਚ 29 ਮਈ ਨੂੰ ਖੇਡਿਆ ਜਾਵੇਗਾ। ਇਸ ਤੋਂ ਬਾਅਦ 3 ਅਪ੍ਰੈਲ ਨੂੰ ਕੇਕੇਆਰ ਅਤੇ ਦਿੱਲੀ ਵਿਚਾਲੇ ਮੈਚ ਖੇਡਿਆ ਜਾਵੇਗਾ।