Ranji Trophy Players Salary: ਬੀਸੀਸੀਆਈ ਨੇ ਹਾਲ ਹੀ ਵਿੱਚ ਟੈਸਟ ਕ੍ਰਿਕਟਰਾਂ ਦੀ ਤਨਖਾਹ ਵਧਾਉਣ ਦਾ ਐਲਾਨ ਕੀਤਾ ਸੀ। ਹੁਣ ਭਾਰਤੀ ਕ੍ਰਿਕਟਰਾਂ ਨੂੰ ਟੈਸਟ ਮੈਚ ਖੇਡਣ ਲਈ 15 ਲੱਖ ਰੁਪਏ ਮਿਲਣਗੇ। ਇਸ ਦੇ ਨਾਲ ਹੀ ਹੁਣ ਘਰੇਲੂ ਕ੍ਰਿਕਟ ਖੇਡਣ ਵਾਲੇ ਕ੍ਰਿਕਟਰਾਂ ਲਈ ਵੱਡੀ ਜਾਣਕਾਰੀ ਸਾਹਮਣੇ ਆ ਰਹੀ ਹੈ। ਦਰਅਸਲ, ਬੀਸੀਸੀਆਈ ਰਣਜੀ ਟਰਾਫੀ ਕ੍ਰਿਕਟਰਾਂ ਦੀ ਤਨਖਾਹ ਵਧਾਉਣ 'ਤੇ ਵਿਚਾਰ ਕਰ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਇਸ 'ਤੇ ਜਲਦ ਹੀ ਵੱਡਾ ਫੈਸਲਾ ਹੋ ਸਕਦਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਬੀਸੀਸੀਆਈ ਰੈੱਡ ਗੇਂਦ ਕ੍ਰਿਕਟ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਕੰਮ ਕਰ ਰਿਹਾ ਹੈ। ਇਸ ਦੇ ਤਹਿਤ ਰਣਜੀ ਟਰਾਫੀ ਕ੍ਰਿਕਟਰਾਂ ਦੇ ਪੈਸੇ ਵਧਾਉਣ ਦੇ ਫੈਸਲੇ ਨੂੰ ਜਲਦ ਹੀ ਮਨਜ਼ੂਰੀ ਮਿਲ ਸਕਦੀ ਹੈ।
ਰਣਜੀ ਟਰਾਫੀ ਕ੍ਰਿਕਟਰਾਂ ਨੂੰ ਕਿੰਨੇ ਪੈਸੇ ਮਿਲਦੇ ਹਨ?
ਫਿਲਹਾਲ, ਬੀਸੀਸੀਆਈ ਰਣਜੀ ਟਰਾਫੀ ਕ੍ਰਿਕਟਰਾਂ ਨੂੰ ਮੈਚ ਫੀਸ ਦੇ ਰੂਪ ਵਿੱਚ ਪ੍ਰਤਿ ਦਿਨ 40,000 ਤੋਂ 60,000 ਰੁਪਏ ਵਿਚਕਾਰ ਫੀਸ ਵਜੋਂ ਅਦਾ ਕਰਦਾ ਹੈ। ਹਾਲਾਂਕਿ, ਇਹ ਸਭ ਸੀਜ਼ਨ ਵਿੱਚ ਖੇਡੇ ਗਏ ਮੈਚਾਂ ਦੀ ਗਿਣਤੀ 'ਤੇ ਨਿਰਭਰ ਕਰਦਾ ਹੈ। ਉਦਾਹਰਨ ਲਈ, ਜੇਕਰ ਕੋਈ ਖਿਡਾਰੀ ਇੱਕ ਸੀਜ਼ਨ ਵਿੱਚ ਸਾਰੀਆਂ ਸੱਤ ਗਰੁੱਪ ਗੇਮਾਂ ਖੇਡਦਾ ਹੈ, ਤਾਂ ਉਸਨੂੰ ਲਗਭਗ 11.2 ਲੱਖ ਰੁਪਏ ਸਾਲਾਨਾ ਮਿਲਦੇ ਹਨ। ਦਰਅਸਲ, ਆਈਪੀਐਲ ਕਾਰਨ ਕਈ ਵੱਡੇ ਖਿਡਾਰੀ ਰਣਜੀ ਟਰਾਫੀ ਖੇਡਣ ਤੋਂ ਬਚਦੇ ਹਨ ਪਰ ਹੁਣ ਬੀਸੀਸੀਆਈ ਆਪਣੀ ਨਵੀਂ ਰਣਨੀਤੀ 'ਤੇ ਕੰਮ ਕਰ ਰਿਹਾ ਹੈ।
ਰਣਜੀ ਟਰਾਫੀ 'ਚ ਨਹੀਂ ਖੇਡਣਾ ਚਾਹੁੰਦੇ ਕ੍ਰਿਕਟਰ!
ਇੰਡੀਅਨ ਐਕਸਪ੍ਰੈਸ ਦੇ ਅਨੁਸਾਰ, ਆਈਪੀਐਲ 2024 ਲਈ 156 ਭਾਰਤੀ ਕ੍ਰਿਕਟਰਾਂ ਨੂੰ ਸਾਈਨ ਕੀਤਾ ਗਿਆ। ਜਿਸ ਵਿੱਚ 56 ਖਿਡਾਰੀ ਅਜਿਹੇ ਰਹੇ, ਜੋ ਰਣਜੀ ਟਰਾਫੀ ਦਾ ਇੱਕ ਵੀ ਮੈਚ ਨਹੀਂ ਖੇਡੇ। ਜਦਕਿ 25 ਖਿਡਾਰੀ ਅਜਿਹੇ ਸਨ, ਜਿਨ੍ਹਾਂ ਨੇ ਸਿਰਫ਼ 1 ਮੈਚ ਹੀ ਖੇਡਿਆ। ਹਾਲਾਂਕਿ, ਹੁਣ ਬੀਸੀਸੀਆਈ ਇਨ੍ਹਾਂ ਸਾਰੇ ਮੁੱਦਿਆਂ ਨਾਲ ਨਜਿੱਠਣ ਲਈ ਇੱਕ ਵੱਡੀ ਯੋਜਨਾ 'ਤੇ ਕੰਮ ਕਰ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਜਲਦ ਹੀ ਇਸ 'ਤੇ ਵੱਡਾ ਫੈਸਲਾ ਲਿਆ ਜਾਵੇਗਾ। ਹਾਲਾਂਕਿ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਜੇਕਰ ਰਣਜੀ ਟਰਾਫੀ ਕ੍ਰਿਕਟਰਾਂ ਦੇ ਪੈਸੇ ਵਧਾਉਣ ਦੇ ਫੈਸਲੇ ਨੂੰ ਮਨਜ਼ੂਰੀ ਦਿੱਤੀ ਜਾਂਦੀ ਹੈ ਤਾਂ ਇਸ ਦਾ ਖਿਡਾਰੀਆਂ 'ਤੇ ਕਿੰਨਾ ਅਸਰ ਪਵੇਗਾ? ਕੀ ਇਸ ਤੋਂ ਬਾਅਦ ਵੱਡੇ ਭਾਰਤੀ ਖਿਡਾਰੀ IPL ਨਾਲੋਂ ਘਰੇਲੂ ਕ੍ਰਿਕਟ ਨੂੰ ਤਰਜੀਹ ਦੇਣਗੇ?