IPL 2024 Sonam Bajwa: ਇਨ੍ਹੀਂ ਦਿਨੀਂ ਹਰ ਪਾਸੇ ਆਈਪੀਐੱਲ ਮੈਚਾਂ ਦਾ ਚਰਚਾ ਹੋ ਰਿਹਾ ਹੈ। ਇਸ ਮੌਕੇ ਪ੍ਰਸ਼ੰਸਕਾਂ ਦੇ ਨਾਲ-ਨਾਲ ਫਿਲਮ ਜਗਤ ਦੇ ਕਈ ਸਿਤਾਰੇ ਇਨ੍ਹਾਂ ਮੈਚਾਂ ਵਿੱਚ ਸ਼ਿਰਕਤ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਵਿਚਾਲੇ ਮੁੱਖ ਮੰਤਰੀ ਭਗਵੰਤ ਮਾਨ ਦੀ ਭੈਣ ਸਣੇ ਸੋਨਮ ਬਾਜਵਾ ਮੈਦਾਨ ਵਿੱਚ ਕ੍ਰਿਕਟ ਦਾ ਨਜ਼ਾਰਾ ਲੈਦੀਆਂ ਨਜ਼ਰ ਆਈਆਂ। ਉਨ੍ਹਾਂ ਦੇ ਕਈ ਵੀਡੀਓ ਅਤੇ ਤਸੀਵਰਾਂ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਹੇ ਹਨ। ਇਸ ਵਿਚਾਲੇ ਪ੍ਰੀਤੀ ਜਿੰਟਾ ਦਾ ਮਜ਼ੇਦਾਰ ਵੀਡੀਓ ਵੀ ਹਰ ਪਾਸੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਫਲਾਇੰਗ ਕਿੱਸ ਕਰਦੇ ਹੋਏ ਵਿਖਾਈ ਦੇ ਰਹੀ ਹੈ।
ਦੱਸ ਦੇਈਏ ਕਿ ਇੰਡੀਅਨ ਪ੍ਰੀਮੀਅਰ ਲੀਗ (IPL) ਦਾ ਦੂਜਾ ਮੈਚ ਸ਼ਨੀਵਾਰ ਨੂੰ ਪੰਜਾਬ ਕਿੰਗਜ਼ (PBKS) ਅਤੇ ਦਿੱਲੀ ਕੈਪੀਟਲਸ (DC) ਦਰਮਿਆਨ ਮੋਹਾਲੀ ਦੇ ਪੰਜਾਬ ਕ੍ਰਿਕਟ ਐਸੋਸੀਏਸ਼ਨ (PCA) ਦੇ ਮਹਾਰਾਜਾ ਯਾਦਵਿੰਦਰ ਸਿੰਘ ਸਟੇਡੀਅਮ ਵਿੱਚ ਖੇਡਿਆ ਗਿਆ। ਮੁੱਲਾਂਪੁਰ ਵਿੱਚ ਬਣੇ ਇਸ ਸਟੇਡੀਅਮ ਵਿੱਚ ਸਵੇਰ ਤੋਂ ਹੀ ਮੇਲੇ ਵਰਗਾ ਮਾਹੌਲ ਰਿਹਾ।
ਹਰ ਸੀਜ਼ਨ ਦੀ ਤਰ੍ਹਾਂ ਪੰਜਾਬ ਕਿੰਗਜ਼ ਦੀ ਮਾਲਕਣ ਅਤੇ ਬਾਲੀਵੁੱਡ ਅਦਾਕਾਰਾ ਪ੍ਰਿਟੀ ਜ਼ਿੰਟਾ ਵੀ ਆਪਣੀ ਟੀਮ ਨੂੰ ਚੀਅਰ ਕਰਨ ਲਈ ਸਟੇਡੀਅਮ 'ਚ ਮੌਜੂਦ ਰਹੀ। ਉਨ੍ਹਾਂ ਮੈਚ ਦੌਰਾਨ ਪੰਜਾਬ ਕਿੰਗਜ਼ ਦੇ ਪ੍ਰਸ਼ੰਸਕਾਂ ਨੂੰ ਟੀ-ਸ਼ਰਟਾਂ ਵੀ ਵੰਡੀਆਂ। ਮੈਚ ਦੇ ਆਖਰੀ ਓਵਰ 'ਚ ਪੰਜਾਬ ਕਿੰਗਜ਼ ਦੇ ਲਿਆਮ ਲਿਵਿੰਗਸਟਨ ਨੇ ਜਦੋਂ ਜੇਤੂ ਛੱਕਾ ਲਗਾਇਆ ਤਾਂ ਪ੍ਰੀਤੀ ਜ਼ਿੰਟਾ ਨੇ ਖੁਸ਼ੀ ਨਾਲ ਉਛਲ ਕੇ ਫਲਾਇੰਗ ਕਿੱਸ ਦਿੱਤੀ।
ਪੰਜਾਬੀ ਫਿਲਮਾਂ ਦੀ ਮਸ਼ਹੂਰ ਅਦਾਕਾਰਾ ਸੋਨਮ ਬਾਜਵਾ ਵੀ ਮੈਚ ਦੇਖਣ ਲਈ ਸਟੇਡੀਅਮ ਪਹੁੰਚੀ। ਉਨ੍ਹਾਂ ਮੈਦਾਨ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਭੈਣ ਮਨਪ੍ਰੀਤ ਕੌਰ ਨਾਲ ਬੈਠ ਕੇ ਮੈਚ ਦੇਖਿਆ। ਸੋਨਮ ਬਾਜਵਾ ਨੇ ਮੈਚ ਤੋਂ ਪਹਿਲਾਂ ਸੋਸ਼ਲ ਮੀਡੀਆ 'ਤੇ ਆਪਣੇ ਪ੍ਰਸ਼ੰਸਕਾਂ ਨੂੰ ਸਟੇਡੀਅਮ ਆਉਣ ਦਾ ਸੱਦਾ ਵੀ ਦਿੱਤਾ ਸੀ।
ਮੈਚ ਦੀਆਂ ਸਾਰੀਆਂ ਸ਼੍ਰੇਣੀਆਂ ਦੀਆਂ ਟਿਕਟਾਂ ਪਹਿਲਾਂ ਹੀ ਵਿਕ ਚੁੱਕੀਆਂ ਸਨ। ਮੈਚ ਦੁਪਹਿਰ 3:30 ਵਜੇ ਸ਼ੁਰੂ ਹੋਇਆ ਸੀ ਪਰ ਸਵੇਰ ਤੋਂ ਹੀ ਸਟੇਡੀਅਮ ਦੇ ਬਾਹਰ ਪ੍ਰਸ਼ੰਸਕਾਂ ਦਾ ਇਕੱਠ ਹੋਣਾ ਸ਼ੁਰੂ ਹੋ ਗਿਆ। ਇਸ ਤੋਂ ਪਹਿਲਾਂ ਦੋਵੇਂ ਟੀਮਾਂ ਨੇ ਸਵੇਰੇ ਮੈਦਾਨ 'ਤੇ ਅਭਿਆਸ ਕੀਤਾ।