ਭਾਰਤ ਅਤੇ ਇੰਗਲੈਂਡ ਵਿਚਕਾਰ ਮੈਨਚੈਸਟਰ ਦੇ ਓਲਡ ਟ੍ਰੈਫਰਡ ਸਟੇਡੀਅਮ ਵਿੱਚ ਇੱਕ ਰੋਮਾਂਚਕ ਮੈਚ ਖੇਡਿਆ ਗਿਆ। ਇਨ੍ਹਾਂ ਦਿਨਾਂ ਦੌਰਾਨ ਮੈਚ ਦੇ ਨਤੀਜੇ ਨੂੰ ਲੈ ਕੇ ਜਿੱਥੇ ਭਾਰਤ ਦੀ ਹਾਰ ਪਹਿਲਾਂ ਹੀ ਲਗਭਗ ਪੱਕੀ ਮੰਨੀ ਜਾ ਰਹੀ ਸੀ ਤੇ ਮੈਚ ਹੱਥੋਂ ਫਿਸਲਦਾ ਦਿਖ ਰਿਹਾ ਸੀ, ਉਥੇ ਹੀ ਭਾਰਤੀ ਕਪਤਾਨ ਸ਼ੁਭਮਨ ਗਿੱਲ, ਓਪਨਿੰਗ ਬੱਲੇਬਾਜ਼ ਕੇ.ਐਲ. ਰਾਹੁਲ, ਆਲਰਾਊਂਡਰ ਰਵਿੰਦਰ ਜਡੇਜਾ ਅਤੇ ਵਾਸ਼ਿੰਗਟਨ ਸੁੰਦਰ ਨੇ ਐਸਾ ਧਮਾਕੇਦਾਰ ਪ੍ਰਦਰਸ਼ਨ ਕੀਤਾ ਕਿ ਮੈਚ ਨੂੰ ਡਰਾਅ 'ਚ ਬਦਲ ਦਿੱਤਾ। ਆਓ ਜਾਣੀਏ ਉਹ ਪੰਜ ਮੁੱਖ ਪੌਇੰਟ, ਜਿਨ੍ਹਾਂ ਰਾਹੀਂ ਭਾਰਤੀ ਬੱਲੇਬਾਜ਼ੀ ਨੇ ਮੈਚ ਦਾ ਰੁਖ ਮੋੜ ਦਿੱਤਾ।

Continues below advertisement


ਭਾਰਤ 358 'ਤੇ ਆਲ ਆਉਟ


ਇੰਗਲੈਂਡ ਨੇ ਟੌਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਭਾਰਤੀ ਟੀਮ ਨੂੰ ਬੱਲੇਬਾਜ਼ੀ ਲਈ ਸੱਦਾ ਦਿੱਤਾ। ਟੀਮ ਇੰਡੀਆ ਯਸ਼ਸਵੀ ਜੈਸਵਾਲ, ਸਾਈ ਸੁਦਰਸ਼ਨ ਅਤੇ ਰਿਸ਼ਭ ਪੰਤ ਦੀ ਅਰਧਸ਼ਤਕੀ ਪਾਰੀ ਦੀ ਬਦੌਲਤ 358 ਰਨ ਤੱਕ ਪਹੁੰਚ ਸਕੀ। ਪਹਿਲੀ ਪਾਰੀ ਵਿੱਚ ਕੇ.ਐਲ. ਰਾਹੁਲ ਨੇ ਵੀ 46 ਰਨਾਂ ਦੀ ਸ਼ਾਨਦਾਰ ਪਾਰੀ ਖੇਡੀ।



 


ਇੰਗਲੈਂਡ ਨੇ ਰਚਿਆ ਵਿਸ਼ਾਲ ਟੀਚਾ


ਇੰਗਲੈਂਡ ਵਾਸਤੇ ਪਹਿਲੀ ਪਾਰੀ ਵਿਚ ਇਹ ਰਨ ਚੇਜ਼ ਓਦੋਂ ਆਸਾਨ ਹੋ ਗਿਆ, ਜਦੋਂ ਓਪਨਿੰਗ ਬੱਲੇਬਾਜ਼ ਬੇਨ ਡਕੇਟ ਨੇ 94 ਅਤੇ ਜੈਕ ਕ੍ਰੌਲੀ ਨੇ 84 ਰਨਾਂ ਦੀ ਧਮਾਕੇਦਾਰ ਸ਼ੁਰੂਆਤ ਦਿੱਤੀ। ਇਸ ਤੋਂ ਬਾਅਦ ਜੋ ਰੂਟ ਨੇ 150 ਅਤੇ ਕਪਤਾਨ ਬੇਨ ਸਟੋਕਸ ਨੇ 141 ਰਨ ਬਣਾਕੇ ਇੰਗਲੈਂਡ ਨੂੰ ਮਜ਼ਬੂਤ ਸਥਿਤੀ 'ਚ ਪਹੁੰਚਾ ਦਿੱਤਾ। ਇੰਗਲੈਂਡ ਨੇ ਮੈਚ ਦੇ ਤੀਜੇ ਦਿਨ 669 ਰਨ ਬਣਾਕੇ ਭਾਰਤ 'ਤੇ 311 ਰਨਾਂ ਦੀ ਵੱਡੀ ਲੀਡ ਹਾਸਿਲ ਕਰ ਲਈ।


ਭਾਰਤ ਦੀ ਹਾਰ ਲੱਗੀ ਪੱਕੀ


ਮੈਚ ਦੇ ਤੀਜੇ ਦਿਨ ਹੀ ਭਾਰਤ ਦੀ ਹਾਰ ਲਗਭਗ ਪੱਕੀ ਹੋ ਗਈ ਸੀ, ਜਦੋਂ ਟੀਮ ਇੰਡੀਆ ਦੁਬਾਰਾ ਬੱਲੇਬਾਜ਼ੀ ਲਈ ਮੈਦਾਨ 'ਚ ਉਤਰੀ ਅਤੇ ਸ਼ੁਰੂਆਤੀ ਦੋ ਵਿਕਟ ਬਿਨਾਂ ਕੋਈ ਰਨ ਬਣਾਏ ਹੀ ਡਿੱਗ ਗਏ। ਯਸ਼ਸਵੀ ਜੈਸਵਾਲ ਅਤੇ ਸਾਈ ਸੁਦਰਸ਼ਨ ਖਾਤਾ ਖੋਲ੍ਹਣ ਤੋਂ ਪਹਿਲਾਂ ਹੀ ਆਉਟ ਹੋ ਕੇ ਪੈਵਿਲੀਅਨ ਚੱਲੇ ਗਏ। ਇਨ੍ਹਾਂ ਦੋਨਾਂ ਦੀ ਆਉਟ ਹੋਣ ਤੋਂ ਬਾਅਦ ਲੱਗਣ ਲੱਗਾ ਕਿ ਭਾਰਤ 311 ਰਨਾਂ ਦੇ ਇਸ ਵਿਸ਼ਾਲ ਟੀਚੇ ਨੂੰ ਪੂਰਾ ਨਹੀਂ ਕਰ ਸਕੇਗਾ।



ਗਿੱਲ-ਰਾਹੁਲ ਨੇ ਬਚਾਈ ਟੀਮ ਦੀ ਲਾਜ


ਜੈਸਵਾਲ ਅਤੇ ਸੁਦਰਸ਼ਨ ਦੇ ਆਉਟ ਹੋਣ ਤੋਂ ਬਾਅਦ ਕਪਤਾਨ ਸ਼ੁਭਮਨ ਗਿੱਲ ਅਤੇ ਕੇ.ਐਲ. ਰਾਹੁਲ ਇੰਗਲੈਂਡ ਦੇ ਗੇਂਦਬਾਜ਼ਾਂ ਅੱਗੇ ਕੰਧ ਵਾਂਗ ਖੜੇ ਹੋ ਗਏ। ਚੌਥੇ ਦਿਨ ਦੇ ਖੇਡ ਦੇ ਅੰਤ ਤੱਕ ਇੰਗਲੈਂਡ ਦੀ ਲੀਡ ਸਿਰਫ਼ 137 ਰਨ ਹੀ ਰਹਿ ਗਈ ਸੀ। ਹਾਲਾਂਕਿ ਇੰਗਲੈਂਡ ਕੋਲ ਪੰਜਵੇਂ ਦਿਨ ਪੂਰਾ ਸਮਾਂ ਸੀ ਭਾਰਤ ਦੇ ਬਾਕੀ ਅੱਠ ਵਿਕਟ ਲੈਣ ਲਈ। ਭਾਰਤ ਨੂੰ ਇਹ ਮੈਚ ਡਰਾਅ ਕਰਵਾਉਣ ਲਈ ਪੰਜਵੇਂ ਦਿਨ ਡਟ ਕੇ ਬੱਲੇਬਾਜ਼ੀ ਕਰਨੀ ਪਈ।


ਜਡੇਜਾ-ਸੁੰਦਰ ਨੇ ਕਰਵਾਈ ਮੈਚ ਬਰਾਬਰੀ


ਮੈਚ ਦੇ ਪੰਜਵੇਂ ਦਿਨ ਕੇ.ਐਲ. ਰਾਹੁਲ 90 ਰਨਾਂ 'ਤੇ ਆਉਟ ਹੋ ਗਏ। ਕੁਝ ਸਮੇਂ ਬਾਅਦ ਸ਼ਤਕ ਲਗਾ ਕੇ 103 ਰਨ ਬਣਾਉਣ ਵਾਲੇ ਸ਼ੁਭਮਨ ਗਿੱਲ ਦਾ ਵੀ ਵਿਕਟ ਇੰਗਲੈਂਡ ਨੂੰ ਮਿਲ ਗਿਆ। ਹੁਣ ਜਦੋਂ ਵਾਸ਼ਿੰਗਟਨ ਸੁੰਦਰ ਅਤੇ ਰਵਿੰਦਰ ਜਡੇਜਾ ਬੱਲੇਬਾਜ਼ੀ ਲਈ ਆਏ ਤਾਂ ਦੋਨਾਂ ਨੇ ਅਜਿਹਾ ਧੀਰਜ ਅਤੇ ਹੁਨਰ ਦਿਖਾਇਆ ਕਿ ਇੰਗਲੈਂਡ ਦੇ ਗੇਂਦਬਾਜ਼ ਬਸ ਦੇਖਦੇ ਹੀ ਰਹਿ ਗਏ। ਇਹ ਦੋਵੇਂ ਬੱਲੇਬਾਜ਼ ਇੰਗਲੈਂਡ ਦੀ ਗੇਂਦਬਾਜ਼ੀ 'ਤੇ ਹਾਵੀ ਹੋ ਗਏ ਅਤੇ ਮੈਚ ਨੂੰ ਡਰਾਅ ਕਰਵਾ ਕੇ ਭਾਰਤ ਦੀ ਹਾਰ ਤੋਂ ਬਚਾਅ ਕੀਤਾ।




ਇੰਗਲੈਂਡ ਦੇ ਕਪਤਾਨ ਬੇਨ ਸਟੋਕਸ ਅਤੇ ਹੋਰ ਸਾਰੇ ਖਿਡਾਰੀ ਰਵਿੰਦਰ ਜਡੇਜਾ ਨੂੰ ਕਹਿਣ ਲੱਗ ਪਏ ਕਿ ਚਲੋ ਮੈਚ ਨੂੰ ਹੁਣ ਇਥੇ ਹੀ ਡਰਾਅ ਕਰ ਦਿੰਦੇ ਹਾਂ, ਪਰ ਟੀਮ ਇੰਡੀਆ ਦੇ ਡ੍ਰੈਸਿੰਗ ਰੂਮ ਵੱਲੋਂ ਆਵਾਜ਼ ਆਈ ਕਿ ਦੋਵੇਂ ਬੱਲੇਬਾਜ਼ ਆਪਣਾ ਸ਼ਤਕ ਪੂਰਾ ਕਰਨ। ਰਵਿੰਦਰ ਜਡੇਜਾ 107 ਅਤੇ ਵਾਸ਼ਿੰਗਟਨ ਸੁੰਦਰ 101 ਰਨ 'ਤੇ ਨਾਟਆਉਟ ਰਹੇ ਅਤੇ ਟੀਮ ਇੰਡੀਆ ਨੇ ਇਹ ਲਗਭਗ ਹਾਰਿਆ ਹੋਇਆ ਮੈਚ ਡਰਾਅ ਕਰਵਾ ਲਿਆ।