ICC Champions Trophy: ਪਾਕਿਸਤਾਨ ਨੂੰ ਆਈਸੀਸੀ ਚੈਂਪੀਅਨਜ਼ ਟਰਾਫੀ 2025 ਦੀ ਮੇਜ਼ਬਾਨੀ ਦੇ ਅਧਿਕਾਰ ਮਿਲ ਗਏ ਹਨ। ਹਾਲਾਂਕਿ, ਇਸ ਟੂਰਨਾਮੈਂਟ ਦੇ ਪ੍ਰੋਗਰਾਮ ਅਤੇ ਸਥਾਨ 'ਤੇ ਸਸਪੈਂਸ ਬਰਕਰਾਰ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ICC) ਨੂੰ ਸਪੱਸ਼ਟ ਤੌਰ 'ਤੇ ਕਿਹਾ ਸੀ ਕਿ ਟੀਮ ਇੰਡੀਆ ਇਸ ਟੂਰਨਾਮੈਂਟ ਲਈ ਪਾਕਿਸਤਾਨ ਦੀ ਯਾਤਰਾ ਨਹੀਂ ਕਰੇਗੀ। ਅਜਿਹੇ 'ਚ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ICC) 'ਹਾਈਬ੍ਰਿਡ ਮਾਡਲ' 'ਤੇ ਵਿਚਾਰ ਕਰ ਰਹੀ ਹੈ।



ਚੈਂਪੀਅਨਸ ਟਰਾਫੀ ਨੂੰ ਲੈ ਕੇ ਸ਼ੁੱਕਰਵਾਰ (29 ਨਵੰਬਰ) ਨੂੰ ICC ਦੀ ਇੱਕ ਅਹਿਮ ਬੈਠਕ ਹੋਈ, ਹਾਲਾਂਕਿ ਇਸ 'ਚ ਕੋਈ ਨਤੀਜਾ ਨਹੀਂ ਨਿਕਲਿਆ। ਹੁਣ ਇਹ ਮੀਟਿੰਗ ਦੁਬਾਰਾ ਹੋਵੇਗੀ। ਹਾਲਾਂਕਿ ਇਹ ਮੀਟਿੰਗ ਭਲਕੇ (30 ਨਵੰਬਰ) ਹੋਵੇਗੀ ਜਾਂ ਕਿਸੇ ਹੋਰ ਤਰੀਕ ਨੂੰ ਫਿਲਹਾਲ ਇਹ ਸਪੱਸ਼ਟ ਨਹੀਂ ਹੈ। ਅਗਲੀ ਮੀਟਿੰਗ ਵਿੱਚ ਸ਼ਡਿਊਲ ਸਬੰਧੀ ਅਹਿਮ ਫੈਸਲੇ ਲਏ ਜਾ ਸਕਦੇ ਹਨ। ਅਗਲੀ ਬੈਠਕ 'ਚ ਇਹ ਤੈਅ ਕੀਤਾ ਜਾਵੇਗਾ ਕਿ ਚੈਂਪੀਅਨਸ ਟਰਾਫੀ 'ਹਾਈਬ੍ਰਿਡ ਮਾਡਲ' ਦੇ ਤਹਿਤ ਕਰਵਾਈ ਜਾਵੇਗੀ ਜਾਂ ਇਸ ਨੂੰ ਕਿਸੇ ਹੋਰ ਦੇਸ਼ 'ਚ ਸ਼ਿਫਟ ਕੀਤਾ ਜਾਵੇਗਾ। ICC ਦੇ 12 ਪੂਰੇ ਮੈਂਬਰ, ਤਿੰਨ ਐਸੋਸੀਏਟ ਮੈਂਬਰ ਤੇ ਆਈਸੀਸੀ ਪ੍ਰਧਾਨ ਇਸ ਮੀਟਿੰਗ ਵਿੱਚ ਸ਼ਾਮਲ ਹੋ ਰਹੇ ਹਨ। ਮਤਲਬ ਕੁੱਲ 16 ਮੈਂਬਰ ਵੋਟਿੰਗ ਲਈ ਉਪਲਬਧ ਹੋਣਗੇ।



PCB (ਪਾਕਿਸਤਾਨ ਕ੍ਰਿਕਟ ਬੋਰਡ) ਦੇ ਮੁਖੀ ਮੋਹਸਿਨ ਨਕਵੀ ਨੇ 'ਹਾਈਬ੍ਰਿਡ ਮਾਡਲ' ਨੂੰ ਰੱਦ ਕਰ ਦਿੱਤਾ ਹੈ। ਸ਼ੁੱਕਰਵਾਰ ਨੂੰ ਹੋਈ ਬੈਠਕ ਦੌਰਾਨ ਵੀ ਨਕਵੀ ਆਪਣੀ ਜ਼ਿੱਦ 'ਤੇ ਅੜੇ ਰਹੇ। ICC ਇਸ ਬਾਰੇ ਕੋਈ ਹੱਲ ਕੱਢਣ ਦੀ ਕੋਸ਼ਿਸ਼ ਕਰ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਪੀਸੀਬੀ ਨੇ ਆਈਸੀਸੀ ਤੋਂ ਸਪੱਸ਼ਟੀਕਰਨ ਮੰਗਿਆ ਸੀ ਕਿ ਭਾਰਤ ਪਾਕਿਸਤਾਨ ਕਿਉਂ ਨਹੀਂ ਜਾਣਾ ਚਾਹੁੰਦਾ।


ਦੱਸ ਦਈਏ ਕਿ 2008 ਦੇ ਮੁੰਬਈ ਅੱਤਵਾਦੀ ਹਮਲਿਆਂ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਵਿੱਚ ਕ੍ਰਿਕਟ ਨਹੀਂ ਖੇਡੀ ਹੈ। ਚੈਂਪੀਅਨਸ ਟਰਾਫੀ 2017 ਤੋਂ ਬਾਅਦ ਪਹਿਲੀ ਵਾਰ ICC ਕੈਲੰਡਰ ਵਿੱਚ ਵਾਪਸੀ ਕਰ ਰਹੀ ਹੈ। ਇਸ ਨੂੰ ਹੁਣ 'ਹਾਈਬ੍ਰਿਡ ਮਾਡਲ' ਵਿੱਚ ਬਦਲਿਆ ਜਾ ਸਕਦਾ ਹੈ, ਜਿਸ ਵਿੱਚ ਭਾਰਤ ਆਪਣੇ ਸਾਰੇ ਮੈਚ ਕਿਸੇ ਹੋਰ ਸਥਾਨ 'ਤੇ ਖੇਡ ਸਕਦਾ ਹੈ, ਸੰਭਾਵਤ ਤੌਰ 'ਤੇ UAE ਵਿੱਚ... ਜਦਕਿ ਬਾਕੀ ਟੂਰਨਾਮੈਂਟ ਦੀ ਮੇਜ਼ਬਾਨੀ ਪਾਕਿਸਤਾਨ ਕਰੇਗਾ। ਪਾਕਿਸਤਾਨ ਨੇ 2017 'ਚ ਇੰਗਲੈਂਡ 'ਚ ਹੋਈ ਚੈਂਪੀਅਨਸ ਟਰਾਫੀ ਦਾ ਆਖਰੀ ਐਡੀਸ਼ਨ ਜਿੱਤਿਆ ਸੀ। ਇਸ ਵਾਰ ਉਹ 19 ਫਰਵਰੀ ਤੋਂ 9 ਮਾਰਚ ਤੱਕ ਹੋਣ ਵਾਲੇ ਟੂਰਨਾਮੈਂਟ ਦੀ ਮੇਜ਼ਬਾਨੀ ਕਰੇਗਾ।