ਦੁਬਈ: ਭਾਰਤੀ ਕਪਤਾਨ ਵਿਰਾਟ ਕੋਹਲੀ (Virat Kohli ODI ICC Rankings) ਬੁੱਧਵਾਰ ਨੂੰ ਜਾਰੀ ਆਈਸੀਸੀ (ਕੌਮਾਂਤਰੀ ਕ੍ਰਿਕੇਟ ਕੌਂਸਲ) ਵਨਡੇ ਬੱਲੇਬਾਜ਼ੀ ਰੈਂਕਿੰਗ ’ਚ ਆਪਣੇ ਸਿਖ਼ਰਲੇ ਸਥਾਨ ’ਤੇ ਕਾਇਮ ਹਨ; ਜਦ ਕਿ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ (Jasprit Bumrah ODI ICC Rankings) ਗੇਂਦਬਾਜ਼ਾਂ ਦੀ ਸੂਚੀ ਵਿੱਚ ਇੱਕ ਪੌੜੀ ਹੇਠਾਂ ਖਿਸਕ ਕੇ ਚੌਥੇ ਸਥਾਨ ’ਤੇ ਪੁੱਜ ਗਏ ਹਨ।


ਕੋਹਲੀ ਨੇ ਇੰਗਲੈਂਡ ਵਿਰੁੱਧ ਪਹਿਲੇ ਤੇ ਦੂਜੇ ਵਨਡੇ ਵਿੱਚ ਕ੍ਰਮਵਾਰ 56 ਤੇ 66 ਦੌੜਾਂ ਦੀਆਂ ਪਾਰੀਆਂ ਖੇਡੀਆਂ ਸਨ; ਜਿਸ ਨਾਲ ਉਨ੍ਹਾਂ ਦੇ 870 ਅੰਕ ਹੋ ਗਏ ਹਨ। ਬੁਮਰਾਹ ਇੰਗਲੈਂਡ ਵਿਰੁੱਧ ਸੀਮਤ ਓਵਰਾਂ ਦੀ ਸੀਰੀਜ਼ ’ਚ ਨਹੀਂ ਖੇਡੇ ਸਨ, ਜਿਸ ਕਾਰਨ ਉਹ ਇੱਕ ਪੌੜੀ ਹੇਠਾਂ ਖਿਸਕ ਗਏ ਹਨ ਤੇ ਗੇਂਦਬਾਜ਼ਾਂ ਦੀ ਸੂਚੀ ਵਿੱਚ 690 ਅੰਕ ਤੋਂ ਚੌਥੇ ਸਥਾਨ ’ਤੇ ਪੁੱਜ ਗਏ।


ਭਾਰਤੀ ਸੀਮਤ ਓਵਰਾਂ ਦੇ ਉੱਪ ਕਪਤਾਨ ਰੋਹਿਤ ਸ਼ਰਮਾ (Rohit Sharma ODI ICC Rankings) ਰੈਂਕਿੰਗ ਵਿੱਚ ਤੀਜੇ ਸਥਾਨ ’ਤੇ ਹਨ। ਉਹ ਪਾਕਿਸਤਾਨ ਦੇ ਬਾਬਰ ਆਜ਼ਮ (Babar Azam ODI ICC Rankings) ਤੋਂ ਪਿੱਛੇ ਹਨ, ਜਦਕਿ ਲੋਕੇਸ਼ ਰਾਹੁਲ 31ਵੇਂ ਤੋਂ 27ਵੇਂ ਸਥਾਨ ’ਤੇ ਪੁੱਜ ਗਏ ਹਨ।


ਆਲਰਾਊਂਡਰ ਹਾਰਦਿਕ ਪੰਡਿਆ 35 ਤੇ 64 ਦੌੜਾਂ ਦੀਆਂ ਪਾਰੀਆਂ ਖੇਡ ਕੇ ਬੱਲੇਬਾਜ਼ੀ ਵਿੱਚ ਆਪਣੇ ਕਰੀਅਰ ਦੀ ਸਰਬੋਤਮ 42ਵੀਂ ਰੈਂਕਿੰਗ ਹਾਸਲ ਕਰਨ ’ਚ ਸਫ਼ਲ ਰਹੇ ਤੇ ਰਿਸ਼ਭ ਪੰਤ ਚੋਟੀ ਦੇ 100 ਖਿਡਾਰੀਆਂ ’ਚ ਸ਼ੁਮਾਰ ਹੋ ਗਏ ਹਨ।


ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੇ ਅੰਤਿਮ ਮੈਚ ’ਚ 42 ਦੌੜਾਂ ਦੇ ਕੇ ਤਿੰਨ ਵਿਕੇਟਾਂ ਲਈਆਂ ਸਨ, ਉਨ੍ਹਾਂ ਨੂੰ ਨੌਂ ਪੌੜੀਆਂ ਦਾ ਫ਼ਾਇਦਾ ਹੋਇਆ ਹੈ, ਜਿਸ ਕਾਰਣ ਉਹ 11ਵੇਂ ਸਥਾਨ ’ਤੇ ਪੁੱਜ ਗਏ ਹਨ, ਜੋ ਸਤੰਬਰ 2017 ’ਚ ਉਨ੍ਹਾਂ ਦੇ 10ਵੇਂ ਸਥਾਨ ਤੋਂ ਬਾਅਦ ਸਰਬੋਤਮ ਰੈਂਕਿੰਗ ਹੈ।


ਸ਼ਾਰਦੁਲ ਠਾਕੁਰ ਨੇ ਇਸੇ ਮੈਚ ਵਿੱਚ 67 ਦੌੜਾਂ ਦੇ ਕੇ ਚਾਰ ਵਿਕੇਟਾਂ ਲਈਆਂ ਸਨ, ਜਿਸ ਕਾਰਣ ਉਹ 93ਵੇਂ ਤੋਂ 80ਵੇਂ ਸਥਾਨ ’ਤੇ ਪੁੱਜ ਗਏ ਹਨ। ਇੰਗਲੈਂਡ ਲਈ ਆਲਰਾਊਂਡਰ ਬੈਨ ਸਟੋਕਸ ਨੂੰ ਚਾਰ ਪੌੜੀਆਂ ਦਾ ਫ਼ਾਇਦਾ ਹੋਇਆ, ਜਿਸ ਕਾਰਣ ਉਹ 24ਵੇਂ ਸਥਾਨ ’ਤੇ ਪੁੱਜ ਗਏ।


ਉਨ੍ਹਾਂ ਦੂਜੇ ਵਨਡੇ ’ਚ 52 ਗੇਂਦਾਂ ’ਚ 99 ਦੌੜਾਂ ਬਣਾਈਆਂ ਸਨ ਤੇ ਉਹ ਆਲਰਾਊਂੜਰ ’ਚ ਦੂਜੇ ਸਥਾਨ ਉੱਤੇ ਹਨ; ਜਦ ਕਿ ਜੌਨੀ ਬੇਅਰਸਟੋ ਨੇ ਕਰੀਅਰ ਦੇ ਸਰਬੋਤਮ 796 ਰੇਟਿੰਗ ਅੰਕ ਨਾਲ ਆਪਣਾ 7ਵਾਂ ਸਥਾਨ ਕਾਇਮ ਰੱਖਿਆ ਹੈ।


ਮੋਈਨ ਅਲੀ 9 ਪੌੜੀਆਂ ਦੇ ਫ਼ਾਇਦੇ ਨਾਲ ਗੇਂਦਬਾਜ਼ੀ ਸੂਚੀ ਵਿੱਚ 46ਵੇਂ ਸਥਾਨ ’ਤੇ ਪੁੱਜ ਗਏ ਹਨ। ਟੀ20 ਕੌਮਾਂਤਰੀ ਤਾਜ਼ਾ ਰੈਂਕਿੰਗ ਦੀ ਬੱਲੇਬਾਜ਼ੀ ਸੂਚੀ ਵਿੱਚ ਰਾਹੁਲ ਤੇ ਕੋਹਲੀ ਦੋਵਾਂ ਨੂੰ ਇੱਕ ਪੌੜੀ ਦਾ ਨੁਕਸਾਨ ਹੋਇਆ, ਜਿਸ ਕਾਰਣ ਉਹ ਦੋਵੇਂ ਕ੍ਰਮਵਾਰ ਪੰਜਵੇਂ ਤੇ ਛੇਵੇਂ ਸਥਾਨ ’ਤੇ ਖਿਸਕ ਗਏ ਹਨ।


ਇਹ ਵੀ ਪੜ੍ਹੋ: ਦੀਪ ਸਿੱਧੂ ਨੂੰ ਅੱਜ ਵੀ ਨਹੀਂ ਮਿਲੀ ਜ਼ਮਾਨਤ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904