India vs South Africa T20I Series: ਭਾਰਤੀ ਕ੍ਰਿਕਟ ਟੀਮ ਆਸਟ੍ਰੇਲੀਆ 'ਤੇ 2-1 ਨਾਲ ਟੀ-20 ਸੀਰੀਜ਼ ਜਿੱਤਣ ਤੋਂ ਬਾਅਦ ਦੱਖਣੀ ਅਫਰੀਕਾ ਨਾਲ ਭਿੜਨ ਲਈ ਪੂਰੀ ਤਰ੍ਹਾਂ ਤਿਆਰ ਹੈ। ਆਸਟ੍ਰੇਲੀਆ 'ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਟੀਮ ਇੰਡੀਆ ਦੱਖਣੀ ਅਫਰੀਕਾ ਖਿਲਾਫ਼ ਤਿੰਨ ਟੀ-20 ਅਤੇ 3 ਵਨਡੇ ਮੈਚਾਂ ਦੀ ਸੀਰੀਜ਼ ਖੇਡੇਗੀ। ਤੇਂਬਾ ਬਾਵੁਮਾ ਦੀ ਅਗਵਾਈ ਵਿੱਚ ਦੱਖਣੀ ਅਫਰੀਕਾ ਦੀ ਟੀਮ ਤਿਰੂਵਨੰਤਪੁਰਮ ਪਹੁੰਚ ਗਈ ਹੈ। ਇੱਥੇ ਹੀ ਟੀ-20 ਸੀਰੀਜ਼ ਦਾ ਪਹਿਲਾ ਮੈਚ ਖੇਡਿਆ ਜਾਵੇਗਾ। ਅਫਰੀਕੀ ਟੀਮ 4 ਮਹੀਨਿਆਂ 'ਚ ਦੂਜੀ ਵਾਰ ਭਾਰਤ ਦੌਰੇ 'ਤੇ ਹੈ। ਅਫਰੀਕੀ ਟੀਮ ਨੇ ਜੂਨ ਮਹੀਨੇ ਭਾਰਤ ਦੌਰੇ 'ਤੇ 5 ਟੀ-20 ਮੈਚਾਂ ਦੀ ਸੀਰੀਜ਼ ਖੇਡੀ ਹੈ। ਫੈਸਲਾਕੁੰਨ ਮੈਚ ਮੀਂਹ ਕਾਰਨ ਧੋਤਾ ਗਿਆ ਅਤੇ ਸੀਰੀਜ਼ 2-2 ਨਾਲ ਬਰਾਬਰ  ਗਈ।


ਭਾਰਤੀ ਚੋਣਕਰਤਾ ਪਹਿਲਾਂ ਹੀ ਦੱਖਣੀ ਅਫਰੀਕਾ ਟੀ-20 ਸੀਰੀਜ਼ ਲਈ ਟੀਮ ਦਾ ਐਲਾਨ ਕਰ ਚੁੱਕੇ ਹਨ। ਭੁਵਨੇਸ਼ਵਰ ਕੁਮਾਰ ਤੋਂ ਇਲਾਵਾ ਪਿਛਲੇ ਹਫਤੇ ਆਸਟ੍ਰੇਲੀਆ ਖਿਲਾਫ਼ ਖੇਡੇ ਗਏ ਸਾਰੇ ਖਿਡਾਰੀ ਵੀ ਦੱਖਣੀ ਅਫਰੀਕਾ ਟੀ-20 ਸੀਰੀਜ਼ 'ਚ ਨਜ਼ਰ ਆਉਣਗੇ। ਪਰ ਮੁਹੰਮਦ ਸ਼ਮੀ ਦੀ ਉਪਲਬਧਤਾ ਨੂੰ ਲੈ ਕੇ ਅਜੇ ਵੀ ਸ਼ੱਕ ਹੈ। ਭਾਰਤ ਦੇ ਤਜਰਬੇਕਾਰ ਗੇਂਦਬਾਜ਼ ਸ਼ਮੀ ਨੇ ਟੀ-20 ਵਿਸ਼ਵ ਕੱਪ 2021 ਤੋਂ ਬਾਅਦ ਪਿਛਲੇ ਹਫਤੇ ਆਸਟ੍ਰੇਲੀਆ ਖਿਲਾਫ ਆਪਣਾ ਪਹਿਲਾ ਟੀ-20 ਮੈਚ ਖੇਡਣਾ ਸੀ। ਪਰ ਸੀਰੀਜ਼ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਹ ਕੋਵਿਡ ਪਾਜ਼ੇਟਿਵ ਹੋ ਗਿਆ ਅਤੇ ਉਸ ਨੂੰ ਬਾਹਰ ਹੋਣਾ ਪਿਆ।


ਮੁਹੰਮਦ ਸ਼ਮੀ ਦੀ ਜਗ੍ਹਾ ਉਮੇਸ਼ ਯਾਦਵ ਨੂੰ ਟੀਮ 'ਚ ਸ਼ਾਮਲ ਕੀਤਾ ਗਿਆ ਸੀ ਅਤੇ ਉਸ ਨੂੰ ਪਹਿਲੇ ਮੈਚ 'ਚ ਵੀ ਖੇਡਣ ਦਾ ਮੌਕਾ ਮਿਲਿਆ ਸੀ ਪਰ ਉਹ ਪ੍ਰਭਾਵਿਤ ਕਰਨ 'ਚ ਨਾਕਾਮ ਰਹੇ। ਪਿਛਲੇ ਦੋ ਮੈਚਾਂ 'ਚ ਉਮੇਸ਼ ਯਾਦਵ ਨੂੰ ਬੈਂਚ 'ਤੇ ਬੈਠਣਾ ਪਿਆ ਅਤੇ ਜਸਪ੍ਰੀਤ ਬੁਮਰਾਹ ਉਸ ਦੀ ਜਗ੍ਹਾ ਪਲੇਇੰਗ 11 ਦਾ ਹਿੱਸਾ ਬਣੇ।


ਸ਼ਮੀ ਕਰੀਬ ਇਕ ਹਫਤਾ ਪਹਿਲਾਂ ਕੋਵਿਡ ਪਾਜ਼ੇਟਿਵ ਪਾਇਆ ਗਿਆ ਸੀ, ਪਰ ਉਦੋਂ ਤੋਂ ਉਨ੍ਹਾਂ ਦੇ ਠੀਕ ਹੋਣ ਬਾਰੇ ਕੋਈ ਅਪਡੇਟ ਨਹੀਂ ਹੈ। ਇਸ ਬਾਰੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਹੈ ਕਿ ਉਹ ਭਾਰਤ ਬਨਾਮ ਦੱਖਣੀ ਅਫਰੀਕਾ ਟੀ-20 ਸੀਰੀਜ਼ ਖੇਡੇਗਾ ਜਾਂ ਨਹੀਂ। ਇਨਸਾਈਡਸਪੋਰਟ ਦੀ ਰਿਪੋਰਟ ਮੁਤਾਬਕ ਸ਼ਮੀ ਦੀ ਭਾਗੀਦਾਰੀ ਨੂੰ ਲੈ ਕੇ ਸਸਪੈਂਸ ਜਾਰੀ ਹੈ, ਬੋਰਡ ਨੇ ਨੌਜਵਾਨ ਤੇਜ਼ ਗੇਂਦਬਾਜ਼ ਉਮਰਾਨ ਮਲਿਕ ਨੂੰ ਸਟੈਂਡਬਾਏ 'ਤੇ ਰਹਿਣ ਲਈ ਕਿਹਾ ਹੈ।


ਜੰਮੂ ਦੇ ਤੇਜ਼ ਗੇਂਦਬਾਜ਼ ਉਮਰਾਨ ਇਸ ਸਮੇਂ ਨਿਊਜ਼ੀਲੈਂਡ ਏ ਦੇ ਖਿਲਾਫ ਇੰਡੀਆ ਏ ਟੀਮ ਲਈ ਖੇਡ ਰਹੇ ਹਨ। ਉਸਨੇ ਜੂਨ ਵਿੱਚ ਆਇਰਲੈਂਡ ਦੇ ਖਿਲਾਫ਼ ਭਾਰਤ ਲਈ ਟੀ-20 ਡੈਬਿਊ ਕੀਤਾ ਸੀ। ਉਸ ਨੇ ਆਈਪੀਐਲ 2022 ਵਿੱਚ ਜ਼ਬਰਦਸਤ ਗੇਂਦਬਾਜ਼ੀ ਕੀਤੀ। ਬੀਸੀਸੀਆਈ ਅਧਿਕਾਰੀ ਨੇ ਇਨਸਾਈਡਸਪੋਰਟ ਨੂੰ ਦੱਸਿਆ, “ਮੈਂ ਸ਼ਮੀ ਅਤੇ ਉਸ ਦੀ ਫਿਟਨੈਸ ਬਾਰੇ ਮੌਜੂਦਾ ਸਥਿਤੀ ਤੋਂ ਪੂਰੀ ਤਰ੍ਹਾਂ ਜਾਣੂ ਨਹੀਂ ਹਾਂ। ਮੈਡੀਕਲ ਟੀਮ ਕੋਲ ਇਸ ਬਾਰੇ ਵੇਰਵੇ ਹੋਣਗੇ।"


ਸ਼ਮੀ ਉਨ੍ਹਾਂ ਚਾਰ ਖਿਡਾਰੀਆਂ 'ਚੋਂ ਇਕ ਹੈ ਜੋ ਭਾਰਤੀ ਟੀਮ ਦੇ ਨਾਲ ਰਿਜ਼ਰਵ ਦੇ ਤੌਰ 'ਤੇ ਆਸਟ੍ਰੇਲੀਆ ਦਾ ਦੌਰਾ ਕਰਨਗੇ। ਉਸ ਨੇ ਲਗਭਗ ਇਕ ਸਾਲ ਤੋਂ ਭਾਰਤ ਲਈ ਕੋਈ ਟੀ-20 ਮੈਚ ਨਹੀਂ ਖੇਡਿਆ ਹੈ। ਜੇ ਉਹ ਦੱਖਣੀ ਅਫਰੀਕਾ ਖਿਲਾਫ ਫਿੱਟ ਹੋ ਜਾਂਦਾ ਹੈ ਤਾਂ ਯਕੀਨੀ ਤੌਰ 'ਤੇ ਪਲੇਇੰਗ ਇਲੈਵਨ 'ਚ ਸ਼ਾਮਲ ਕੀਤਾ ਜਾਵੇਗਾ। ਭੁਵਨੇਸ਼ਵਰ ਕੁਮਾਰ ਅਤੇ ਹਰਸ਼ਲ ਪਟੇਲ ਨੇ ਹਾਲ ਦੇ ਸਮੇਂ ਵਿੱਚ ਡੈਥ ਓਵਰਾਂ ਵਿੱਚ ਚੰਗੀ ਗੇਂਦਬਾਜ਼ੀ ਨਹੀਂ ਕੀਤੀ ਹੈ। ਜੇਕਰ ਉਹ ਫਿੱਟ ਹੈ ਤਾਂ ਸ਼ਮੀ ਉਸ ਦਾ ਬਦਲ ਬਣ ਸਕਦਾ ਹੈ।