IND vs BAN 2nd Test Kanpur Rain Chances: ਭਾਰਤ ਤੇ ਬੰਗਲਾਦੇਸ਼ ਵਿਚਾਲੇ ਸੀਰੀਜ਼ ਦਾ ਦੂਜਾ ਤੇ ਆਖ਼ਰੀ ਟੈਸਟ ਮੈਚ 27 ਅਗਸਤ ਤੋਂ ਕਾਨਪੁਰ ਵਿੱਚ ਖੇਡਿਆ ਜਾਵੇਗਾ। ਰਿਪੋਰਟਾਂ ਦੀ ਮੰਨੀਏ ਤਾਂ ਟੈਸਟ ਮੈਚ ਦੇ ਪਹਿਲੇ 3 ਦਿਨ ਮੀਂਹ ਨਾਲ ਪ੍ਰਭਾਵਿਤ ਹੋ ਸਕਦੇ ਹਨ, ਇਸ ਲਈ ਮੈਚ ਦੇ ਰੱਦ ਹੋਣ ਦੀ ਸੰਭਾਵਨਾ ਜ਼ਿਆਦਾ ਹੈ। ਟੀਮ ਇੰਡੀਆ ਕਾਨਪੁਰ ਟੈਸਟ ਦੇ ਰੱਦ ਹੋਣ ਤੋਂ ਬਾਅਦ ਵੀ ਸੀਰੀਜ਼ 1-0 ਨਾਲ ਜਿੱਤ ਲਵੇਗੀ ਪਰ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਨਜ਼ਰੀਏ ਤੋਂ ਇਸ ਮੈਚ ਦਾ ਰੱਦ ਹੋਣਾ ਭਾਰਤੀ ਟੀਮ ਲਈ ਕਾਫੀ ਮਹਿੰਗਾ ਸਾਬਤ ਹੋ ਸਕਦਾ ਹੈ।


ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਮੌਜੂਦਾ ਪੜਾਅ 'ਚ ਭਾਰਤ ਦੇ ਅਜੇ 9 ਟੈਸਟ ਮੈਚ ਬਾਕੀ ਹਨ, ਜਿਨ੍ਹਾਂ 'ਚੋਂ 5 ਆਸਟ੍ਰੇਲੀਆ ਖ਼ਿਲਾਫ਼ ਖੇਡੇ ਜਾਣੇ ਹਨ। ਆਸਟ੍ਰੇਲੀਆ ਖ਼ਿਲਾਫ਼ ਮੈਚਾਂ ਦਾ ਨਤੀਜਾ ਕਿਸੇ ਵੀ ਤਰ੍ਹਾਂ ਜਾ ਸਕਦਾ ਹੈ। ਇਸ ਦੌਰਾਨ ਭਾਰਤ ਤਿੰਨ ਟੈਸਟ ਮੈਚਾਂ ਲਈ ਨਿਊਜ਼ੀਲੈਂਡ ਦੀ ਟੀਮ ਦੀ ਮੇਜ਼ਬਾਨੀ ਵੀ ਕਰੇਗਾ ਤੇ WTC ਫਾਈਨਲ ਦੇ ਮੱਦੇਨਜ਼ਰ ਇਹ ਸਾਰੇ ਮੈਚ ਬਹੁਤ ਮਹੱਤਵਪੂਰਨ ਹੋਣਗੇ।



ਵਿਸ਼ਵ ਟੈਸਟ ਚੈਂਪੀਅਨਸ਼ਿਪ ਟੇਬਲ 'ਚ ਭਾਰਤ ਇਸ ਸਮੇਂ ਪਹਿਲੇ ਸਥਾਨ 'ਤੇ ਹੈ ਤੇ ਆਸਟ੍ਰੇਲੀਆ ਦੂਜੇ ਸਥਾਨ 'ਤੇ ਹੈ। ਵਰਤਮਾਨ ਵਿੱਚ ਭਾਰਤ ਦੀ ਜਿੱਤ ਪ੍ਰਤੀਸ਼ਤਤਾ 71.67 ਹੈ, ਪਰ ਜੇ ਕਾਨਪੁਰ ਟੈਸਟ ਰੱਦ ਹੁੰਦਾ ਹੈ, ਤਾਂ ਉਸ ਦੇ 4 ਅੰਕ ਹੋ ਜਾਣਗੇ ਅਤੇ ਟੀਮ ਦੀ ਜਿੱਤ ਪ੍ਰਤੀਸ਼ਤਤਾ 68.18 ਹੋ ਜਾਵੇਗੀ। ਇਸ ਤਰ੍ਹਾਂ ਭਾਰਤ 62.50 ਦੀ ਜਿੱਤ ਪ੍ਰਤੀਸ਼ਤਤਾ ਨਾਲ ਦੂਜੇ ਸਥਾਨ 'ਤੇ ਰਹਿਣ ਵਾਲੇ ਆਸਟ੍ਰੇਲੀਆ ਤੋਂ ਜ਼ਿਆਦਾ ਅੱਗੇ ਨਹੀਂ ਹੋਵੇਗਾ।


ਇਸ ਦੌਰਾਨ ਦੱਖਣੀ ਅਫਰੀਕਾ ਨੂੰ ਬੰਗਲਾਦੇਸ਼, ਸ਼੍ਰੀਲੰਕਾ ਤੇ ਪਾਕਿਸਤਾਨ ਖ਼ਿਲਾਫ਼ ਟੈਸਟ ਸੀਰੀਜ਼ ਖੇਡਣੀ ਹੈ। ਜੇ ਅਫਰੀਕੀ ਟੀਮ ਇਹ ਸਾਰੇ ਮੈਚ ਜਿੱਤ ਜਾਂਦੀ ਹੈ ਤਾਂ ਭਾਰਤ-ਆਸਟ੍ਰੇਲੀਆ-ਦੱਖਣੀ ਅਫਰੀਕਾ ਵਿਚਾਲੇ ਫਾਈਨਲ ਮੁਕਾਬਲਾ ਕਾਫੀ ਦਿਲਚਸਪ ਹੋ ਜਾਵੇਗਾ। ਬੰਗਲਾਦੇਸ਼ ਖ਼ਿਲਾਫ਼ ਦੂਜਾ ਟੈਸਟ ਮੈਚ ਜਿੱਤਣ ਦੀ ਸਥਿਤੀ 'ਚ ਟੀਮ ਇੰਡੀਆ ਲਗਾਤਾਰ ਤੀਜਾ ਫਾਈਨਲ ਖੇਡਣ ਦੇ ਕਾਫੀ ਨੇੜੇ ਪਹੁੰਚ ਜਾਵੇਗੀ, ਪਰ ਇਸ ਦੇ ਰੱਦ ਹੋਣ ਤੋਂ ਬਾਅਦ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਭਾਰਤ ਇਸ ਵਾਰ ਫਾਈਨਲ ਨਹੀਂ ਖੇਡ ਸਕੇਗਾ।



ਇਨ੍ਹਾਂ ਤੋਂ ਇਲਾਵਾ ਜੇ ਸ਼੍ਰੀਲੰਕਾ ਆਪਣੇ ਅਗਲੇ ਸਾਰੇ ਮੈਚ ਜਿੱਤ ਲੈਂਦਾ ਹੈ ਤਾਂ ਉਸ ਦੀ ਜਿੱਤ ਪ੍ਰਤੀਸ਼ਤਤਾ 75 ਤੱਕ ਜਾ ਸਕਦੀ ਹੈ ਤੇ ਨਿਊਜ਼ੀਲੈਂਡ ਵੀ ਅਜੇ ਤੱਕ ਨਾਟ ਆਊਟ ਹੈ। ਕੁੱਲ ਮਿਲਾ ਕੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਪਹੁੰਚਣ ਲਈ 4-5 ਟੀਮਾਂ ਵਿਚਾਲੇ ਸਖ਼ਤ ਮੁਕਾਬਲਾ ਹੈ। ਇਸ ਲਈ ਟੀਮ ਇੰਡੀਆ ਲਈ ਬੰਗਲਾਦੇਸ਼ ਖ਼ਿਲਾਫ਼ ਦੂਜਾ ਟੈਸਟ ਮੈਚ ਜਿੱਤਣਾ ਬਹੁਤ ਜ਼ਰੂਰੀ ਹੈ।