England vs India 2nd Test: ਭਾਰਤ ਦੇ ਤੇਜ਼ ਗੇਂਦਬਾਜ਼ਾਂ ਨੇ ਲੌਰਡਸ ਟੈਸਟ ਦੇ ਪੰਜਵੇਂ ਦਿਨ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ ਆਪਣੀ ਟੀਮ ਨੂੰ 151 ਦੌੜਾਂ ਦੀ ਜਿੱਤ ਦਿਵਾ ਦਿੱਤੀ। ਲੌਰਡਸ ਟੈਸਟ 'ਚ ਪੰਜਵੇਂ ਦਿਨ ਇੰਡੀਆ ਨੇ ਪਹਿਲੇ ਸੈਸ਼ਨ 'ਚ ਬੱਲੇਬਾਜ਼ੀ ਕੀਤੀ ਤੇ ਫਿਰ ਦੂਜੇ ਸੈਸ਼ਨ 'ਚ ਕੁਝ ਓਵਰ ਖੇਡਣ ਤੋਂ ਬਾਅਦ ਇੰਗਲੈਂਡ ਨੂੰ ਬੱਲੇਬਾਜ਼ੀ ਲਈ ਬੁਲਾ ਲਿਆ। ਭਾਰਤ ਨੂੰ ਜਸਪ੍ਰੀਤ ਬੁਮਰਾਹ ਨੇ ਪਹਿਲੇ ਹੀ ਓਵਰ 'ਚ ਸਫਲਤਾ ਦਿਵਾਈ ਤੇ ਫਿਰ ਅਗਲੇ ਓਵਰ 'ਚ ਸ਼ਮੀ ਨੇ ਦੂਜਾ ਵਿਕੇਟ ਲੈਕੇ ਮੈਚ ਭਾਰਤ ਵੱਲ ਮੋੜ ਦਿੱਤਾ।


ਟੀ ਬ੍ਰੇਕ ਤਕ ਇੰਗਲੈਂਡ ਨੇ ਆਪਣੇ ਚਾਰ ਵਿਕੇਟ ਗਵਾ ਦਿੱਤੇ ਸਨ। ਹੁਣ ਆਖਰੀ ਸੈਸ਼ਨ 'ਚ ਭਾਰਤ ਦੀ ਜਿੱਤ ਲਈ ਛੇ ਵਿਕਟ ਲੈਣੇ ਸਨ। ਭਾਰਤ ਲਈ ਸਭ ਤੋਂ ਵੱਡੀ ਚੁਣੌਤੀ ਇੰਗਲੈਂਡ ਦੇ ਕਪਤਾਨ ਜੋ ਰੂਟ ਨੂੰ ਆਊਟ ਕਰਨਾ ਸੀ। ਤੀਜੇ ਸੈਸ਼ਨ 'ਚ ਬੁਮਰਾਹ ਨੇ ਇਸ ਚੁਣੌਤੀ ਨੂੰ ਸਵੀਕਾਰ ਕੀਤਾ ਤੇ ਰੂਟ ਨੂੰ ਸਲਿਪ 'ਚ ਕੈਚ ਆਊਟ ਕਰਵਾਇਆ। ਪਹਿਲੀ ਪਾਰੀ 'ਚ ਨਾਬਾਦ 180 ਰਨ ਬਣਾਉਣ  ਵਾਲੇ ਜੋ ਰੂਟ ਨੇ ਦੂਜੀ ਪਾਰੀ 'ਚ 60 ਗੇਂਦਾਂ 'ਚ ਪੰਜ ਚੌਕਿਆਂ ਦੀ ਮਦਦ ਨਾਲ 33 ਰਨ ਬਣਾਏ।


ਇਸ ਤੋਂ ਬਾਅਦ ਤੇਜ਼ ਗੇਂਦਬਾਜ਼ਾਂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਤੇ ਨਿਯਮਿਤ ਅੰਤਰ 'ਤੇ ਵਿਕੇਟ ਝਟਕਾਏ। ਹਾਲਾਂਕਿ ਸੱਤ ਵਿਕੇਟ ਡਿੱਗਣ ਤੋਂ ਬਾਅਦ ਜੋਸ ਬਟਲਰ ਤੇ ਓਲੀ ਰੌਬਿਨਸਨ ਭਾਰਤ ਦੀ ਜਿੱਤ 'ਚ ਰੋੜਾ ਬਣ ਗਏ। ਪਰ ਮੋਹੰਮਦ ਸਿਰਾਜ ਦੀ ਘਾਤਕ ਗੇਂਦਬਾਜ਼ੀ ਨੇ ਇਕ ਵਾਰ ਫਿਰ ਕਾਮਲ ਕਰ ਦਿੱਤੇ ਤੇ ਭਾਰਤ ਨੇ ਲੌਰਡਸ ਦੇ ਮੈਦਾਨ ਤੇ ਇਤਿਹਾਸਕ ਜਿੱਤ ਦਰਜ ਕੀਤੀ।


ਭਾਰਤ ਨੇ 2014 ਤੋਂ ਬਾਅਦ ਪਹਿਲੀ ਵਾਰ ਲੌਰਡਸ 'ਚ ਜਿੱਤ ਹਾਸਲ ਕੀਤੀ ਹੈ। ਉੱਥੇ ਹੀ ਭਾਰਤੀ ਕ੍ਰਿਕਟ ਦੇ ਇਤਿਹਾਸ 'ਚ ਭਾਰਤ ਨੇ ਤੀਜੀ ਵਾਰ ਲੌਰਡਸ 'ਚ ਟੈਸਟ ਮੈਚ ਜਿੱਤਿਆ ਹੈ। ਭਾਰਤ ਨੇ ਪਹਿਲੀ ਵਾਰ 1932 'ਚ ਇੰਗਲੈਂਡ ਖਿਲਾਫ ਟੈਸਟ ਮੈਚ ਖੇਡਿਆ ਸੀ। ਉਸ ਤੋਂ ਬਾਅਦ ਲੌਰਡਸ 'ਚ ਭਾਰਤ ਦੀ ਹੁਣ ਤਕ ਇਹ ਤੀਜੀ ਜਿੱਤ ਹੈ। ਇਸ ਤੋਂ ਪਹਿਲਾਂ ਭਾਰਤ ਨੇ ਲੌਡਰਸ 'ਚ ਇੰਗਲੈਂਡ ਨੂੰ 2014 ਤੇ 1986 'ਚ ਮਾਤ ਦਿੱਤੀ ਸੀ।


ਭਾਰਤ ਨੇ ਦੂਜੇ ਟੈਸਟ 'ਚ ਪਹਿਲਾਂ ਖੇਡਣ ਤੋਂ ਬਾਅਦ ਆਪਣੀ ਪਹਿਲੀ ਪਾਰੀ 'ਚ 364 ਰਨ ਬਣਾਏ ਸਨ। ਇਸ ਤੋਂ ਬਾਅਦ ਇੰਗਲੈਂਡ ਨੇ ਆਪਣੀ ਪਹਿਲੀ ਪਾਰੀ 'ਚ 391 ਰਨ ਬਣਾ ਕੇ 27 ਦੌੜਾਂ ਦੀ ਬੜ੍ਹਤ ਹਾਸਲ ਕੀਤੀ ਸੀ। ਇਸ ਤੋਂ ਬਾਅਦ ਟੀਮ ਇੰਡੀਆ ਨੇ ਆਪਣੀ ਦੂਜੀ ਪਾਰੀ 298 ਦੌੜਾਂ 'ਤੇ ਐਲਾਨ ਕੇ ਇੰਗਲੈਂਡ ਨੂੰ 272 ਦੌੜਾਂ ਦਾ ਟੀਚਾ ਦਿੱਤਾ। ਇਸਦੇ ਜਵਾਬ 'ਚ ਇੰਗਲੈਂਡ ਦੀ ਪੂਰੀ ਟੀਮ 120 ਦੌੜਾਂ 'ਤੇ ਢੇਰ ਹੋ ਗਈ। ਭਾਰਤ ਲਈ ਮੋਹੰਮਦ ਸਿਰਾਜ ਨੇ ਸਭ ਤੋਂ ਜ਼ਿਆਦਾ ਚਾਰ ਵਿਕੇਟ ਝਟਕਏ। ਇਸ ਤੋਂ ਇਲਾਵਾ ਜਸਪ੍ਰੀਤ ਬੁਮਰਾਹ ਨੇ ਤਿੰਨ ਤੇ ਇਸ਼ਾਂਤ ਸ਼ਰਮਾ ਨੇ ਦੋ ਵਿਕੇਟ ਝਟਕਾਏ। ਉੱਥੇ ਹੀ ਮੋਹੰਮਦ ਸ਼ਮੀ ਨੂੰ ਇਕ ਵਿਕੇਟ ਮਿਲਿਆ।