England vs India, 3rd T20I : ਭਾਰਤ ਅਤੇ ਇੰਗਲੈਂਡ ਵਿਚਾਲੇ ਤੀਜਾ ਅਤੇ ਆਖਰੀ ਟੀ-20 ਕੌਮਾਂਤਰੀ ਮੈਚ ਨਾਟਿੰਘਮ ਦੇ ਟ੍ਰੇਂਟ ਬ੍ਰਿਜ ਮੈਦਾਨ 'ਤੇ ਖੇਡਿਆ ਗਿਆ। ਇਸ ਮੈਚ 'ਚ ਭਾਰਤੀ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਵੱਡੀ ਉਪਲੱਬਧੀ ਹਾਸਲ ਕੀਤੀ ਹੈ। ਪੰਤ ਦੇ ਕਰੀਅਰ ਦਾ ਇਹ 50ਵਾਂ ਟੀ-20 ਮੈਚ ਸੀ ਅਤੇ ਉਹ ਇਹ ਉਪਲੱਬਧੀ ਹਾਸਲ ਕਰਨ ਵਾਲੇ ਮਹਿੰਦਰ ਸਿੰਘ ਧੋਨੀ ਤੋਂ ਬਾਅਦ ਸਿਰਫ਼ ਦੂਜੇ ਫੁੱਲ-ਟਾਈਮ ਵਿਕਟਕੀਪਰ ਬੱਲੇਬਾਜ਼ ਬਣ ਗਏ ਹਨ। ਰਿਸ਼ਭ 50 ਟੀ-20 ਅੰਤਰਰਾਸ਼ਟਰੀ ਮੈਚ ਖੇਡਣ ਵਾਲੇ 14ਵੇਂ ਭਾਰਤੀ ਬਣ ਗਏ ਹਨ।


ਰਿਸ਼ਭ ਨੇ 2016 ਟੀ-20 ਵਿਸ਼ਵ ਕੱਪ ਤੋਂ ਇਕ ਸਾਲ ਬਾਅਦ ਭਾਰਤ 'ਚ ਡੈਬਿਊ ਕੀਤਾ ਸੀ। ਉਸ ਨੇ ਆਪਣਾ ਪਹਿਲਾ ਟੀ-20 ਫਰਵਰੀ 2017 'ਚ ਇੰਗਲੈਂਡ ਵਿਰੁੱਧ ਖੇਡਿਆ ਸੀ। ਫਿਲਹਾਲ ਉਹ ਤਿੰਨੋਂ ਫਾਰਮੈਟਾਂ 'ਚ ਟੀਮ ਦੇ ਸਥਾਈ ਮੈਂਬਰ ਹੈ। ਟੀ-20 ਦੀ ਸਫਲਤਾ ਤੋਂ ਬਾਅਦ ਉਨ੍ਹਾਂ ਨੇ 2018 'ਚ ਭਾਰਤ ਲਈ ਵਨਡੇ ਵਿੱਚ ਡੈਬਿਊ ਕੀਤਾ ਅਤੇ ਹੁਣ ਉਹ ਤਿੰਨੋਂ ਫਾਰਮੈਟਾਂ 'ਚ ਭਾਰਤ ਦੇ ਪਹਿਲੇ ਵਿਕਟਕੀਪਰ ਆਪਸ਼ਨ ਹਨ। ਰਿਸ਼ਭ ਨੇ ਹਾਲ ਹੀ 'ਚ ਆਪਣੀ T20I ਕਪਤਾਨੀ ਦੀ ਸ਼ੁਰੂਆਤ ਕੀਤੀ ਸੀ ਜਦੋਂ ਉਨ੍ਹਾਂ ਨੂੰ ਜੂਨ 'ਚ ਦੱਖਣੀ ਅਫਰੀਕਾ ਦੇ ਖ਼ਿਲਾਫ਼ 5 ਮੈਚਾਂ ਦੀ ਸੀਰੀਜ਼ 'ਚ ਕਪਤਾਨੀ ਸੌਂਪੀ ਗਈ ਸੀ। ਰਿਸ਼ਭ ਨੇ ਹੁਣ ਤੱਕ ਟੀ-20 ਕੌਮਾਂਤਰੀ ਮੈਚਾਂ 'ਚ 43 ਪਾਰੀਆਂ 'ਚ 767 ਦੌੜਾਂ ਬਣਾਈਆਂ ਹਨ। ਉਸ ਦੇ ਨਾਂਅ 3 ਅਰਧ ਸੈਂਕੜੇ ਹਨ।



ਭਾਰਤ ਲਈ ਸੱਭ ਤੋਂ ਵੱਧ ਟੀ-20 ਮੈਚ ਖੇਡਣ ਵਾਲੇ ਖਿਡਾਰੀਆਂ ਦੀ ਸੂਚੀ 'ਚ ਰੋਹਿਤ ਸ਼ਰਮਾ ਸਭ ਤੋਂ ਉੱਪਰ ਹਨ। ਉਨ੍ਹਾਂ ਤੋਂ ਬਾਅਦ ਵਿਰਾਟ ਕੋਹਲੀ ਦਾ ਨੰਬਰ ਆਉਂਦਾ ਹੈ, ਜੋ ਆਪਣਾ 99ਵਾਂ ਟੀ-20 ਮੈਚ ਖੇਡ ਰਹੇ ਹਨ। ਉਨ੍ਹਾਂ ਤੋਂ ਬਾਅਦ ਮਹਿੰਦਰ ਸਿੰਘ ਧੋਨੀ (98), ਸੁਰੇਸ਼ ਰੈਨਾ (78), ਸ਼ਿਖਰ ਧਵਨ (68), ਭੁਵਨੇਸ਼ਵਰ ਕੁਮਾਰ (68), ਹਾਰਦਿਕ ਪੰਡਯਾ (63), ਯੁਜਵੇਂਦਰ ਚਾਹਲ (62), ਰਵਿੰਦਰ ਜਡੇਜਾ (60), ਜਸਪ੍ਰੀਤ ਬੁਮਰਾਹ (58), ਕੇਐਲ ਰਾਹੁਲ (56) ਅਤੇ ਆਰ ਅਸ਼ਵਿਨ (51) ਹਨ।