IND vs NZ Final Score: ਚੈਂਪੀਅਨਜ਼ ਟਰਾਫੀ ਫਾਈਨਲ ਵਿੱਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ, ਨਿਊਜ਼ੀਲੈਂਡ ਨੇ 251 ਦੌੜਾਂ ਬਣਾਈਆਂ। ਤੁਹਾਨੂੰ ਦੱਸ ਦੇਈਏ ਕਿ ਇਹ ਮੈਚ ਉਸੇ ਪਿੱਚ 'ਤੇ ਖੇਡਿਆ ਜਾ ਰਿਹਾ ਹੈ ਜਿਸ 'ਤੇ ਭਾਰਤ-ਪਾਕਿਸਤਾਨ ਮੈਚ ਖੇਡਿਆ ਗਿਆ ਸੀ। ਨਿਊਜ਼ੀਲੈਂਡ ਲਈ ਸਭ ਤੋਂ ਵੱਧ ਦੌੜਾਂ ਡੈਰਿਲ ਮਿਸ਼ੇਲ ਨੇ ਬਣਾਈਆਂ, ਜਿਨ੍ਹਾਂ ਨੇ 63 ਦੌੜਾਂ ਦੀ ਹੌਲੀ ਪਰ ਬਹੁਤ ਮਹੱਤਵਪੂਰਨ ਪਾਰੀ ਖੇਡੀ। ਹੁਣ ਤੀਜੀ ਵਾਰ ਚੈਂਪੀਅਨਜ਼ ਟਰਾਫੀ ਜਿੱਤਣ ਲਈ ਭਾਰਤੀ ਟੀਮ ਨੂੰ 252 ਦੌੜਾਂ ਬਣਾਉਣੀਆਂ ਪੈਣਗੀਆਂ। ਟੀਮ ਇੰਡੀਆ ਲਈ ਕੁਲਦੀਪ ਯਾਦਵ ਅਤੇ ਵਰੁਣ ਚੱਕਰਵਰਤੀ ਨੇ ਦੋ-ਦੋ ਵਿਕਟਾਂ ਲਈਆਂ।
ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਖੇਡੇ ਜਾ ਰਹੇ ਇਸ ਫਾਈਨਲ ਮੈਚ ਵਿੱਚ, ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਰਚਿਨ ਰਵਿੰਦਰ ਤੇ ਵਿਲ ਯੰਗ ਨੇ ਕੀਵੀਆਂ ਨੂੰ ਬਹੁਤ ਵਧੀਆ ਸ਼ੁਰੂਆਤ ਦਿੱਤੀ। ਰਵਿੰਦਰ ਨੇ 29 ਗੇਂਦਾਂ ਵਿੱਚ 37 ਦੌੜਾਂ ਦੀ ਤੇਜ਼ ਪਾਰੀ ਖੇਡੀ। ਕੇਨ ਵਿਲੀਅਮਸਨ ਸਿਰਫ਼ 11 ਦੌੜਾਂ ਬਣਾ ਕੇ ਆਊਟ ਹੋ ਗਿਆ, ਪਰ ਡੈਰਿਲ ਮਿਸ਼ੇਲ ਅਤੇ ਗਲੇਨ ਫਿਲਿਪਸ ਵਿਚਕਾਰ 57 ਦੌੜਾਂ ਦੀ ਸਾਂਝੇਦਾਰੀ ਨੇ ਨਿਊਜ਼ੀਲੈਂਡ ਨੂੰ ਮੈਚ ਵਿੱਚ ਵਾਪਸੀ ਕਰਨ ਵਿੱਚ ਕਾਫ਼ੀ ਹੱਦ ਤੱਕ ਮਦਦ ਕੀਤੀ। ਮਿਸ਼ੇਲ ਨੇ 63 ਦੌੜਾਂ ਅਤੇ ਫਿਲਿਪਸ ਨੇ 34 ਦੌੜਾਂ ਬਣਾਈਆਂ।
ਆਖ਼ਰੀ ਓਵਰਾਂ ਵਿੱਚ ਟੀਮ ਇੰਡੀਆ ਨੂੰ ਪਿਆ ਘਾਟਾ !
40 ਓਵਰਾਂ ਦੇ ਅੰਤ ਤੱਕ, ਨਿਊਜ਼ੀਲੈਂਡ ਨੇ 5 ਵਿਕਟਾਂ ਦੇ ਨੁਕਸਾਨ 'ਤੇ 172 ਦੌੜਾਂ ਬਣਾ ਲਈਆਂ ਸਨ। ਇੱਥੋਂ ਅਗਲੇ 10 ਓਵਰਾਂ ਵਿੱਚ, ਨਿਊਜ਼ੀਲੈਂਡ ਨੇ ਸਿਰਫ਼ 2 ਵਿਕਟਾਂ ਗੁਆ ਦਿੱਤੀਆਂ ਤੇ ਕੁੱਲ 79 ਦੌੜਾਂ ਬਣਾਈਆਂ। ਖਾਸ ਕਰਕੇ ਮਾਈਕਲ ਬ੍ਰੇਸਵੈੱਲ ਦੀ 53 ਦੌੜਾਂ ਦੀ ਪਾਰੀ ਟੀਮ ਇੰਡੀਆ ਲਈ ਸਿਲੇਬਸ ਤੋਂ ਬਾਹਰ ਸੀ। ਉਸਨੇ ਸ਼ਾਨਦਾਰ ਢੰਗ ਨਾਲ ਖੇਡਦੇ ਹੋਏ 40 ਗੇਂਦਾਂ ਵਿੱਚ 53 ਦੌੜਾਂ ਬਣਾਈਆਂ ਤੇ ਇਸ ਦੌਰਾਨ ਉਸਨੇ 3 ਚੌਕੇ ਅਤੇ 2 ਛੱਕੇ ਲਗਾਏ। ਇੱਕ ਸਮੇਂ ਤਾਂ ਇੰਝ ਲੱਗ ਰਿਹਾ ਸੀ ਕਿ ਨਿਊਜ਼ੀਲੈਂਡ ਵੱਧ ਤੋਂ ਵੱਧ 230 ਦੌੜਾਂ ਬਣਾ ਸਕੇਗਾ ਪਰ ਬ੍ਰੇਸਵੈੱਲ ਦੀ ਪਾਰੀ ਦੀ ਬਦੌਲਤ, ਨਿਊਜ਼ੀਲੈਂਡ 250 ਦੌੜਾਂ ਦਾ ਸਕੋਰ ਪਾਰ ਕਰਨ ਵਿੱਚ ਕਾਮਯਾਬ ਰਿਹਾ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :