Mohammed Shami: ਭਾਰਤ ਨੇ ਨਿਊਜ਼ੀਲੈਂਡ ਨੂੰ 70 ਦੌੜਾਂ ਨਾਲ ਹਰਾ ਕੇ ਵਿਸ਼ਵ ਕੱਪ 2023 ਦੇ ਫਾਈਨਲ ਵਿੱਚ ਥਾਂ ਬਣਾ ਲਈ ਹੈ। ਇਸ ਮੈਚ ਵਿੱਚ ਮੁਹੰਮਦ ਸ਼ਮੀ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਤੇ ਸੱਤ ਵਿਕਟਾਂ ਲਈਆਂ। ਸ਼ਮੀ ਦੀ ਗੇਂਦਬਾਜ਼ੀ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਫੀ ਤਾਰੀਫ ਕੀਤੀ ਹੈ।


ਪ੍ਰਧਾਨ ਮੰਤਰੀ ਨੇ ਟਵਿੱਟਰ 'ਤੇ ਕਿਹਾ, ''ਅੱਜ ਦਾ ਸੈਮੀਫਾਈਨਲ ਸ਼ਾਨਦਾਰ ਵਿਅਕਤੀਗਤ ਪ੍ਰਦਰਸ਼ਨ ਕਾਰਨ ਹੋਰ ਵੀ ਖਾਸ ਬਣ ਗਿਆ। ਮੁਹੰਮਦ ਸ਼ਮੀ ਦੀ ਸ਼ਾਨਦਾਰ ਗੇਂਦਬਾਜ਼ੀ ਨੂੰ ਕ੍ਰਿਕਟ ਪ੍ਰੇਮੀਆਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਯਾਦ ਰੱਖਣਗੀਆਂ। ਵੈੱਲ ਪਲੇਅਡ ਸ਼ਮੀ!'' ਸ਼ਮੀ ਨੇ ਇਸ ਸਾਲ ਦੇ ਵਿਸ਼ਵ ਕੱਪ 'ਚ ਛੇ ਮੈਚਾਂ 'ਚ 23 ਵਿਕਟਾਂ ਲਈਆਂ ਹਨ। ਨਿਊਜ਼ੀਲੈਂਡ ਖਿਲਾਫ ਸ਼ਾਨਦਾਰ ਪ੍ਰਦਰਸ਼ਨ ਲਈ ਉਸ ਨੂੰ ਪਲੇਅਰ ਆਫ ਦ ਮੈਚ ਦਾ ਖਿਤਾਬ ਦਿੱਤਾ ਗਿਆ ਹੈ।



ਸ਼ਮੀ ਨੇ ਸੈਮੀਫਾਈਨਲ 'ਚ 7 ਵਿਕਟਾਂ ਲਈਆਂ
ਇਸ ਮੈਚ 'ਚ ਭਾਰਤ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਦੇ ਹੋਏ 397 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ। ਇਸ ਸਕੋਰ ਦਾ ਪਿੱਛਾ ਕਰਦਿਆਂ ਨਿਊਜ਼ੀਲੈਂਡ ਦੀ ਟੀਮ 327 ਦੌੜਾਂ 'ਤੇ ਢੇਰ ਹੋ ਗਈ। ਵਿਸ਼ਵ ਕੱਪ ਵਿੱਚ ਭਾਰਤੀ ਟੀਮ ਦੀ ਇਹ ਲਗਾਤਾਰ 10ਵੀਂ ਜਿੱਤ ਹੈ। ਭਾਰਤ ਲਈ ਮੁਹੰਮਦ ਸ਼ਮੀ ਨੇ 9.5 ਓਵਰਾਂ 'ਚ 57 ਦੌੜਾਂ ਦੇ ਕੇ 7 ਵਿਕਟਾਂ ਲਈਆਂ। ਪੀਐਮ ਮੋਦੀ ਤੋਂ ਇਲਾਵਾ ਗ੍ਰਹਿ ਮੰਤਰੀ ਅਮਿਤ ਸ਼ਾਹ, ਯੂਪੀ ਦੇ ਸੀਐਮ ਯੋਗੀ ਆਦਿਤਿਆਨਾਥ, ਕਾਂਗਰਸ ਨੇਤਾ ਰਾਹੁਲ ਗਾਂਧੀ, ਕੇਂਦਰੀ ਮੰਤਰੀ ਅਨੁਰਾਗ ਠਾਕੁਰ ਸਮੇਤ ਕਈ ਨੇਤਾਵਾਂ ਨੇ ਭਾਰਤ ਦੀ ਜਿੱਤ ਦੀ ਵਧਾਈ ਦਿੱਤੀ।






 


ਵਿਰਾਟ ਕੋਹਲੀ ਨੇ ਤੋੜਿਆ ਸਚਿਨ ਦਾ ਰਿਕਾਰਡ
ਵਿਰਾਟ ਕੋਹਲੀ ਤੇ ਸ਼੍ਰੇਅਸ ਅਈਅਰ ਨੇ ਨਿਊਜ਼ੀਲੈਂਡ ਨਾਲ ਵਿਸ਼ਵ ਕੱਪ ਸੈਮੀਫਾਈਨਲ 'ਚ ਸ਼ਾਨਦਾਰ ਸੈਂਕੜੇ ਲਗਾਏ। ਕੋਹਲੀ ਨੇ ਇਸ ਮੈਚ 'ਚ ਆਪਣਾ 50ਵਾਂ ਸੈਂਕੜਾ ਪੂਰਾ ਕੀਤਾ। ਇਹ ਸੈਂਕੜਾ ਲਗਾ ਕੇ ਕੋਹਲੀ ਨੇ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦੇ 49 ਸੈਂਕੜਿਆਂ ਦਾ ਰਿਕਾਰਡ ਤੋੜ ਦਿੱਤਾ ਹੈ। ਹੁਣ ਇੱਕ ਰੋਜ਼ਾ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਸਭ ਤੋਂ ਵੱਧ ਸੈਂਕੜੇ ਲਗਾਉਣ ਦਾ ਰਿਕਾਰਡ ਵਿਰਾਟ ਕੋਹਲੀ ਦੇ ਨਾਮ ਹੈ।