India vs New Zealand World Cup 2023: ਵਿਸ਼ਵ ਕੱਪ 2023 ਦੇ ਪਹਿਲੇ ਸੈਮੀਫਾਈਨਲ ਵਿੱਚ ਭਾਰਤ ਨੇ ਨਿਊਜ਼ੀਲੈਂਡ ਨੂੰ 70 ਦੌੜਾਂ ਨਾਲ ਹਰਾਇਆ ਹੈ। ਟੀਮ ਇੰਡੀਆ ਨੇ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਨਿਊਜ਼ੀਲੈਂਡ ਨੂੰ ਹਰਾ ਕੇ 2019 ਦਾ ਬਦਲਾ ਲੈ ਲਿਆ ਹੈ। ਨਿਊਜ਼ੀਲੈਂਡ ਨੇ 2019 ਦੇ ਸੈਮੀਫਾਈਨਲ ਵਿੱਚ ਭਾਰਤ ਨੂੰ ਹਰਾਇਆ ਸੀ। ਟੀਮ ਇੰਡੀਆ ਹੁਣ ਵਨਡੇ ਵਿਸ਼ਵ ਕੱਪ ਦੇ ਤੀਜੇ ਖਿਤਾਬ ਤੋਂ ਸਿਰਫ਼ ਇੱਕ ਕਦਮ ਦੂਰ ਹੈ। ਭਾਰਤ ਨੇ 1983 ਤੇ 2011 ਵਿੱਚ ਖਿਤਾਬ ਜਿੱਤਿਆ ਸੀ। ਹੁਣ ਫਿਰ ਭਾਰਤੀ ਕਪਤਾਨ ਰੋਹਿਤ ਸ਼ਰਮਾ ਇਤਿਹਾਸ ਰਚਣ ਦੇ ਕਰੀਬ ਹਨ।
ਦਰਅਸਲ, ਨਿਊਜ਼ੀਲੈਂਡ ਨੇ 2019 ਵਿੱਚ ਮਾਨਚੈਸਟਰ ਵਿੱਚ ਵਿਸ਼ਵ ਕੱਪ ਦੇ ਸੈਮੀਫਾਈਨਲ ਵਿੱਚ ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਭਾਰਤੀ ਟੀਮ ਨੂੰ ਹਰਾਇਆ ਸੀ ਪਰ ਹੁਣ ਰੋਹਿਤ ਨੇ ਉਸ ਨੂੰ ਸੈਮੀਫਾਈਨਲ 'ਚ ਹਰਾ ਕੇ ਬਦਲਾ ਲੈ ਲਿਆ। ਟੀਮ ਇੰਡੀਆ ਵਨਡੇ ਵਿਸ਼ਵ ਕੱਪ ਦੇ ਤੀਜੇ ਖਿਤਾਬ ਤੋਂ ਸਿਰਫ਼ ਇੱਕ ਕਦਮ ਦੂਰ ਹੈ। ਭਾਰਤ ਨੇ 1983 ਵਿੱਚ ਕਪਿਲ ਦੇਵ ਦੀ ਕਪਤਾਨੀ ਵਿੱਚ ਖ਼ਿਤਾਬ ਜਿੱਤਿਆ ਸੀ। ਇਸ ਤੋਂ ਬਾਅਦ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ 'ਚ 2011 'ਚ ਖਿਤਾਬ ਜਿੱਤਿਆ। ਇਸ ਵਿਸ਼ਵ ਕੱਪ ਦਾ ਦੂਜਾ ਸੈਮੀਫਾਈਨਲ ਆਸਟਰੇਲੀਆ ਤੇ ਦੱਖਣੀ ਅਫਰੀਕਾ ਵਿਚਾਲੇ ਖੇਡਿਆ ਜਾਵੇਗਾ। ਇਸ ਵਿੱਚ ਜਿੱਤਣ ਵਾਲੀ ਟੀਮ ਫਾਈਨਲ ਵਿੱਚ ਭਾਰਤ ਨਾਲ ਭਿੜੇਗੀ।
ਮੁੰਬਈ 'ਚ ਖੇਡੇ ਗਏ ਪਹਿਲੇ ਸੈਮੀਫਾਈਨਲ 'ਚ ਟੀਮ ਇੰਡੀਆ ਨੇ 50 ਓਵਰਾਂ 'ਚ 4 ਵਿਕਟਾਂ ਦੇ ਨੁਕਸਾਨ 'ਤੇ 397 ਦੌੜਾਂ ਬਣਾਈਆਂ। ਇਸ ਦੌਰਾਨ ਵਿਰਾਟ ਕੋਹਲੀ ਨੇ ਆਪਣੇ ਵਨਡੇ ਕਰੀਅਰ ਦਾ 50ਵਾਂ ਸੈਂਕੜਾ ਲਾਇਆ। ਉਸ ਨੇ 113 ਗੇਂਦਾਂ ਦਾ ਸਾਹਮਣਾ ਕਰਦੇ ਹੋਏ 117 ਦੌੜਾਂ ਬਣਾਈਆਂ। ਉਥੇ ਹੀ ਸ਼੍ਰੇਅਸ ਅਈਅਰ ਨੇ 70 ਗੇਂਦਾਂ 'ਚ 105 ਦੌੜਾਂ ਬਣਾਈਆਂ। ਅਈਅਰ ਨੇ 8 ਛੱਕੇ ਤੇ 4 ਚੌਕੇ ਲਗਾਏ। ਸ਼ੁਭਮਨ ਗਿੱਲ ਨੇ ਅਜੇਤੂ 80 ਦੌੜਾਂ ਬਣਾਈਆਂ। ਜਵਾਬ 'ਚ ਨਿਊਜ਼ੀਲੈਂਡ ਦੀ ਟੀਮ 327 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਭਾਰਤ ਲਈ ਗੇਂਦਬਾਜ਼ੀ ਕਰਦੇ ਹੋਏ ਮੁਹੰਮਦ ਸ਼ਮੀ ਨੇ 7 ਵਿਕਟਾਂ ਲਈਆਂ।
ਭਾਰਤ ਨੇ ਵਿਸ਼ਵ ਕੱਪ 2023 ਵਿੱਚ ਕੁੱਲ 9 ਮੈਚ ਖੇਡੇ ਤੇ ਸਾਰੇ ਹੀ ਜਿੱਤੇ। ਇਸ ਤੋਂ ਬਾਅਦ ਉਸ ਨੇ ਸੈਮੀਫਾਈਨਲ ਵੀ ਜਿੱਤ ਲਿਆ। ਇਸ ਤਰ੍ਹਾਂ 10 ਵਿੱਚੋਂ 10 ਮੈਚ ਜਿੱਤੇ। ਹੁਣ ਉਹ 19 ਨਵੰਬਰ ਨੂੰ ਅਹਿਮਦਾਬਾਦ ਵਿੱਚ ਫਾਈਨਲ ਮੈਚ ਖੇਡਣਗੇ।