IND vs NZ: ਭਾਰਤੀ ਟੀਮ ਨੇ ਸੈਮੀਫਾਈਨਲ 'ਚ ਨਿਊਜ਼ੀਲੈਂਡ ਨੂੰ 70 ਦੌੜਾਂ ਨਾਲ ਹਰਾ ਕੇ ਵਨਡੇ ਵਿਸ਼ਵ ਕੱਪ 2023 ਦੇ ਫਾਈਨਲ 'ਚ ਪ੍ਰਵੇਸ਼ ਕਰ ਲਿਆ ਹੈ। ਭਾਰਤ ਦੀ ਇਸ ਇਤਿਹਾਸਕ ਜਿੱਤ ਵਿੱਚ ਵਿਰਾਟ ਕੋਹਲੀ, ਸ਼੍ਰੇਅਸ ਅਈਅਰ ਅਤੇ ਮੁਹੰਮਦ ਸ਼ਮੀ ਦਾ ਅਹਿਮ ਯੋਗਦਾਨ ਰਿਹਾ। ਕੋਹਲੀ ਅਤੇ ਅਈਅਰ ਨੇ ਬੱਲੇਬਾਜ਼ੀ 'ਚ ਸੈਂਕੜੇ ਲਗਾਏ, ਜਦਕਿ ਸ਼ਮੀ ਨੇ ਗੇਂਦਬਾਜ਼ੀ 'ਚ ਸੱਤ ਵਿਕਟਾਂ ਲਈਆਂ। ਨਿਊਜ਼ੀਲੈਂਡ ਨੇ 2019 ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਭਾਰਤ ਨੂੰ ਹਰਾਇਆ ਸੀ। ਇਸ ਤਰ੍ਹਾਂ ਭਾਰਤ ਨੇ ਚਾਰ ਸਾਲ ਪਹਿਲਾਂ ਮਿਲੀ ਹਾਰ ਦਾ ਬਦਲਾ ਲੈ ਲਿਆ।


ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਟੀਮ ਇੰਡੀਆ ਨੇ 50 ਓਵਰਾਂ 'ਚ 5 ਵਿਕਟਾਂ 'ਤੇ 397 ਦੌੜਾਂ ਬਣਾਈਆਂ। ਪਹਿਲੀ ਪਾਰੀ ਤੋਂ ਬਾਅਦ ਅਜਿਹਾ ਲੱਗ ਰਿਹਾ ਸੀ ਕਿ ਟੀਮ ਇੰਡੀਆ ਆਸਾਨੀ ਨਾਲ ਮੈਚ ਜਿੱਤ ਲਵੇਗੀ ਪਰ ਟੀਚੇ ਦਾ ਪਿੱਛਾ ਕਰਨ ਉਤਰੀ ਨਿਊਜ਼ੀਲੈਂਡ ਵੀ ਅਖੀਰ ਤੱਕ ਡਟੀ ਰਹੀ। ਡੇਰਿਲ ਮਿਸ਼ੇਲ ਨੇ ਨਿਊਜ਼ੀਲੈਂਡ ਦੀਆਂ ਉਮੀਦਾਂ ਨੂੰ ਅੰਤ ਤੱਕ ਬਰਕਰਾਰ ਰੱਖਣ ਵਿੱਚ ਅਹਿਮ ਯੋਗਦਾਨ ਪਾਇਆ, ਜਿਨ੍ਹਾਂ ਨੇ 119 ਗੇਂਦਾਂ ਵਿੱਚ 9 ਚੌਕਿਆਂ ਅਤੇ 7 ਛੱਕਿਆਂ ਦੀ ਮਦਦ ਨਾਲ 134 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਹਾਲਾਂਕਿ ਉਨ੍ਹਾਂ ਦੀ ਇਹ ਪਾਰੀ ਟੀਮ ਦੇ ਕੰਮ ਨਹੀਂ ਆ ਸਕੀ।


ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਵਿਰਾਟ ਕੋਹਲੀ ਨੇ ਭਾਰਤ ਲਈ 117 ਦੌੜਾਂ ਦੀ ਸਭ ਤੋਂ ਵੱਡੀ ਪਾਰੀ ਖੇਡੀ, ਜੋ ਉਨ੍ਹਾਂ ਦੇ ਵਨਡੇ ਕਰੀਅਰ ਦਾ 50ਵਾਂ ਸੈਂਕੜਾ ਸੀ। ਇਸ ਤੋਂ ਇਲਾਵਾ ਸ਼੍ਰੇਅਸ ਅਈਅਰ ਨੇ 105 ਦੌੜਾਂ ਬਣਾਈਆਂ। ਸ਼ੁਭਮਨ ਗਿੱਲ ਨੇ 80 ਦੌੜਾਂ ਬਣਾ ਕੇ ਅਹਿਮ ਯੋਗਦਾਨ ਪਾਇਆ। ਹਰ ਵਾਰ ਦੀ ਤਰ੍ਹਾਂ ਰੋਹਿਤ ਸ਼ਰਮਾ ਨੇ ਚੰਗੀ ਸ਼ੁਰੂਆਤ ਦਿੱਤੀ ਅਤੇ 29 ਗੇਂਦਾਂ 'ਤੇ 47 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ।


398 ਦੌੜਾਂ ਦੇ ਵੱਡੇ ਟੀਚੇ ਦਾ ਪਿੱਛਾ ਕਰਦੇ ਹੋਏ ਨਿਊਜ਼ੀਲੈਂਡ ਨੇ 2 ਵਿਕਟਾਂ ਜਲਦੀ ਗੁਆ ਦਿੱਤੀਆਂ। ਹਾਲਾਂਕਿ ਇਸ ਦੇ ਬਾਵਜੂਦ ਨਿਊਜ਼ੀਲੈਂਡ ਨੇ ਇਹ ਮਹਿਸੂਸ ਨਹੀਂ ਹੋਣ ਦਿੱਤਾ ਕਿ ਮੈਚ ਪੂਰੀ ਤਰ੍ਹਾਂ ਭਾਰਤ ਦੇ ਕੰਟਰੋਲ 'ਚ ਹੈ। ਕੀਵੀ ਟੀਮ ਨੂੰ ਸ਼ੁਰੂਆਤੀ ਦੋਵੇਂ ਝਟਕੇ ਮੁਹੰਮਦ ਸ਼ਮੀ ਨੇ ਦਿੱਤੇ, ਜਿਨ੍ਹਾਂ ਨੇ ਛੇਵੇਂ ਓਵਰ ਦੀ ਪਹਿਲੀ ਗੇਂਦ 'ਤੇ ਡੇਵੋਨ ਕੌਨਵੇ (13) ਅਤੇ 8ਵੇਂ ਓਵਰ ਦੀ ਚੌਥੀ ਗੇਂਦ 'ਤੇ ਰਚਿਨ ਰਵਿੰਦਰਾ (13) ਨੂੰ ਪੈਵੇਲੀਅਨ ਦਾ ਰਸਤਾ ਦਿਖਾਇਆ। 


ਇਹ ਵੀ ਪੜ੍ਹੋ: Pakistan: PCB ਨੇ ਕੀਤਾ ਪਾਕਿਸਤਾਨ ਦੇ ਨਵੇਂ ਕਪਤਾਨਾਂ ਦਾ ਐਲਾਨ, ਸ਼ਾਹੀਨ ਅਫਰੀਦੀ ਨੂੰ ਟੀ-20 ਅਤੇ ਸ਼ਾਨ ਮਸੂਦ ਨੂੰ ਟੈਸਟ ਟੀਮ ਦੀ ਸੌਂਪੀ ਕਮਾਨ


ਦੋ ਵਿਕਟਾਂ ਜਲਦੀ ਡਿੱਗਣ ਤੋਂ ਬਾਅਦ ਕਪਤਾਨ ਕੇਨ ਵਿਲੀਅਮਸਨ ਅਤੇ ਡੇਰਿਲ ਮਿਸ਼ੇਲ ਨੇ ਤੀਜੇ ਵਿਕਟ ਲਈ 149 ਗੇਂਦਾਂ ਵਿੱਚ 181 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਖਿੜਦੀ ਸਾਂਝੇਦਾਰੀ ਨੂੰ ਮੁਹੰਮਦ ਸ਼ਮੀ ਨੇ 33ਵੇਂ ਓਵਰ ਦੀ ਦੂਜੀ ਗੇਂਦ 'ਤੇ ਕੀਵੀ ਕਪਤਾਨ ਕੇਨ ਵਿਲੀਅਮਸਨ ਦੀ ਵਿਕਟ ਦੇ ਕੇ ਤੋੜਿਆ। ਵਿਲੀਅਮਸਨ ਨੇ 73 ਗੇਂਦਾਂ 'ਚ 9 ਚੌਕਿਆਂ ਅਤੇ 1 ਛੱਕੇ ਦੀ ਮਦਦ ਨਾਲ 69 ਦੌੜਾਂ ਦੀ ਪਾਰੀ ਖੇਡੀ। ਸ਼ਮੀ ਇੱਥੇ ਹੀ ਨਹੀਂ ਰੁਕੇ ਅਤੇ ਓਵਰ ਦੀ ਚੌਥੀ ਗੇਂਦ 'ਤੇ ਟੌਮ ਲਾਥਮ ਨੂੰ ਬਿਨਾਂ ਖਾਤਾ ਖੋਲ੍ਹੇ ਪੈਵੇਲੀਅਨ ਭੇਜ ਦਿੱਤਾ।


ਨਿਊਜ਼ੀਲੈਂਡ ਦੇ 220 ਦੌੜਾਂ 'ਤੇ ਚਾਰ ਵਿਕਟਾਂ ਗੁਆਉਣ ਤੋਂ ਬਾਅਦ ਇਕ ਵਾਰ ਫਿਰ ਭਾਰਤ ਦਾ ਹੱਥ ਸੀ। ਪਰ ਪੰਜਵੇਂ ਵਿਕਟ ਲਈ ਡੇਰਿਲ ਮਿਸ਼ੇਲ ਨੇ ਗਲੇਨ ਫਿਲਿਪਸ ਨਾਲ ਸਾਂਝੇਦਾਰੀ ਕਰਨੀ ਸ਼ੁਰੂ ਕਰ ਦਿੱਤੀ, ਜਿਸ ਨਾਲ ਇਕ ਵਾਰ ਫਿਰ ਭਾਰਤੀ ਟੀਮ ਦਾ ਤਣਾਅ ਵਧ ਗਿਆ। ਫਿਲਿਪਸ ਅਤੇ ਮਿਸ਼ੇਲ ਨੇ ਪੰਜਵੀਂ ਵਿਕਟ ਲਈ 75 ਦੌੜਾਂ (61 ਗੇਂਦਾਂ) ਦੀ ਸਾਂਝੇਦਾਰੀ ਕੀਤੀ, ਜਿਸ ਨੂੰ ਜਸਪ੍ਰੀਤ ਬੁਮਰਾਹ ਨੇ 43ਵੇਂ ਓਵਰ ਵਿੱਚ ਫਿਲਿਪਸ ਦਾ ਵਿਕਟ ਲੈ ਕੇ ਤੋੜਿਆ ਅਤੇ ਟੀਮ ਨੂੰ ਰਿਲੈਰਸ ਫੀਲ ਕਰਵਾਇਆ। ਇਸ ਤੋਂ ਬਾਅਦ 44ਵੇਂ ਓਵਰ ਵਿੱਚ ਕੁਲਦੀਪ ਯਾਦਵ ਨੇ ਮਾਰਕ ਚੈਂਪਮੈਨ (02) ਨੂੰ ਪੈਵੇਲੀਅਨ ਭੇਜਿਆ।


ਫਿਰ ਟੀਮ ਨੂੰ ਵੱਡੀ ਰਾਹਤ ਦਿੰਦਿਆਂ ਹੋਇਆਂ ਮੁਹੰਮਦ ਸ਼ਮੀ ਨੇ ਸੈਂਕੜਾ ਬਣਾਉਣ ਤੋਂ ਬਾਅਦ ਖੇਡ ਰਹੇ ਡੇਰਿਲ ਮਿਸ਼ੇਲ ਨੂੰ ਆਊਟ ਕੀਤਾ। ਸ਼ਮੀ ਨੇ 46ਵੇਂ ਓਵਰ 'ਚ ਮਿਸ਼ੇਲ ਨੂੰ ਆਊਟ ਕੀਤਾ, ਜੋ 134 ਦੌੜਾਂ ਦੀ ਪਾਰੀ ਖੇਡ ਕੇ ਪੈਵੇਲੀਅਨ ਪਰਤ ਗਏ। ਮੈਚ ਵਿੱਚ ਸ਼ਮੀ ਦਾ ਇਹ ਪੰਜਵਾਂ ਵਿਕਟ ਸੀ। ਇਸ ਤੋਂ ਬਾਅਦ 48ਵੇਂ ਓਵਰ 'ਚ ਮਿਸ਼ੇਲ ਸੈਂਟਨਰ 09 ਦੌੜਾਂ 'ਤੇ ਮੁਹੰਮਦ ਸਿਰਾਜ ਦੀ ਗੇਂਦ 'ਤੇ, 49ਵੇਂ ਓਵਰ 'ਚ ਟਿਮ ਸਾਊਥੀ 09 ਦੌੜਾਂ 'ਤੇ ਮੁਹੰਮਦ ਸ਼ਮੀ ਦਾ ਸ਼ਿਕਾਰ ਹੋ ਗਏ ਅਤੇ 49ਵੇਂ ਓਵਰ 'ਚ ਲੌਕੀ ਫਰਗੂਸਨ ਵੀ 06 ਦੌੜਾਂ 'ਤੇ ਸ਼ਮੀ ਦਾ ਸ਼ਿਕਾਰ ਹੋ ਗਏ।


ਇਦਾਂ ਰਹੀ ਭਾਰਤੀ ਦੀ ਗੇਂਦਬਾਜ਼ੀ


ਭਾਰਤ ਲਈ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਸਭ ਤੋਂ ਵੱਧ 7 ਵਿਕਟਾਂ ਲਈਆਂ। ਇਸ ਦੌਰਾਨ ਉਨ੍ਹਾਂ ਨੇ 9.5 ਓਵਰਾਂ 'ਚ 57 ਦੌੜਾਂ ਦਿੱਤੀਆਂ। ਇਸ ਤੋਂ ਇਲਾਵਾ ਸਿਰਾਜ, ਬੁਮਰਾਹ ਅਤੇ ਕੁਲਦੀਪ ਯਾਦਵ ਨੂੰ 1-1 ਸਫਲਤਾ ਮਿਲੀ।


ਇਹ ਵੀ ਪੜ੍ਹੋ: World Cup 2023: ਮੁਹੰਮਦ ਸ਼ਮੀ ਨੇ ਆਪਣੇ ਨਾਂ ਕੀਤਾ ਵੱਡਾ ਰਿਕਾਰਡ, ਵਿਸ਼ਵ ਕੱਪ 'ਚ 50 ਵਿਕਟਾਂ ਲੈਣ ਵਾਲੇ ਬਣੇ ਪਹਿਲੇ ਭਾਰਤੀ ਗੇਂਦਬਾਜ਼