ਨਵੀਂ ਦਿੱਲੀ : ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚਾਲੇ ਪੰਜ ਮੈਚਾਂ ਦੀ ਟੀ-20 ਸੀਰੀਜ਼ ਦਾ ਤੀਜਾ ਮੈਚ ਅੱਜ ਵਿਸ਼ਾਖਾਪਟਨਮ 'ਚ ਖੇਡਿਆ ਜਾਣਾ ਹੈ। ਭਾਰਤੀ ਟੀਮ ਨੂੰ ਪਹਿਲੇ 2 ਮੈਚਾਂ 'ਚ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਜੇਕਰ ਭਾਰਤ ਇਹ ਮੈਚ ਹਾਰ ਜਾਂਦਾ ਹੈ ਤਾਂ ਭਾਰਤ ਸੀਰੀਜ਼ ਵੀ ਹਾਰ ਜਾਵੇਗਾ। ਅਜਿਹੇ 'ਚ ਰਿਸ਼ਭ ਪੰਤ ਦੀ ਅਗਵਾਈ ਵਾਲੀ ਟੀਮ ਤੀਜਾ ਮੈਚ ਜਿੱਤ ਕੇ ਸੀਰੀਜ਼ 'ਚ ਬਣੇ ਰਹਿਣਾ ਚਾਹੇਗੀ।


ਰਿਤੂਰਾਜ ਦੀ ਫਾਰਮ ਚਿੰਤਾ ਦਾ ਵਿਸ਼ਾ


ਟੀਮ ਇੰਡੀਆ ਤਿੰਨੇ ਵਿਭਾਗਾਂ 'ਚ ਸੰਘਰਸ਼ ਕਰ ਰਹੀ ਹੈ ਅਤੇ ਤੀਜੇ ਮੈਚ 'ਚ ਉਨ੍ਹਾਂ ਨੂੰ ਇਨ੍ਹਾਂ ਕਮਜ਼ੋਰੀਆਂ ਨੂੰ ਦੂਰ ਕਰਨਾ ਹੋਵੇਗਾ। ਪਹਿਲੇ ਮੈਚ 'ਚ ਭਾਰਤੀ ਟੀਮ ਖਰਾਬ ਗੇਂਦਬਾਜ਼ੀ ਕਾਰਨ ਹਾਰ ਗਈ ਸੀ, ਫਿਰ ਦੂਜੇ ਮੈਚ 'ਚ ਬੱਲੇਬਾਜ਼ਾਂ ਨੇ ਨਿਰਾਸ਼ ਕੀਤਾ। ਭਾਰਤੀ ਸਲਾਮੀ ਬੱਲੇਬਾਜ਼ ਅਜੇ ਤੱਕ ਪਾਵਰਪਲੇ 'ਚ ਚੰਗੀ ਸ਼ੁਰੂਆਤ ਦੇਣ 'ਚ ਨਾਕਾਮ ਰਹੇ ਹਨ। ਈਸ਼ਾਨ ਕਿਸ਼ਨ ਨੇ ਹੁਣ ਤੱਕ ਚੰਗਾ ਪ੍ਰਦਰਸ਼ਨ ਕੀਤਾ ਹੈ, ਪਰ ਰਿਤੂਰਾਜ ਗਾਇਕਵਾੜ ਸਿਰਫ਼ 24 ਦੌੜਾਂ ਹੀ ਬਣਾ ਸਕੇ ਹਨ।


ਸ਼੍ਰੇਅਸ ਅਈਅਰ ਨੇ ਚੰਗੀ ਸ਼ੁਰੂਆਤ ਕੀਤੀ ਹੈ, ਪਰ ਉਨ੍ਹਾਂ ਨੂੰ ਅਹਿਮ ਮੋੜ 'ਤੇ ਵਿਕਟਾਂ ਗੁਆਉਂਦੇ ਦੇਖਿਆ ਗਿਆ, ਜਿਸ ਨਾਲ ਅੱਗੇ ਬੱਲੇਬਾਜ਼ਾਂ 'ਤੇ ਦਬਾਅ ਬਣਿਆ। ਹਾਰਦਿਕ ਪੰਡਯਾ ਨੇ ਪਹਿਲੇ ਮੈਚ 'ਚ ਕੁਝ ਵਧੀਆ ਸ਼ਾਟ ਲਗਾਏ ਸਨ, ਪਰ ਉਹ ਕਟਕ ਦੀ ਵਿਕਟ 'ਤੇ ਨਹੀਂ ਚੱਲ ਸਕੇ। ਗੇਂਦਬਾਜ਼ੀ 'ਚ ਹਾਰਦਿਕ ਪੰਡਯਾ ਕਾਫੀ ਮਹਿੰਗੇ ਸਾਬਤ ਹੋ ਰਹੇ ਹਨ।


ਸਵਾਲਾਂ ਦੇ ਘੇਰੇ 'ਚ ਪੰਤ ਦੀ ਕਪਤਾਨੀ


ਕੇਐਲ ਰਾਹੁਲ ਦੇ ਜ਼ਖ਼ਮੀ ਹੋਣ ਕਾਰਨ ਕਪਤਾਨੀ ਸੰਭਾਲਣ ਵਾਲੇ ਰਿਸ਼ਭ ਪੰਤ ਨੇ ਹੁਣ ਤੱਕ 29 ਅਤੇ 5 ਦੌੜਾਂ ਬਣਾਈਆਂ ਹਨ। ਬਤੌਰ ਕਪਤਾਨ ਰਿਸ਼ਭ ਪੰਤ ਦੇ ਫ਼ੈਸਲਿਆਂ 'ਤੇ ਵੀ ਸਵਾਲ ਉੱਠ ਰਹੇ ਹਨ। ਦੂਜੇ ਮੈਚ 'ਚ ਦਿਨੇਸ਼ ਕਾਰਤਿਕ ਤੋਂ ਪਹਿਲਾਂ ਅਕਸ਼ਰ ਪਟੇਲ ਨੂੰ ਭੇਜਣ ਦਾ ਫ਼ੈਸਲਾ ਗਲਤ ਸਾਬਤ ਹੋਇਆ।







ਅਰਸ਼ਦੀਪ ਜਾਂ ਉਮਰਾਨ ਨੂੰ ਮਿਲੇਗਾ ਮੌਕਾ!


ਭੁਵਨੇਸ਼ਵਰ ਕੁਮਾਰ ਨੂੰ ਛੱਡ ਕੇ ਭਾਰਤੀ ਗੇਂਦਬਾਜ਼ ਵਿਕਟਾਂ ਲੈਣ 'ਚ ਨਾਕਾਮ ਰਹੇ ਹਨ। ਅਜਿਹੇ 'ਚ ਅਵੇਸ਼ ਖਾਨ ਦੀ ਜਗ੍ਹਾ ਤੇਜ਼ ਗੇਂਦਬਾਜ਼ ਉਮਰਾਨ ਮਲਿਕ ਜਾਂ ਅਰਸ਼ਦੀਪ ਸਿੰਘ ਨੂੰ ਇੰਟਰਨੈਸ਼ਨਲ ਡੈਬਿਊ ਦਾ ਮੌਕਾ ਮਿਲ ਸਕਦਾ ਹੈ, ਜਿਨ੍ਹਾਂ ਨੇ ਹੁਣ ਤੱਕ ਇਕ ਵੀ ਵਿਕਟ ਨਹੀਂ ਲਈ ਹੈ। ਸਪਿਨ ਗੇਂਦਬਾਜ਼ੀ 'ਚ ਯੁਜਵੇਂਦਰ ਚਾਹਲ ਅਤੇ ਅਕਸ਼ਰ ਪਟੇਲ ਦੀ ਸਪਿਨ ਜੋੜੀ ਨੇ ਹੁਣ ਤੱਕ ਨਿਰਾਸ਼ ਕੀਤਾ ਹੈ। ਅਜਿਹੇ 'ਚ ਟੀਮ ਮੈਨੇਜ਼ਮੈਂਟ ਇਨ੍ਹਾਂ ਦੋਵਾਂ 'ਚੋਂ ਕਿਸੇ ਇਕ ਖਿਡਾਰੀ ਨੂੰ ਬਾਹਰ ਕਰ ਕੇ ਤੀਜੇ ਮੈਚ 'ਚ ਨੌਜਵਾਨ ਲੈੱਗ ਸਪਿਨਰ ਰਵੀ ਬਿਸ਼ਨੋਈ ਨੂੰ ਸ਼ਾਮਲ ਕਰ ਸਕਦੀ ਹੈ।


ਦੋਵਾਂ ਟੀਮਾਂ ਦੇ ਸੰਭਾਵੀ ਪਲੇਇੰਗ ਇਲੈਵਨ


ਭਾਰਤ : ਈਸ਼ਾਨ ਕਿਸ਼ਨ, ਰਿਤੁਰਾਜ ਗਾਇਕਵਾੜ, ਸ਼੍ਰੇਅਸ ਅਈਅਰ, ਰਿਸ਼ਭ ਪੰਤ (C/W), ਹਾਰਦਿਕ ਪੰਡਯਾ, ਦਿਨੇਸ਼ ਕਾਰਤਿਕ, ਅਕਸ਼ਰ ਪਟੇਲ, ਹਰਸ਼ਲ ਪਟੇਲ, ਭੁਵਨੇਸ਼ਵਰ ਕੁਮਾਰ, ਯੁਜ਼ਵੇਂਦਰ ਚਾਹਲ, ਅਰਸ਼ਦੀਪ ਸਿੰਘ/ਉਮਰਾਨ ਮਲਿਕ।


ਦੱਖਣੀ ਅਫ਼ਰੀਕਾ : ਟੇਂਬਾ ਬਾਵੁਮਾ (ਸੀ), ਰੀਜ਼ਾ ਹੈਂਡਰਿਕਸ, ਡਵੇਨ ਪ੍ਰੀਟੋਰੀਅਸ, ਰਾਸੀ ਵੈਨ ਡੇਰ ਡੁਸੇਨ, ਹੇਨਰਿਕ ਕਲਾਸੇਨ (ਵਿਕਟਕੀਪਰ), ਡੇਵਿਡ ਮਿਲਰ, ਵੇਨ ਪਾਰਨੇਲ, ਕਾਗਿਸੋ ਰਬਾਡਾ, ਕੇਸ਼ਵ ਮਹਾਰਾਜ, ਐਨਰਿਕ ਨੋਰਕੀਆ, ਤਬਰੇਜ਼ ਸ਼ਮਸੀ।