IND vs SL ODI Match Preview: ਭਾਰਤ ਅਤੇ ਸ਼੍ਰੀਲੰਕਾ (IND vs SL) ਵਿਚਾਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਆਖਰੀ ਮੈਚ ਅੱਜ (15 ਜਨਵਰੀ) ਦੁਪਹਿਰ 1.30 ਵਜੇ ਸ਼ੁਰੂ ਹੋਵੇਗਾ। ਤਿਰੂਵਨੰਤਪੁਰਮ ਦੇ ਗ੍ਰੀਨਫੀਲਡ ਇੰਟਰਨੈਸ਼ਨਲ ਸਟੇਡੀਅਮ 'ਚ ਦੋਵੇਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਟੀਮ ਇੰਡੀਆ ਇਸ ਸੀਰੀਜ਼ ਦੇ ਸ਼ੁਰੂਆਤੀ ਦੋਵੇਂ ਮੈਚ ਜਿੱਤ ਕੇ ਪਹਿਲਾਂ ਹੀ 2-0 ਦੀ ਅਜੇਤੂ ਬੜ੍ਹਤ ਬਣਾ ਚੁੱਕੀ ਹੈ, ਇਸ ਲਈ ਉਸ ਕੋਲ ਇਸ ਮੈਚ 'ਚ ਆਪਣੀ ਬੈਂਚ ਸਟ੍ਰੈਂਥ ਅਜ਼ਮਾਉਣ ਦਾ ਚੰਗਾ ਮੌਕਾ ਹੈ। ਦੂਜੇ ਪਾਸੇ ਸ਼੍ਰੀਲੰਕਾ ਦੀ ਟੀਮ ਇੱਥੇ ਦਿਲਾਸਾ ਦੇਣ ਵਾਲੀ ਜਿੱਤ ਦਰਜ ਕਰਕੇ ਕਲੀਨ ਸਵੀਪ ਤੋਂ ਬਚਣਾ ਚਾਹੇਗੀ।
ਟੀਮ ਇੰਡੀਆ ਨੇ ਵਨਡੇ ਸੀਰੀਜ਼ ਦਾ ਪਹਿਲਾ ਮੈਚ 67 ਦੌੜਾਂ ਨਾਲ ਅਤੇ ਦੂਜਾ ਮੈਚ 4 ਵਿਕਟਾਂ ਨਾਲ ਜਿੱਤਿਆ ਸੀ। ਦੋਵੇਂ ਮੈਚਾਂ 'ਚ ਟੀਮ ਇੰਡੀਆ ਨੂੰ ਜਿੱਤ ਦਰਜ ਕਰਨ 'ਚ ਜ਼ਿਆਦਾ ਮੁਸ਼ਕਲ ਨਹੀਂ ਆਈ। ਤੀਜੇ ਮੈਚ ਵਿੱਚ ਵੀ ਭਾਰਤੀ ਟੀਮ ਦਾ ਬੋਲਬਾਲਾ ਨਜ਼ਰ ਆ ਰਿਹਾ ਹੈ। ਭਾਰਤੀ ਟੀਮ ਦੀ ਬੱਲੇਬਾਜ਼ੀ 'ਚ ਚੰਗੀ ਡੂੰਘਾਈ ਹੈ, ਉਥੇ ਹੀ ਗੇਂਦਬਾਜ਼ ਵੀ ਆਪਣਾ ਕੰਮ ਬਾਖੂਬੀ ਕਰ ਰਹੇ ਹਨ।
ਸੂਰਿਆ ਤੇ ਈਸ਼ਾਨ ਨੂੰ ਮਿਲ ਸਕਦੈ ਮੌਕਾ
ਟੀਮ ਇੰਡੀਆ ਇਸ ਮੈਚ 'ਚ ਯਕੀਨੀ ਤੌਰ 'ਤੇ ਆਪਣੀ ਬੈਂਚ ਸਟ੍ਰੈਂਥ ਅਜ਼ਮਾ ਸਕਦੀ ਹੈ। ਵਿਰਾਟ ਕੋਹਲੀ, ਰੋਹਿਤ ਸ਼ਰਮਾ ਅਤੇ ਮੁਹੰਮਦ ਸਿਰਾਜ ਸ਼ਨੀਵਾਰ ਨੂੰ ਅਭਿਆਸ ਕਰਦੇ ਨਜ਼ਰ ਨਹੀਂ ਆਏ। ਅਜਿਹੇ 'ਚ ਅੱਜ ਦੇ ਮੈਚ 'ਚ ਸੂਰਿਆਕੁਮਾਰ ਯਾਦਵ ਅਤੇ ਈਸ਼ਾਨ ਕਿਸ਼ਨ ਨੂੰ ਮੌਕਾ ਮਿਲਣਾ ਸੰਭਵ ਹੈ। ਯੁਜਵੇਂਦਰ ਚਾਹਲ ਨੂੰ ਇੱਥੇ ਮੌਕਾ ਮਿਲੇਗਾ ਜਾਂ ਨਹੀਂ, ਇਹ ਤਾਂ ਟਾਸ ਦੇ ਸਮੇਂ ਹੀ ਪਤਾ ਲੱਗੇਗਾ।
ਇਹ ਮੈਚ ਹੋਵੇਗਾ ਗ੍ਰੀਨਫੀਲਡ ਇੰਟਰਨੈਸ਼ਨਲ ਸਟੇਡੀਅਮ 'ਚ
ਤਿਰੂਵਨੰਤਪੁਰਮ ਦੀ ਪਿੱਚ 'ਤੇ ਇਹ ਦੂਜਾ ਵਨਡੇ ਅੰਤਰਰਾਸ਼ਟਰੀ ਮੈਚ ਹੋਵੇਗਾ। ਇਸ ਤੋਂ ਪਹਿਲਾਂ ਇਸ ਮੈਦਾਨ 'ਤੇ ਸਿਰਫ ਇਕ ਮੈਚ ਖੇਡਿਆ ਗਿਆ ਹੈ। ਉਸ ਮੈਚ 'ਚ ਭਾਰਤੀ ਗੇਂਦਬਾਜ਼ਾਂ ਨੇ ਵਿੰਡੀਜ਼ ਦੀ ਟੀਮ ਨੂੰ ਸਿਰਫ 104 ਦੌੜਾਂ 'ਤੇ ਆਲ ਆਊਟ ਕਰ ਦਿੱਤਾ ਸੀ। ਭਾਰਤੀ ਟੀਮ ਨੇ ਇਹ ਟੀਚਾ ਇੱਕ ਵਿਕਟ ਗੁਆ ਕੇ ਹਾਸਲ ਕਰ ਲਿਆ। ਇੱਥੇ ਦਿਨ ਦਾ ਤਾਪਮਾਨ 30 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹੇਗਾ, ਰਾਤ ਨੂੰ ਤਾਪਮਾਨ 'ਚ ਕੁਝ ਗਿਰਾਵਟ ਜ਼ਰੂਰ ਆਵੇਗੀ। ਮੈਚ ਦੌਰਾਨ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ।
ਇਸ ਤਰ੍ਹਾਂ ਹੋ ਸਕਦੀ ਹੈ ਦੋਵਾਂ ਟੀਮਾਂ ਦੀ ਪਲੇਇੰਗ-11
ਟੀਮ ਇੰਡੀਆ: ਸ਼ੁਭਮਨ ਗਿੱਲ, ਈਸ਼ਾਨ ਕਿਸ਼ਨ, ਸ਼੍ਰੇਅਸ ਅਈਅਰ, ਸੂਰਿਆਕੁਮਾਰ ਯਾਦਵ, ਕੇਐੱਲ ਰਾਹੁਲ, ਹਾਰਦਿਕ ਪੰਡਯਾ (ਕਪਤਾਨ), ਵਾਸ਼ਿੰਗਟਨ ਸੁੰਦਰ, ਕੁਲਦੀਪ ਯਾਦਵ, ਮੁਹੰਮਦ ਸ਼ਮੀ, ਉਮਰਾਨ ਮਲਿਕ, ਅਰਸ਼ਦੀਪ ਸਿੰਘ।
ਸ਼੍ਰੀਲੰਕਾ: ਪਥੁਮ ਨਿਸਾਂਕਾ, ਅਵਿਸ਼ਕਾ ਫਰਨਾਂਡੋ, ਕੁਸਲ ਮੈਂਡਿਸ, ਨੁਵਾਨਿੰਦੂ ਫਰਨਾਂਡੋ, ਧਨੰਜੈ ਡੀ'ਸਿਲਵਾ, ਦਾਸੁਨ ਸ਼ਨਾਕਾ (ਕਪਤਾਨ), ਵਾਨਿੰਦੂ ਹਸਾਰੰਗਾ, ਦੁਨਿਧ ਵੇਲਾਲਗੇ, ਚਮਿਕਾ ਕਰੁਣਾਰਤਨੇ, ਕਾਸੁਨ ਰਜਿਥਾ, ਲਾਹਿਰੂ ਕੁਮਾਰਾ।