Shubman Gill vs Babar Azam: ਵੈਸਟਇੰਡੀਜ਼ ਖਿਲਾਫ ਦੂਜੇ ਵਨਡੇ ਵਿੱਚ ਪੰਜਾਬੀ ਮੁੰਡਾ ਸ਼ੁਭਮਨ ਗਿੱਲ 49 ਗੇਂਦਾਂ ਵਿੱਚ 34 ਦੌੜਾਂ ਬਣਾ ਕੇ ਆਊਟ ਹੋ ਗਿਆ। ਆਪਣੀ 34 ਦੌੜਾਂ ਦੀ ਪਾਰੀ ਦੌਰਾਨ ਗਿੱਲ ਨੇ ਪਾਕਿਸਤਾਨੀ ਕਪਤਾਨ ਬਾਬਰ ਆਜ਼ਮ ਦਾ ਰਿਕਾਰਡ ਤੋੜ ਦਿੱਤਾ। ਦਰਅਸਲ ਵਨਡੇ 'ਚ ਗਿੱਲ ਦਾ ਇਹ 26ਵਾਂ ਮੈਚ ਸੀ। ਵਨਡੇ 'ਚ ਆਪਣੇ ਕਰੀਅਰ ਦੀਆਂ ਪਹਿਲੀਆਂ 26 ਪਾਰੀਆਂ ਤੋਂ ਬਾਅਦ ਗਿੱਲ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਬਣ ਗਿਆ ਹੈ। ਇਸ ਕਰਕੇ ਉਸ ਨੇ ਬਾਬਰ ਆਜ਼ਮ ਨੂੰ ਪਿੱਛੇ ਛੱਡ ਦਿੱਤਾ ਹੈ। 


ਦੱਸ ਦਈਏ ਕਿ ਬਾਬਰ ਨੇ ਆਪਣੇ ਵਨਡੇ ਕਰੀਅਰ ਦੀਆਂ ਪਹਿਲੀਆਂ 26 ਪਾਰੀਆਂ ਤੋਂ ਬਾਅਦ ਕੁੱਲ 1322 ਦੌੜਾਂ ਬਣਾਈਆਂ ਸਨ। ਇਸ ਦੇ ਨਾਲ ਹੀ ਸ਼ੁਭਮਨ ਗਿੱਲ ਨੇ 26 ਵਨਡੇ ਪਾਰੀਆਂ ਤੋਂ ਬਾਅਦ ਕੁੱਲ 1352 ਦੌੜਾਂ ਬਣਾਈਆਂ ਹਨ। ਯਾਨੀ ਗਿੱਲ ਨੇ ਬਾਬਰ ਨੂੰ ਪਿਛਾੜ ਕੇ ਸਾਬਤ ਕਰ ਦਿੱਤਾ ਹੈ ਕਿ ਆਉਣ ਵਾਲਾ ਸਮਾਂ ਉਸ ਦਾ ਹੀ ਹੈ।



ਇਸ ਮਾਮਲੇ 'ਚ ਤੀਜੇ ਨੰਬਰ 'ਤੇ ਜੋਨਾਥਨ ਟ੍ਰੌਟ ਹੈ, ਜਿਸ ਨੇ ਆਪਣੇ ਵਨਡੇ ਕਰੀਅਰ ਦੀਆਂ ਪਹਿਲੀਆਂ 26 ਪਾਰੀਆਂ ਤੋਂ ਬਾਅਦ 1303 ਦੌੜਾਂ ਬਣਾਈਆਂ। ਇਸ ਤੋਂ ਬਾਅਦ ਫਖਰ ਜ਼ਮਾਨ ਦਾ ਨੰਬਰ ਆਉਂਦਾ ਹੈ। ਜ਼ਮਾਨ ਨੇ ਆਪਣੀਆਂ ਪਹਿਲੀਆਂ 26 ਵਨਡੇ ਪਾਰੀਆਂ ਤੋਂ ਬਾਅਦ 1275 ਦੌੜਾਂ ਬਣਾਈਆਂ ਸਨ। ਇਸ ਨਾਲ ਪੰਜਵੇਂ ਨੰਬਰ 'ਤੇ ਵੈਨ ਡੇਰ ਡੁਸਨ ਹੈ, ਜਿਸ ਨੇ 26 ਵਨਡੇ ਪਾਰੀਆਂ ਤੋਂ ਬਾਅਦ ਕੁੱਲ 1267 ਦੌੜਾਂ ਬਣਾਈਆਂ।


ਵਨਡੇ ਕਰੀਅਰ ਦੀਆਂ ਪਹਿਲੀਆਂ 26 ਪਾਰੀਆਂ ਤੋਂ ਬਾਅਦ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ
ਸ਼ੁਭਮਨ ਗਿੱਲ - 1352 ਦੌੜਾਂ
ਬਾਬਰ ਆਜ਼ਮ - 1322 ਦੌੜਾਂ
ਜੋਨਾਥਨ ਟ੍ਰੌਟ - 1303 ਦੌੜਾਂ
ਫਖਰ ਜ਼ਮਾਨ - 1275 ਦੌੜਾਂ
ਰਾਸੀ ਵੈਨ ਡੇਰ ਡੁਸਨ - 1267 ਦੌੜਾਂ



ਵੈਸਟਇੰਡੀਜ਼ ਖਿਲਾਫ ਦੂਜੇ ਵਨਡੇ ਦੀ ਗੱਲ ਕਰੀਏ ਤਾਂ ਤੇਜ਼, ਉਛਾਲ ਤੇ ਟਰਨ ਲੈਣ ਵਾਲੀ ਪਿੱਚ 'ਤੇ ਭਾਰਤੀ ਬੱਲੇਬਾਜ਼ ਅਸਫਲ ਰਹੇ ਤੇ ਪੂਰੀ ਟੀਮ 40.5 ਓਵਰਾਂ 'ਚ 181 ਦੌੜਾਂ 'ਤੇ ਆਊਟ ਹੋ ਗਈ। ਜਵਾਬ ਵਿੱਚ ਵੈਸਟਇੰਡੀਜ਼ ਨੇ ਸ਼ਾਰਦੁਲ ਠਾਕੁਰ (8 ਓਵਰਾਂ ਵਿੱਚ 42 ਦੌੜਾਂ ਦੇ ਕੇ 3 ਵਿਕਟਾਂ) ਦੇ ਸ਼ਾਨਦਾਰ ਸਪੈੱਲ ਦੀ ਬਦੌਲਤ 36.4 ਓਵਰਾਂ ਵਿੱਚ ਚਾਰ ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ। 


ਵੈਸਟਇੰਡੀਜ਼ ਲਈ ਕਪਤਾਨ ਸ਼ਾਈ ਹੋਪ ਨੇ ਨਾਬਾਦ 63 ਤੇ ਕੇਸੀ ਕਾਰਟੀ ਨੇ ਨਾਬਾਦ 48 ਦੌੜਾਂ ਬਣਾਈਆਂ। ਦੋਵਾਂ ਨੇ ਪੰਜਵੀਂ ਵਿਕਟ ਲਈ 91 ਦੌੜਾਂ ਦੀ ਅਟੁੱਟ ਸਾਂਝੇਦਾਰੀ ਕੀਤੀ। ਹੁਣ ਸੀਰੀਜ਼ ਦਾ ਆਖਰੀ ਵਨਡੇ ਮੈਚ ਅੱਜ ਖੇਡਿਆ ਜਾਵੇਗਾ, ਜੋ ਵਨਡੇ ਸੀਰੀਜ਼ ਦਾ ਫੈਸਲਾਕੁੰਨ ਮੈਚ ਸਾਬਤ ਹੋਵੇਗਾ। ਭਾਰਤ ਨੇ ਪਹਿਲਾ ਵਨਡੇ 5 ਵਿਕਟਾਂ ਨਾਲ ਜਿੱਤ ਲਿਆ ਸੀ।