Australia vs India, 1st Test, Day 4: ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦਾ ਪਹਿਲਾ ਮੈਚ ਪਰਥ ਦੇ ਸਟੇਡੀਅਮ ਵਿੱਚ ਖੇਡਿਆ ਗਿਆ। ਇਸ ਮੈਚ ਵਿੱਚ ਭਾਰਤੀ ਟੀਮ ਨੇ 295 ਦੌੜਾਂ ਨਾਲ ਸ਼ਾਨਦਾਰ ਜਿੱਤ ਦਰਜ ਕੀਤੀ। ਮੈਚ 'ਚ ਮੇਜ਼ਬਾਨ ਆਸਟ੍ਰੇਲੀਆ ਕੋਲ ਜਿੱਤ ਲਈ 534 ਦੌੜਾਂ ਦਾ ਪਹਾੜ ਜਿਹਾ ਟੀਚਾ ਸੀ, ਜਿਸ ਦਾ ਪਿੱਛਾ ਕਰਨਾ ਲਗਭਗ ਅਸੰਭਵ ਸੀ। ਮੈਚ ਦੇ ਚੌਥੇ ਦਿਨ (25 ਨਵੰਬਰ) ਆਸਟ੍ਰੇਲੀਆਈ ਟੀਮ ਦੀ ਦੂਜੀ ਪਾਰੀ 238 ਦੌੜਾਂ 'ਤੇ ਹੀ ਸਿਮਟ ਗਈ।


ਇਸ ਜਿੱਤ ਦੇ ਨਾਲ ਹੀ ਭਾਰਤੀ ਟੀਮ ਨੇ ਟੈਸਟ ਸੀਰੀਜ਼ 'ਚ 1-0 ਦੀ ਬੜ੍ਹਤ ਬਣਾ ਲਈ ਹੈ। ਸੀਰੀਜ਼ ਦਾ ਦੂਜਾ ਮੈਚ ਐਡੀਲੇਡ 'ਚ 6 ਦਸੰਬਰ ਤੋਂ ਖੇਡਿਆ ਜਾਵੇਗਾ। ਆਸਟ੍ਰੇਲੀਆ ਦੀ ਧਰਤੀ 'ਤੇ ਇਹ ਭਾਰਤ ਦੀ ਸਭ ਤੋਂ ਵੱਡੀ ਜਿੱਤ ਸੀ। ਮੈਚ 'ਚ 8 ਵਿਕਟਾਂ ਲੈਣ ਵਾਲੇ ਜਸਪ੍ਰੀਤ ਬੁਮਰਾਹ 'ਪਲੇਅਰ ਆਫ ਦਿ ਮੈਚ' ਰਹੇ।


ਆਸਟ੍ਰੇਲੀਆ ਨੂੰ ਪਰਥ ਸਟੇਡੀਅਮ 'ਚ ਪਹਿਲੀ ਵਾਰ ਕਿਸੇ ਟੈਸਟ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸ ਤੋਂ ਪਹਿਲਾਂ ਆਸਟ੍ਰੇਲੀਆ ਨੇ ਇਸ ਮੈਦਾਨ 'ਤੇ ਚਾਰ ਮੈਚ ਖੇਡੇ ਸਨ, ਜਿਨ੍ਹਾਂ 'ਚ ਉਸ ਨੇ ਜਿੱਤ ਦਰਜ ਕੀਤੀ ਸੀ। 19 ਜਨਵਰੀ 2021 ਨੂੰ ਭਾਰਤ ਨੇ ਗਾਬਾ ਵਿਖੇ ਆਸਟ੍ਰੇਲੀਆ ਵਿਰੁੱਧ ਇਤਿਹਾਸਕ ਜਿੱਤ ਹਾਸਲ ਕੀਤੀ ਸੀ ਤੇ ਆਸਟ੍ਰੇਲੀਆ 31 ਸਾਲਾਂ ਬਾਅਦ ਉਸ ਮੈਦਾਨ 'ਤੇ ਟੈਸਟ ਮੈਚ ਹਾਰਿਆ ਸੀ। ਹੁਣ ਭਾਰਤੀ ਟੀਮ ਨੇ ਪਰਥ ਦੇ ਓਪਟਸ ਸਟੇਡੀਅਮ 'ਚ ਕੰਗਾਰੂਆਂ ਦਾ ਮਾਣ ਵੀ ਚਕਨਾਚੂਰ ਕਰ ਦਿੱਤਾ ਹੈ।