India vs West Indies test Players List: ਵੈਸਟਇੰਡੀਜ਼ ਵਿਰੁੱਧ ਦੋ ਮੈਚਾਂ ਦੀ ਟੈਸਟ ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਸ਼ੁਭਮਨ ਗਿੱਲ ਦੀ ਕਪਤਾਨੀ ਵਾਲੀ ਇਸ ਟੀਮ ਵਿੱਚ 15 ਮੈਂਬਰ ਹਨ। ਸਟਾਰ ਆਲਰਾਊਂਡਰ ਰਵਿੰਦਰ ਜਡੇਜਾ ਨੂੰ ਉਪ-ਕਪਤਾਨ ਬਣਾਇਆ ਗਿਆ ਹੈ। ਰੈਗੂਲਰ ਉਪ-ਕਪਤਾਨ ਰਿਸ਼ਭ ਪੰਤ ਇੰਗਲੈਂਡ ਦੌਰੇ ਦੌਰਾਨ ਜ਼ਖਮੀ ਹੋ ਗਏ ਸਨ ਤੇ ਅਜੇ ਪੂਰੀ ਤਰ੍ਹਾਂ ਫਿੱਟ ਨਹੀਂ ਹਨ। 

Continues below advertisement



ਬੀਸੀਸੀਆਈ ਨੇ ਵੀਰਵਾਰ ਨੂੰ ਦੁਬਈ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ ਟੀਮ ਦਾ ਐਲਾਨ ਕੀਤਾ। ਸੀਰੀਜ਼ ਦਾ ਪਹਿਲਾ ਮੈਚ 2 ਅਕਤੂਬਰ ਤੋਂ ਅਹਿਮਦਾਬਾਦ ਵਿੱਚ ਖੇਡਿਆ ਜਾਵੇਗਾ। ਦੂਜਾ ਟੈਸਟ 10 ਅਕਤੂਬਰ ਤੋਂ ਦਿੱਲੀ ਵਿੱਚ ਹੋਵੇਗਾ। ਚੋਣ ਕਮੇਟੀ ਦੇ ਚੇਅਰਮੈਨ ਅਜੀਤ ਅਗਰਕਰ ਨੇ ਟੀਮ ਦਾ ਐਲਾਨ ਕਰਦੇ ਹੋਏ ਕਿਹਾ ਕਿ ਪੰਤ ਦੇ ਦੱਖਣੀ ਅਫਰੀਕਾ ਵਿਰੁੱਧ ਘਰੇਲੂ ਟੈਸਟ (ਨਵੰਬਰ ਵਿੱਚ) ਲਈ ਉਪਲਬਧ ਹੋਣ ਦੀ ਉਮੀਦ ਹੈ।



ਭਾਰਤ ਵਿਸ਼ਵ ਟੈਸਟ ਚੈਂਪੀਅਨਸ਼ਿਪ ਵਿੱਚ ਤੀਜੇ ਸਥਾਨ 'ਤੇ 
ਭਾਰਤ ਤੇ ਵੈਸਟਇੰਡੀਜ਼ ਵਿਚਕਾਰ ਇਹ ਦੋ ਮੈਚਾਂ ਦੀ ਲੜੀ ਵਿਸ਼ਵ ਟੈਸਟ ਚੈਂਪੀਅਨਸ਼ਿਪ (WTC) 2025-27 ਦਾ ਹਿੱਸਾ ਹੈ। ਵਰਤਮਾਨ ਵਿੱਚ ਭਾਰਤ ਅੰਕ ਸੂਚੀ ਵਿੱਚ ਤੀਜੇ ਸਥਾਨ 'ਤੇ ਹੈ। ਭਾਰਤ ਨੇ ਹਾਲ ਹੀ ਵਿੱਚ ਇੰਗਲੈਂਡ ਵਿਰੁੱਧ ਪੰਜ ਮੈਚਾਂ ਦੀ ਟੈਸਟ ਸੀਰੀਜ਼ 2-2 ਨਾਲ ਡਰਾਅ ਕੀਤੀ ਹੈ। ਇਸ ਦੌਰਾਨ ਵੈਸਟ ਇੰਡੀਜ਼ ਹੁਣ ਤੱਕ ਖੇਡੇ ਗਏ ਸਾਰੇ ਤਿੰਨ ਮੈਚ ਹਾਰਨ ਤੋਂ ਬਾਅਦ ਛੇਵੇਂ ਸਥਾਨ 'ਤੇ ਹੈ। ਇਹ ਇਸ WTC ਸਰਕਲ ਵਿੱਚ ਭਾਰਤ ਦੀ ਪਹਿਲੀ ਘਰੇਲੂ ਸੀਰੀਜ਼ ਹੈ ਜਦੋਂਕਿ ਇਹ ਵੈਸਟ ਇੰਡੀਜ਼ ਦੀ ਪਹਿਲੀ ਵਿਦੇਸ਼ੀ ਸੀਰੀਜ਼ ਹੈ। ਵੈਸਟ ਇੰਡੀਜ਼ ਦੀ ਟੀਮ 7 ਸਾਲਾਂ ਬਾਅਦ ਟੈਸਟ ਸੀਰੀਜ਼ ਖੇਡਣ ਲਈ ਭਾਰਤ ਆ ਰਹੀ ਹੈ। ਵਿੰਡੀਜ਼ 2018 ਵਿੱਚ ਪਿਛਲੀ ਸੀਰੀਜ਼ 2-0 ਨਾਲ ਹਾਰ ਗਈ ਸੀ।


ਜਗਦੀਸਨ ਨੂੰ ਪਲੇਇੰਗ ਇਲੈਵਨ ਵਿੱਚ ਮੌਕਾ ਮਿਲੇਗਾ?


ਰੈਗੂਲਰ ਟੈਸਟ ਉਪ-ਕਪਤਾਨ ਰਿਸ਼ਭ ਪੰਤ ਦੀ ਗੈਰਹਾਜ਼ਰੀ ਵਿੱਚ ਧਰੁਵ ਜੁਰੇਲ ਵੈਸਟ ਇੰਡੀਜ਼ ਸੀਰੀਜ਼ ਵਿੱਚ ਭਾਰਤ ਦਾ ਮੁੱਖ ਵਿਕਟਕੀਪਰ ਹੋਵੇਗਾ। ਜੁਰੇਲ ਨੇ ਇੰਗਲੈਂਡ ਵਿਰੁੱਧ ਐਂਡਰਸਨ-ਤੇਂਦੁਲਕਰ ਟਰਾਫੀ ਦੇ ਆਖਰੀ ਦੋ ਟੈਸਟਾਂ ਵਿੱਚ ਵਿਕਟਕੀਪਿੰਗ ਕੀਤੀ ਸੀ। ਉਹ ਇਸ ਸਮੇਂ ਲਖਨਊ ਵਿੱਚ ਆਸਟ੍ਰੇਲੀਆ ਏ ਵਿਰੁੱਧ ਖੇਡ ਰਿਹਾ ਹੈ। ਐਨ ਜਗਦੀਸਨ, ਜਿਸ ਨੇ ਆਸਟ੍ਰੇਲੀਆ ਏ ਵਿਰੁੱਧ ਪਾਰੀ ਦੀ ਸ਼ੁਰੂਆਤ ਕੀਤੀ ਤੇ ਜੁਰੇਲ ਨਾਲ ਵਿਕਟਕੀਪਿੰਗ ਡਿਊਟੀਆਂ ਵੀ ਸਾਂਝੀਆਂ ਕੀਤੀਆਂ, ਨੂੰ ਬੈਕਅੱਪ ਵਿਕਟਕੀਪਰ ਵਜੋਂ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ।


ਕਰੁਣ ਨਾਇਰ ਤੇ ਅਭਿਮਨਿਊ ਈਸ਼ਵਰਨ ਹੋਏ ਬਾਹਰ 


ਕਰੁਣ ਨਾਇਰ ਤੇ ਸ਼ਾਰਦੁਲ ਠਾਕੁਰ ਜੋ ਇੰਗਲੈਂਡ ਦੌਰੇ ਲਈ ਟੀਮ ਦਾ ਹਿੱਸਾ ਸਨ, ਨੂੰ ਟੀਮ ਵਿੱਚੋਂ ਬਾਹਰ ਕਰ ਦਿੱਤਾ ਗਿਆ ਹੈ। ਅਭਿਮਨਿਊ ਈਸ਼ਵਰਨ ਨੂੰ ਵੀ ਟੀਮ ਵਿੱਚ ਸ਼ਾਮਲ ਨਹੀਂ ਕੀਤਾ ਗਿਆ।


ਨਿਤੀਸ਼ ਰੈੱਡੀ ਤੇ ਦੇਵਦੱਤ ਪਡਿੱਕਲ ਨੂੰ ਮੌਕਾ 


ਆਂਧਰਾ ਪ੍ਰਦੇਸ਼ ਦੇ ਨਿਤੀਸ਼ ਰੈੱਡੀ ਤੇ ਕਰਨਾਟਕ ਦੇ ਦੇਵਦੱਤ ਪਡਿੱਕਲ ਨੂੰ ਵੀ ਇਸ ਸੀਰੀਜ਼ ਲਈ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਪਡਿੱਕਲ ਹਾਲ ਹੀ ਵਿੱਚ ਆਸਟ੍ਰੇਲੀਆ ਏ ਵਿਰੁੱਧ ਆਪਣੀ 150 ਦੌੜਾਂ ਦੀ ਪਾਰੀ ਤੋਂ ਬਾਅਦ ਸੁਰਖੀਆਂ ਵਿੱਚ ਆਇਆ ਸੀ। ਉਸ ਨੇ ਪਿਛਲੇ ਸਾਲ ਆਸਟ੍ਰੇਲੀਆ ਵਿਰੁੱਧ ਪਰਥ ਟੈਸਟ ਵਿੱਚ ਤੀਜੇ ਨੰਬਰ 'ਤੇ ਬੱਲੇਬਾਜ਼ੀ ਕੀਤੀ ਸੀ ਅਤੇ 0 ਤੇ 25 ਸਕੋਰ ਬਣਾਏ ਸਨ। ਨਿਤੀਸ਼ ਸੱਤ ਟੈਸਟ ਖੇਡ ਚੁੱਕਾ ਹੈ ਤੇ ਇੱਕ ਆਲਰਾਊਂਡਰ ਵਜੋਂ ਮੁੱਖ ਭੂਮਿਕਾ ਨਿਭਾ ਸਕਦਾ ਹੈ।


 


ਵੈਸਟ ਇੰਡੀਜ਼ ਟੈਸਟ ਟੀਮ: ਰੋਸਟਨ ਚੇਜ਼ (ਕਪਤਾਨ), ਤੇਜਨਾਰੀਨ ਚੰਦਰਪਾਲ, ਬ੍ਰੈਂਡਨ ਕਿੰਗ, ਕੇਵੋਨ ਐਂਡਰਸਨ, ਸ਼ਾਈ ਹੋਪ, ਜੌਨ ਕੈਂਪਬੈਲ, ਐਲਿਕ ਏਥੇਨੇਸ, ਟੇਵਿਨ ਇਮਲਾਚ, ਜਸਟਿਨ ਗ੍ਰੀਵਜ਼, ਐਂਡਰਸਨ ਫਿਲਿਪ, ਅਲਜ਼ਾਰੀ ਜੋਸਫ਼, ਸ਼ਮਾਰ ਜੋਸਫ਼, ਜੈਡੇਨ ਸੀਲਸ, ਖੈਰੀ ਪੀਅਰੇ ਤੇ ਜੋਮੇਲ ਵਾਰਿਕਨ।